
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਬਿਆਨ ਕਾਰਨ ਨਿਸ਼ਾਨਾ ਬਣਾ ਲਿਆ................
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਬਿਆਨ ਕਾਰਨ ਨਿਸ਼ਾਨਾ ਬਣਾ ਲਿਆ। ਗਡਕਰੀ ਨੇ ਕਿਹਾ ਸੀ ਕਿ ਲੋਕਾਂ ਨੂੰ ਰਾਖਵਾਂਕਰਨ ਕਿਉਂ ਚਾਹੀਦਾ ਹੈ ਜਦ ਦੇਸ਼ ਵਿਚ ਨੌਕਰੀਆਂ ਹੀ ਨਹੀਂ ਹਨ। ਰਾਹੁਲ ਨੇ ਵਿਅੰਗ ਕਰਦਿਆਂ ਕਿਹਾ ਕਿ ਗਡਕਰੀ ਜੀ, ਤੁਸੀਂ ਬਿਲਕੁਲ ਠੀਕ ਸਵਾਲ ਪੁਛਿਆ ਹੈ। ਹਰ ਭਾਰਤੀ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਆਖ਼ਰ ਨੌਕਰੀਆਂ ਕਿਥੇ ਹਨ? ਕੇਂਦਰੀ ਮੰਤਰੀ ਨੇ ਕਿਸੇ ਸਮਾਗਮ ਵਿਚ ਕਿਹਾ ਕਿ ਜੇ ਰਾਖਵਾਂਕਰਨ ਦੇ ਦਿਤਾ ਜਾਂਦਾ ਹੈ ਤਾਂ ਵੀ ਫ਼ਾਇਦਾ ਨਹੀਂ ਹੋਣਾ ਕਿਉਂਕਿ ਨੌਕਰੀਆਂ ਹੀ ਨਹੀਂ ਹਨ। ਬੈਂਕ ਵਿਚ ਆਈਟੀ ਕਾਰਨ ਨੌਕਰੀਆਂ ਘੱਟ ਹੋਈਆਂ ਹਨ।
Nitin Gadkari
ਸਰਕਾਰੀ ਭਰਤੀਆਂ ਰੁਕੀਆਂ ਹੋਈਆਂ ਹਨ। ਨਿਤਿਨ ਗਡਕਰੀ ਨੇ ਆਰਥਕ ਆਧਾਰ 'ਤੇ ਰਾਖਵਾਂਕਰਨ ਵਲ ਇਸ਼ਾਰਾ ਕਰਦਿਆਂ ਕਿਹਾ ਕਿ ਇਕ 'ਸੋਚ' ਹੈ ਜੋ ਚਾਹੁੰਦੀ ਹੈ ਕਿ ਨੀਤੀ ਬਣਾਉਣ ਵਾਲੇ ਹਰ ਭਾਈਚਾਰੇ ਦੇ ਗ਼ਰੀਬਾਂ ਬਾਰੇ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਇਕ ਸੋਚ ਕਹਿੰਦੀ ਹੈ ਕਿ ਗ਼ਰੀਬ ਗ਼ਰੀਬ ਹੁੰਦਾ ਹੈ ਅਤੇ ਉਸ ਦੀ ਕੋਈ ਜਾਤ, ਪੰਥ ਜਾਂ ਭਾਸ਼ਾ ਨਹੀਂ ਹੁੰਦੀ।
ਉਸ ਦਾ ਕੋਈ ਵੀ ਧਰਮ ਹੋਵੇ, ਮੁਸਲਮਾਨ, ਹਿੰਦੂ ਜਾਂ ਮਰਾਠਾ (ਜਾਤੀ), ਸਾਰੇ ਭਾਈਚਾਰਿਆਂ ਵਿਚ ਇਕ ਧੜਾ ਹੈ ਜਿਸ ਕੋਲ ਪਹਿਨਣ ਲਈ ਕਪੜੇ ਨਹੀਂ ਹਨ, ਖਾਣ ਲਈ ਰੋਟੀ ਨਹੀਂ ਹੈ। ਬਿਆਨ 'ਤੇ ਵਿਵਾਦ ਖੜਾ ਹੋਣ ਤੋਂ ਬਾਅਦ ਗਡਕਰੀ ਨੇ ਸਫ਼ਾਈ ਵੀ ਦਿਤੀ। ਉਨ੍ਹਾਂ ਕਿਹਾ ਕਿ ਰਾਖਵੇਂਕਰਨ ਵਿਚ ਬਦਲਾਅ ਸਬੰਧੀ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। (ਏਜੰਸੀ)