
ਆਗਰਾ ‘ਚ ਸਾਢੇ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਪੈਰਾ ਬ੍ਰਿਗੇਡ ਦੇ ਜਵਾਨ ਦੀ ਮੌਤ ਹੋ ਗਈ ਹੈ, ਜਵਾਨ ਦੇ ਪੂਰੇ...
ਆਗਰਾ (ਪੀਟੀਆਈ) : ਆਗਰਾ ‘ਚ ਸਾਢੇ ਗਿਆਰਾਂ ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਕਾਰਨ ਪੈਰਾ ਬ੍ਰਿਗੇਡ ਦੇ ਜਵਾਨ ਦੀ ਮੌਤ ਹੋ ਗਈ ਹੈ, ਜਵਾਨ ਦੇ ਪੂਰੇ ਪਿੰਡ ਵਿਚ ਮਾਤਮ ਛਾ ਗਿਆ ਹੈ। ਲੋਕ ਨਮ ਅੱਖਾਂ ਤੋਂ ਉਹਨਾਂ ਨੂੰ ਯਾਦ ਕਰ ਰਹੇ ਹਨ। ਪਰ ਮੌਤ ਤੋਂ ਇਕ ਦਿਨ ਪਹਿਲਾਂ ਉਹਨਾਂ ਨੇ ਅਪਣੀ ਮਾਂ ਨਾਲ ਜਿਹੜੀਆਂ ਗੱਲਾਂ ਕਰੀਆਂ ਸੀ ਉਹ ਤਾਂ ਤੁਹਨੂੰ ਰੋਣ ਲਾ ਦੇਣਗੀਆਂ। ਵੀਰਵਾਰ ਨੂੰ ਆਗਰਾ ਦੇ ਮਲਪੂਰਾ ਦੇ ਗਾਮਰੀ ਸਥਿਤ ਪੈਰਾ ਡ੍ਰੋਪਿੰਗ ਜੋਨ ਵਿਚ ਇਕ ਵੱਡਾ ਹਾਦਸਾ ਹੋਇਆ ਹੈ। ਸਾਢੇ ਗਿਆਰਾ ਹਜ਼ਾਰ ਫੁੱਟ ਦੀ ਉਚਾਈ ਤੋਂ ਡਿੱਗਣ ਨਾਲ ਪੈਰਾ ਬ੍ਰਿਗੇਡ ਦੇ ਜਵਾਨ ਹਰਦੀਪ ਸਿੰਘ ਦੀ ਮੌਤ ਹੋ ਗਈ ਹੈ।
Hardeep Singh Family
ਉਹਨਾਂ ਦਾ ਪੈਰਾਸ਼ੂਟ ਨਹੀਂ ਖੁੱਲ੍ਹਿਆ ਜਿਸ ਦੀ ਵਜ੍ਹਾ ਨਾਲ ਇਹ ਹਾਦਸਾ ਹੋਇਆ ਹੈ। ਹਰਦੀਪ ਸਿੰਘ ਪੰਜਾਬ ਦੇ ਪਟਿਆਲਾ ਦੇ ਪਿੰਡ ਤਲਵੰਡੀ ਮਲਿਕ ਦੇ ਰਹਿਣ ਵਾਲੇ ਸੀ। ਹਰਦੀਪ ਸਿੰਘ ਨੇ ਅਪਣੀ ਮਾਂ ਨੂੰ ਕਿਹਾ ਸੀ ਕਿ ਮਾਂ ਮੈਂ ਘਰ ਆ ਰਿਹਾ ਹਾਂ, ਤੇਰੇ ਹੱਥ ਦੀ ਬਣੀ ਮਠਿਆਈ ਖਾਵਾਂਗਾ। ਮੇਰੀ ਪਸੰਦ ਦੀ ਸਾਰੀਆਂ ਮਠਿਆਈਆਂ ਬਣਾ ਕੇ ਰੱਖਿਓ। ਹਰਦੀਪ ਸਿੰਘ 11 ਪੈਰਾ ਬ੍ਰਿਗੇਡ ਮੀਸਾ ਮਾਰੀ ਆਸਾਮ ਵਿਚ ਤਾਇਨਾਤ ਸੀ। ਜਵਾਨ ਹਰਦੀਪ ਸਿੰਘ (24) ਨੇ ਬੁੱਧਵਾਰ ਨੂੰ ਫੋਨ ਉਤੇ ਅਪਣੀ ਮਾਂ ਅਕਵਿੰਦਰ ਕੌਰ ਨਾਲ ਗੱਲ ਕੀਤੀ ਸੀ। ਮਾਂ ਪੁੱਤ ਦੀ ਫਰਮਾਇਸ਼ ਪੂਰੀ ਕਰਨ ਵਿਚ ਲੱਗੀ ਹੋਈ ਸੀ।
Hardeep Singh
ਪਰ ਵੀਰਵਾਰ ਦੁਪਹਿਰ ਨੂੰ ਹਰਦੀਪ ਸਿੰਘ ਦੀ ਮੌਤ ਦੀ ਖ਼ਬਰ ਆਈ। ਜਿਵੇਂ ਹੀ ਇਹ ਖ਼ਬਰ ਹਰਦੀਪ ਸਿੰਘ ਦੇ ਪਿਤਾ ਭੁਪਿੰਦਰ ਸਿੰਘ ਨੂੰ ਪਤਾ ਲੱਗੀ, ਉਹ ਸੁੰਨ ਹੋ ਗਏ। ਹਰਦੀਪ ਸਿੰਘ ਉਹਨਾਂ ਦਾ ਇਕਲੌਤਾ ਬੇਟਾ ਸੀ, ਅਤੇ ਇਕੱਲਾ ਹੀ ਕਮਾਉਣ ਵਾਲਾ ਸੀ। ਅੱਜ ਹਰਦੀਪ ਸਿੰਘ ਦੀ ਲਾਸ਼ ਘਰ ਪਹੁੰਚੇਗੀ। ਪਰਵਾਰ ਹੀ ਨਹੀਂ, ਪੂਰੇ ਪਿੰਡ ਵਿਚ ਇਸ ਸਮੇਂ ਮਾਤਮ ਦਾ ਮਾਹੌਲ ਬਣਿਆ ਹੋਇਆ ਹੈ। ਜਵਾਨ ਹਰਦੀਪ ਸਿੰਘ ਦੇ ਤਾਇਆ ਜੀ ਬਲਵਿੰਦਰ ਸਿੰਘ ਫ਼ੌਜ ਵਿਚੋਂ ਬਤੌਰ ਹਵਾਲਦਾਰ ਸੇਵਾ ਮੁਕਤ ਹਨ। ਉਹਨਾਂ ਨੇ ਦੱਸਿਆ ਕਿ ਹਰਦੀਪ ਸਿੰਘ 19 ਅਕਤੂਬਰ ਨੂੰ ਦੁਸ਼ਹਿਰੇ ‘ਤੇ ਕੁਝ ਦਿਨਾਂ ਦੀ ਛੁੱਟੀ ‘ਤੇ ਘਰ ਆਇਆ ਸੀ।
Hardeep Singh
ਹਾਦਸੇ ਤੋਂ ਇਕ ਦਿਨ ਪਹਿਲਾਂ ਹੀ ਹਰਦੀਪ ਸਿੰਘ ਨੇ ਅਪਣੀ ਮਾਂ ਅਕਵਿੰਦਰ ਕੌਰ ਨੂੰ ਫੋਨ ਕੀਤਾ ਸੀ ਕਿ ਉਹ 8 ਜਾਂ 9 ਨਵੰਬਰ ਨੂੰ 15 ਦਿਨ ਦੀ ਛੁੱਟੀ ‘ਤੇ ਘਰ ਆ ਰਿਹਾ ਹੈ। ਆਗਰਾ ਵਿਚ ਟ੍ਰੇਨਿੰਗ ਕੈਂਪ ਵਿਚ ਹਿੱਸਾ ਲੈਣ ਤੋਂ ਬਾਅਦ ਹੀ ਉਹ ਪਟਿਆਲਾ ਲਈ ਰਵਾਨਾ ਹੋ ਜਾਵੇਗਾ। ਇਸ ਲਈ ਉਸ ਦੀ ਪਸੰਦ ਦੀਆਂ ਸਾਰੀਆਂ ਮਠਿਆਈਆਂ ਬਣਾ ਕੇ ਰੱਖਿਓ। ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰਦੀਪ ਸਿੰਘ ਨੂੰ ਪਰਵਾਰ ਵਾਲੇ ਵਿਆਹ ਕਰਵਾਉਣ ਨੂੰ ਕਹਿ ਰਹੇ ਸੀ। ਉਹ ਹਰ ਵਾਰ ਇਹ ਕਹਿੰਦਾ ਸੀ ਕਿ ਇਸ ਸਮੇਂ ਆਸਾਮ ਵਿਚ ਪੋਸਟਿੰਗ ਹੈ। ਜਦੋਂ ਕਿਸੇ ਨਜਦੀਕੀ ਸਟੇਸ਼ਨ ‘ਤੇ ਤਾਇਨਾਤ ਹੋਵਾਂਗਾ, ਤਾਂ ਉਦੋਂ ਵਿਆਹ ਕਰਵਾ ਲਵਾਂਗਾ। ਹਾਦਸੇ ਤੋਂ ਬਾਅਦ ਹਰਦੀਪ ਸਿੰਘ ਦੀ ਭੈਣ ਰਮਨਦੀਪ ਕੌਰ ਦਾ ਰੋ-ਰੋ ਕੇ ਬੂਰਾ ਹਾਲ ਹੋ ਗਿਆ।