
ਕਾਂਗਰਸ ਨੇ ਕਿਹਾ ਸੰਵਿਧਾਨ ਨੂੰ ਮੁੜ ਲਿਖਣਾ, ਤਬਾਹ ਕਰਨਾ ਭਾਜਪਾ ਤੇ ਆਰ.ਐਸ.ਐਸ. ਦਾ ਨਾਪਾਕ ਏਜੰਡਾ ਹੈ, ਭਾਜਪਾ ਨੇ MP ਤੋਂ ਮੰਗਿਆ ਸਪੱਸ਼ਟੀਕਰਨ
ਕਰਵਾਰ (ਕਰਨਾਟਕ): ਭਾਜਪਾ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਵਿਧਾਨ ਦੀ ਪ੍ਰਸਤਾਵਨਾ ’ਚੋਂ ‘ਧਰਮ ਨਿਰਪੱਖ’ ਸ਼ਬਦ ਹਟਾਉਣ ਲਈ ਸੰਵਿਧਾਨ ’ਚ ਸੋਧ ਕਰੇਗੀ। ਉਨ੍ਹਾਂ ਲੋਕਾਂ ਨੂੰ ਲੋਕ ਸਭਾ ’ਚ ਭਾਜਪਾ ਨੂੰ ਦੋ ਤਿਹਾਈ ਬਹੁਮਤ ਦੇਣ ਦਾ ਸੱਦਾ ਦਿਤਾ ਤਾਂ ਜੋ ਦੇਸ਼ ਦੇ ਸੰਵਿਧਾਨ ’ਚ ਸੋਧ ਕੀਤੀ ਜਾ ਸਕੇ। ਹੇਗੜੇ ਨੇ ਛੇ ਸਾਲ ਪਹਿਲਾਂ ਵੀ ਅਜਿਹਾ ਹੀ ਬਿਆਨ ਦਿਤਾ ਸੀ। ਹੇਗੜੇ ਨੇ ਕਿਹਾ ਕਿ ਭਾਜਪਾ ਨੂੰ ਸੰਵਿਧਾਨ ’ਚ ਸੋਧ ਕਰਨ ਅਤੇ ਕਾਂਗਰਸ ਵਲੋਂ ਜੋੜੇ ਗਏ ਬੇਲੋੜੇ ਵਾਧੇ ਨੂੰ ਹਟਾਉਣ ਲਈ ਸੰਸਦ ਦੇ ਦੋਹਾਂ ਸਦਨਾਂ ’ਚ ਦੋ ਤਿਹਾਈ ਬਹੁਮਤ ਦੀ ਲੋੜ ਹੋਵੇਗੀ।
ਇੱਥੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਨੂੰ 20 ਤੋਂ ਵੱਧ ਸੂਬਿਆਂ ’ਚ ਸੱਤਾ ’ਚ ਆਉਣਾ ਪਵੇਗਾ। ਕਰਨਾਟਕ ਤੋਂ ਛੇ ਵਾਰ ਲੋਕ ਸਭਾ ਮੈਂਬਰ ਰਹੇ ਹੇਗੜੇ ਨੇ ਕਿਹਾ, ‘‘ਜੇਕਰ ਸੰਵਿਧਾਨ ’ਚ ਸੋਧ ਕਰਨੀ ਹੈ। ਕਾਂਗਰਸ ਨੇ ਸੰਵਿਧਾਨ ’ਚ ਬੇਲੋੜੀਆਂ ਚੀਜ਼ਾਂ ਨੂੰ ਜ਼ਬਰਦਸਤੀ ਭਰ ਕੇ ਸੰਵਿਧਾਨ ਨੂੰ ਬੁਨਿਆਦੀ ਤੌਰ ’ਤੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ, ਖਾਸ ਕਰ ਕੇ ਹਿੰਦੂ ਸਮਾਜ ਨੂੰ ਦਬਾਉਣ ਦੇ ਉਦੇਸ਼ ਨਾਲ ਕਾਨੂੰਨ ਲਿਆ ਕੇ-ਜੇ ਇਹ ਸੱਭ ਬਦਲਣਾ ਹੈ, ਤਾਂ ਇਹ ਇਸ (ਮੌਜੂਦਾ) ਬਹੁਮਤ ਨਾਲ ਸੰਭਵ ਨਹੀਂ ਹੈ।’’
ਉਨ੍ਹਾਂ ਦੇ ਇਸ ਬਿਆਨ ’ਤੇ ਕਾਂਗਰਸ ਨੇ ਕਿਹਾ ਕਿ ਸੰਵਿਧਾਨ ਨੂੰ ਮੁੜ ਲਿਖਣਾ ਅਤੇ ਤਬਾਹ ਕਰਨਾ ਭਗਵਾ ਪਾਰਟੀ ਅਤੇ ਆਰ.ਐਸ.ਐਸ. ਦਾ ਏਜੰਡਾ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਸੰਸਦ ਮੈਂਬਰ ਦੀ ਕਥਿਤ ਟਿਪਣੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੰਘ ਪਰਵਾਰ ਦੇ ਲੁਕੇ ਹੋਏ ਇਰਾਦਿਆਂ ਦਾ ਜਨਤਕ ਪ੍ਰਗਟਾਵਾ ਹੈ। ਜਦਕਿ ਪਾਰਟੀ ਮੁਖੀ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਭਾਜਪਾ ਸੰਸਦ ਮੈਂਬਰ ਦਾ ਬਿਆਨ ਇਕ ਵਾਰ ਫਿਰ ਤਾਨਾਸ਼ਾਹੀ ਥੋਪਣ ਦੇ ਮੋਦੀ-ਆਰ.ਐਸ.ਐਸ. ਦੇ ਨਾਪਾਕ ਏਜੰਡੇ ਦਾ ਪਰਦਾਫਾਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ, ਭਾਜਪਾ ਅਤੇ ਆਰ.ਐਸ.ਐਸ. ਗੁਪਤ ਤੌਰ ’ਤੇ ਤਾਨਾਸ਼ਾਹੀ ਲਾਗੂ ਕਰਨਾ ਚਾਹੁੰਦੇ ਹਨ, ਜਿਸ ਨਾਲ ਉਹ ਭਾਰਤ ਦੇ ਲੋਕਾਂ ’ਤੇ ਅਪਣੀ ਮਨੂਵਾਦੀ ਮਾਨਸਿਕਤਾ ਥੋਪ ਕੇ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨਜਾਤੀਆਂ ਅਤੇ ਹੋਰ ਪਿਛੜੇ ਵਰਗਾਂ ਦੇ ਅਧਿਕਾਰਾਂ ਨੂੰ ਖੋਹ ਲੈਣਗੇ।
ਦੂਜੇ ਪਾਸੇ ਭਾਜਪਾ ਦੀ ਕਰਨਾਟਕ ਇਕਾਈ ਨੇ ਅਨੰਤ ਕੁਮਾਰ ਹੇਗੜੇ ਦੀ ਟਿਪਣੀ ਤੋਂ ਦੂਰੀ ਬਣਾ ਲਈ ਅਤੇ ਇਸ ਨੂੰ ਉਨ੍ਹਾਂ ਦਾ ‘ਨਿੱਜੀ ਵਿਚਾਰ’ ਦਸਿਆ ਅਤੇ ਕਿਹਾ ਕਿ ਉਹ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗੇਗੀ। ਭਾਜਪਾ ਨੇ ਕਿਹਾ ਕਿ ਉਹ ਸੰਵਿਧਾਨ ਨੂੰ ਕਾਇਮ ਰੱਖਣ ਲਈ ਅਪਣੀ ਅਟੁੱਟ ਵਚਨਬੱਧਤਾ ਨੂੰ ਦੁਹਰਾਉਂਦੀ ਹੈ ਅਤੇ ਹੇਗੜੇ ਦੀ ਟਿਪਣੀ ਉਸ ਦੇ ਸਟੈਂਡ ਨੂੰ ਨਹੀਂ ਦਰਸਾਉਂਦੀ।