
Delhi Elections Result 2025: ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ਹਿਰ ਦੇ 11 ਜ਼ਿਲ੍ਹਿਆਂ ਦੇ 19 ਗਿਣਤੀ ਸਟੇਸ਼ਨਾਂ ’ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ।
Delhi Elections Result 2025 Live Updates Latest News in punjabi : ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਹੋਵੇਗੀ, ਜਿਸ ’ਚ ਇਹ ਫ਼ੈਸਲਾ ਕੀਤਾ ਜਾਵੇਗਾ ਕਿ ਆਮ ਆਦਮੀ ਪਾਰਟੀ (ਆਪ) ਚੌਥੀ ਵਾਰ ਸੱਤਾ ’ਚ ਆਉਂਦੀ ਹੈ ਜਾਂ ਭਾਰਤੀ ਜਨਤਾ ਪਾਰਟੀ (ਭਾਜਪਾ) 26 ਸਾਲ ਤੋਂ ਵੱਧ ਸਮੇਂ ਬਾਅਦ ਕੌਮੀ ਰਾਜਧਾਨੀ ’ਚ ਸਰਕਾਰ ਬਣਾਉਂਦੀ ਹੈ।
ਪਿਛਲੀਆਂ ਦੋ ਚੋਣਾਂ ’ਚ ਇਕ ਵੀ ਖਾਲੀ ਥਾਂ ਨਾ ਮਿਲਣ ਤੋਂ ਬਾਅਦ ਕਾਂਗਰਸ ਵੀ ਕੁੱਝ ਫਾਇਦੇ ਦੀ ਭਾਲ ਕਰ ਰਹੀ ਹੈ। ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਸ਼ਹਿਰ ਦੇ 11 ਜ਼ਿਲ੍ਹਿਆਂ ਦੇ 19 ਗਿਣਤੀ ਸਟੇਸ਼ਨਾਂ ’ਤੇ ਸਵੇਰੇ 8 ਵਜੇ ਸ਼ੁਰੂ ਹੋਵੇਗੀ। ਸ਼ਾਹਦਰਾ, ਮੱਧ ਦਿੱਲੀ, ਪੂਰਬੀ, ਦਖਣੀ ਅਤੇ ਦੱਖਣ-ਪਛਮੀ ਜ਼ਿਲ੍ਹਿਆਂ ’ਚ ਇਕ -ਇਕ ਗਿਣਤੀ ਕੇਂਦਰ ਹੋਵੇਗਾ।
ਉੱਤਰੀ, ਪਛਮੀ , ਉੱਤਰ-ਪੂਰਬੀ ਅਤੇ ਦੱਖਣ-ਪੂਰਬੀ ਜ਼ਿਲ੍ਹਿਆਂ ’ਚ ਦੋ-ਦੋ ਗਿਣਤੀ ਕੇਂਦਰ ਹੋਣਗੇ, ਜਦਕਿ ਨਵੀਂ ਦਿੱਲੀ ਅਤੇ ਉੱਤਰ-ਪਛਮੀ ਜ਼ਿਲ੍ਹਿਆਂ ’ਚ ਤਿੰਨ-ਤਿੰਨ ਗਿਣਤੀ ਕੇਂਦਰ ਹੋਣਗੇ। ਚੋਣ ਕਮਿਸ਼ਨ ਮੁਤਾਬਕ ਬੁਧਵਾਰ ਨੂੰ 60.54 ਫੀ ਸਦੀ ਵੋਟਾਂ ਪਈਆਂ। ਦਿੱਲੀ ਭਾਜਪਾ ਦੇ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਲਗਭਗ 50 ਸੀਟਾਂ ਜਿੱਤੇਗੀ। ਆਮ ਆਦਮੀ ਪਾਰਟੀ (ਆਪ) ਨੇ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਉਹ ਅਪਣੇ ਕਨਵੀਨਰ ਕੇਜਰੀਵਾਲ ਦੇ ਚੌਥੀ ਵਾਰ ਮੁੱਖ ਮੰਤਰੀ ਬਣਨ ਨਾਲ ਦੁਬਾਰਾ ਸਰਕਾਰ ਬਣਾਏਗੀ। ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਸਨਿਚਰਵਾਰ ਨੂੰ 19 ਗਿਣਤੀ ਕੇਂਦਰਾਂ ਲਈ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਨ੍ਹਾਂ ’ਚ ਹਰੇਕ ਕੇਂਦਰ ’ਤੇ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਸਮੇਤ 10,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।
ਦੋ ਮੈਟਲ ਫਰੇਮ ਡਿਟੈਕਟਰ, ਹੈਂਡ ਹੈਲਡ ਮੈਟਲ ਡਿਟੈਕਟਰ ਅਤੇ ਐਕਸ-ਰੇ ਮਸ਼ੀਨਾਂ ਗਿਣਤੀ ਕੇਂਦਰਾਂ ਦੀ ਉਚਿਤ ਸੁਰੱਖਿਆ ਨੂੰ ਯਕੀਨੀ ਬਣਾਉਣਗੀਆਂ। ਸ੍ਰੀਵਾਸਤਵ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਪਹਿਲਾਂ ਹੀ ਸਾਰੇ ਗਿਣਤੀ ਕੇਂਦਰਾਂ ’ਤੇ ਭੰਨਤੋੜ ਰੋਕੂ ਜਾਂਚ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਕ ਵਧੀਕ ਡੀ.ਸੀ.ਪੀ. ਪੂਰੇ ਗਿਣਤੀ ਕੇਂਦਰ ਕਾਨੂੰਨ ਅਤੇ ਵਿਵਸਥਾ ਦੀ ਨਿਗਰਾਨੀ ਕਰੇਗਾ।
ਪੁਲਿਸ ਟੀਮਾਂ ਪਹਿਲਾਂ ਹੀ ਗਿਣਤੀ ਪ੍ਰਕਿਰਿਆ ਦੌਰਾਨ ਸ਼ਾਂਤੀ ਬਣਾਈ ਰੱਖਣ ਲਈ ਰਿਟਰਨਿੰਗ ਅਧਿਕਾਰੀਆਂ ਅਤੇ ਸਿਆਸੀ ਪਾਰਟੀ ਦੇ ਮੈਂਬਰਾਂ ਨਾਲ ਤਾਲਮੇਲ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਸੀਆਰ ਵੈਨਾਂ ਤਾਇਨਾਤ ਕੀਤੀਆਂ ਜਾਣਗੀਆਂ ਅਤੇ ਟਰੈਫਿਕ ਪੁਲਿਸ ਗੱਡੀਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਏਗੀ। ਰਾਜਧਾਨੀ ਦੇ ਸਾਰੇ 70 ਵਿਧਾਨ ਸਭਾ ਹਲਕਿਆਂ ਦੇ 13,766 ਸਟੇਸ਼ਨਾਂ ’ਤੇ ਬੁਧਵਾਰ ਨੂੰ ਵੋਟਿੰਗ ਹੋਈ। ਨਤੀਜੇ ਅੱਜ ਐਲਾਨੇ ਜਾਣਗੇ।