
ਕਿਹਾ, ਪੰਜਾਬ ’ਚ ਅਸੀਂ ਸਨਿਚਰਵਾਰ ਤੋਂ ਘਰ-ਘਰ ਰਾਸ਼ਨ ਪਹੁੰਚਾਉਣ ਜਾ ਰਹੇ ਹਾਂ, ਦਿੱਲੀ ’ਚ ਇਸ ਯੋਜਨਾ ’ਚ ਉਪ ਰਾਜਪਾਲ ਨੇ ਰੁਕਾਵਟ ਪਾਈ
Arvind Kejriwal: ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁਕਰਵਾਰ ਨੂੰ ਕਿਹਾ ਕਿ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਉਨ੍ਹਾਂ ਦੀ ਸਰਕਾਰ ਦਾ ਟੀਚਾ ਹੈ ਅਤੇ ਜਾਂਚ ਏਜੰਸੀਆਂ ਜਿੰਨੀ ਗਿਣਤੀ ’ਚ ਉਨ੍ਹਾਂ ਨੂੰ ਸੰਮਨ ਭੇਜਣਗੀਆਂ ਉਹ ਕੌਮੀ ਰਾਜਧਾਨੀ ’ਚ ਓਨੀ ਹੀ ਗਿਣਤੀ ’ਚ ਸਕੂਲ ਖੋਲ੍ਹਣਗੇ। ਮਯੂਰ ਵਿਹਾਰ ਫੇਜ਼-3 ’ਚ ਸਰਕਾਰੀ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਪਣੀਆਂ ਸਾਰੀਆਂ ਜਾਂਚ ਏਜੰਸੀਆਂ ਨੂੰ ਉਨ੍ਹਾਂ ਦੇ ਵਿਰੁਧ ਇਸ ਤਰ੍ਹਾਂ ਲਗਾਇਆ ਹੈ ਜਿਵੇਂ ਉਹ ਦੇਸ਼ ਦਾ ਸੱਭ ਤੋਂ ਵੱਡਾ ਅਤਿਵਾਦੀ ਹੋਵੇ। ਆਮ ਆਦਮੀ ਪਾਰਟੀ (ਆਪ) ਦੇ ਨੇਤਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਦਾਇਰ ਕੇਸ ਦੇ ਸਬੰਧ ’ਚ 17 ਫ਼ਰਵਰੀ ਨੂੰ ਦਿੱਲੀ ਦੀ ਇਕ ਅਦਾਲਤ ’ਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਕੇਜਰੀਵਾਲ ਪਹਿਲਾਂ ਹੀ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ (ਕਾਲੇ ਧਨ ਨੂੰ ਚਿੱਟਾ ਕਰਨ) ਦੇ ਮਾਮਲੇ ’ਚ ਪੁੱਛ-ਪੜਤਾਲ ਲਈ ਕੇਂਦਰੀ ਏਜੰਸੀ ਵਲੋਂ ਉਨ੍ਹਾਂ ਨੂੰ ਜਾਰੀ ਕੀਤੇ ਗਏ ਪੰਜ ਸੰਮਨ ਮੁਲਤਵੀ ਕਰ ਚੁਕੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾ ਕੇ ਇਕ ਪੀੜ੍ਹੀ ’ਚ ਗਰੀਬੀ ਖ਼ਤਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਇਸ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਸਕੂਲ ਖੋਲ੍ਹ ਰਹੀ ਹੈ। ਉਨ੍ਹਾਂ ਕਿਹਾ, ‘‘ਦਿੱਲੀ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਅਸੀਂ ਕਈ ਸ਼ਾਨਦਾਰ ਸਕੂਲ ਖੋਲ੍ਹੇ ਹਨ। ਹਾਲ ਹੀ ’ਚ, ਬੁਰਾੜੀ, ਰੋਹਿਨੀ ਅਤੇ ਪਾਲਮ ਸਮੇਤ ਕਈ ਨਵੇਂ ਸਕੂਲਾਂ ਦਾ ਉਦਘਾਟਨ ਕੀਤਾ ਗਿਆ ਸੀ ਜੋ ਲਗਭਗ ਡੇਢ ਲੱਖ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨਗੇ।’’
ਕੇਜਰੀਵਾਲ ਨੇ ਕਿਹਾ ਕਿ ਨਵੇਂ ਸਕੂਲਾਂ ’ਚ ਪ੍ਰਯੋਗਸ਼ਾਲਾ, ਲਾਇਬ੍ਰੇਰੀ ਅਤੇ ਗਤੀਵਿਧੀ ਕਮਰੇ ਸਮੇਤ ਸੱਭ ਤੋਂ ਵਧੀਆ ਬੁਨਿਆਦੀ ਢਾਂਚਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ। ਉਨ੍ਹਾਂ ਕਿਹਾ, ‘‘ਦੋ ਸਾਲ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਘਰ-ਘਰ ਰਾਸ਼ਨ ਪਹੁੰਚਾਉਣ ਦੀ ਯੋਜਨਾ ਦਾ ਪ੍ਰਸਤਾਵ ਰੱਖਿਆ ਸੀ ਪਰ ਕੇਂਦਰ ਨੇ ਇਸ ਦੀ ਇਜਾਜ਼ਤ ਨਹੀਂ ਦਿਤੀ। ਉਨ੍ਹਾਂ ਨੇ ਉਪ ਰਾਜਪਾਲ ਦੇ ਜ਼ਰੀਏ ਇਸ ’ਚ ਰੁਕਾਵਟ ਪਾਈ। ਪਰ ਅਸੀਂ ਸਨਿਚਰਵਾਰ ਤੋਂ ਪੰਜਾਬ ’ਚ ਘਰ-ਘਰ ਰਾਸ਼ਨ ਪਹੁੰਚਾਉਣ ਜਾ ਰਹੇ ਹਾਂ।’’
ਕੇਜਰੀਵਾਲ ਨੇ ਕਿਹਾ ਕਿ ਪੰਜਾਬ ’ਚ ਇਸ ਯੋਜਨਾ ਦੇ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਦਿੱਲੀ ’ਚ ਵੀ ਲਾਗੂ ਕੀਤਾ ਜਾ ਸਕਦਾ ਹੈ ਅਤੇ ਕੇਂਦਰ ਇਸ ਨੂੰ ਰੋਕ ਨਹੀਂ ਸਕੇਗਾ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਦਿੱਲੀ ਨੂੰ ਅੱਧਾ ਸੂਬਾ ਦੱਸ ਕੇ ‘ਆਪ’ ਸਰਕਾਰ ਦੇ ਕੰਮਕਾਜ ਵਿਚ ਕਈ ਰੁਕਾਵਟਾਂ ਪਾਈਆਂ ਹਨ। ਉਨ੍ਹਾਂ ਕਿਹਾ, ‘‘ਮੇਰਾ ਕਹਿਣਾ ਹੈ ਕਿ ਇਸ ਨੂੰ ਪੂਰਨ ਰਾਜ ਬਣਨ ਦਿਓ। ਪਰ ਉਹ ਕੁੱਝ ਨਹੀਂ ਕਰਦੇ ਅਤੇ ਮੈਨੂੰ ਅਜਿਹਾ ਨਹੀਂ ਕਰਨ ਦਿੰਦੇ।’’ ਕੇਜਰੀਵਾਲ ਨੇ ਅਫਸੋਸ ਜ਼ਾਹਰ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਦਿੱਲੀ ਵਿਚ ਲੋਕਾਂ ਨੂੰ ਕਥਿਤ ਤੌਰ ’ਤੇ ਮੁਫਤ ਬਿਜਲੀ, ਸਿਹਤ ਅਤੇ ਸਿੱਖਿਆ ਪ੍ਰਦਾਨ ਕਰਨ ਲਈ ਉਨ੍ਹਾਂ ਨੂੰ ‘ਚੋਰ’ ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ’ਚ ਇਹ ਸਹੂਲਤਾਂ ਮਹਿੰਗੀਆਂ ਅਤੇ ਘਟੀਆ ਗੁਣਵੱਤਾ ਵਾਲੀਆਂ ਹਨ।