
ਜੇਡੀਯੂ ਦੇ ਸੰਸਦ ਮੈਂਬਰ ਹਰੀਵੰਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋ ਸਕਦੇ ਹਨ..................
ਨਵੀਂ ਦਿੱਲੀ : ਜੇਡੀਯੂ ਦੇ ਸੰਸਦ ਮੈਂਬਰ ਹਰੀਵੰਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋ ਸਕਦੇ ਹਨ। ਡਿਪਟੀ ਚੇਅਰਮੇਨ ਦੀ ਚੋਣ 9 ਅਗੱਸਤ ਨੂੰ ਸਵੇਰੇ 11 ਵਜੇ ਹੋਣੀ ਹੈ। ਇਹ ਐਲਾਨ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਇਆ ਨਾਇਡੂ ਨੇ ਕੀਤਾ। ਇਸ ਤੋਂ ਪਹਿਲਾਂ ਨਾਇਡੂ ਨੇ ਸੁਝਾਅ ਦਿਤਾ ਸੀ ਕਿ ਡਿਪਟੀ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ ਪਰ ਫ਼ਿਲਹਾਲ ਲਗਦਾ ਹੈ ਕਿ ਚੋਣ ਹੋ ਕੇ ਰਹੇਗੀ ਕਿਉਂਕਿ ਵਿਰੋਧੀ ਧਿਰ ਅਪਣਾ ਉਮੀਦਵਾਰ ਐਲਾਨ ਸਕਦੀ ਹੈ। ਨਾਮਜ਼ਦਗੀ ਕਾਗ਼ਜ਼ 8 ਅਗੱਸਤ ਨੂੰ ਦੁਪਹਿਰ ਤੋਂ ਪਹਿਲਾਂ ਦਾਖ਼ਲ ਕੀਤੇ ਜਾਣੇ ਹਨ।
ਇਹ ਅਹੁਦਾ ਇਸ ਸਾਲ ਜੂਨ ਤੋਂ ਖ਼ਾਲੀ ਪਿਆ ਹੈ ਕਿਉਂਕਿ ਪੀ ਜੇ ਕੁਰੀਅਨ ਜਿਹੜੇ ਕੇਰਲਾ ਤੋਂ ਕਾਂਗਰਸ ਦੀ ਟਿਕਟ 'ਤੇ ਰਾਜ ਸਭਾ ਲਈ ਚੁਣੇ ਗਏ ਸਨ, ਸੇਵਾਮੁਕਤੀ ਹੋ ਗਏ ਸਨ। ਉਧਰ, ਵਿਰੋਧੀ ਪਾਰਟੀਆਂ ਨੇ ਅਪਣੇ ਉਮੀਦਵਾਰ ਬਾਰੇ ਰਣਨੀਤੀ ਘੜਨ ਲਈ ਬੈਠਕ ਕੀਤੀ। ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ, ਸਮਾਜਵਾਦੀ ਪਾਰਟੀ ਦੇ ਆਗੂ ਗੋਪਾਲ ਯਾਦਵ, ਡੀਐਮਕੇ ਤਿਰੂਚਤੀ ਸਿਵਾ, ਬਸਪਾ ਦੇ ਸਤੀਸ਼ ਚੰਦਰਾ, ਐਨਸੀਪੀ ਦੇ ਪ੍ਰਫੂਲ ਪਟੇਲ, ਸੀਪੀਆਈ ਦੇ ਡੀ ਰਾਜਾ, ਟੀਐਮਸੀ ਦੇ ਡੇਰੇਕ ਓ ਬਰਾਇਨ, ਆਰਜੇਡੀ ਦੀ ਮੀਸਾ ਭਾਰਤੀ, ਸੀਪੀਐਮ ਦੇ ਟੀ ਕੇ ਰੰਗਾਰਾਜਨ ਅਤੇ ਟੀਡੀਪੀ ਦੇ ਸੀਐਮ ਰਮੇਸ਼ ਨੇ ਬੈਠਕ ਵਿਚ ਹਿੱਸਾ ਲਿਆ। (ਏਜੰਸੀ)