
ਭਾਰਤ ਵਿਚ ਸਿਰਫ਼ 'ਓਮ' ਅਤੇ 'ਗਊ' ਸ਼ਬਦ ਨਹੀਂ ਸੁਣੇ ਜਾਂਦੇ : ਓਵੈਸੀ
ਨਵੀਂ ਦਿੱਲੀ : ਵਿਰੋਧੀ ਧਿਰਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਗੱਲ ਲਈ ਚਿੰਤਿਤ ਹੋਣਾ ਚਾਹੀਦਾ ਹੈ ਕਿ ਗਊ ਦੇ ਨਾਮ 'ਤੇ ਲੋਕਾਂ ਦੀ ਹਤਿਆ ਹੋ ਰਹੀ ਹੈ ਅਤੇ ਸੰਵਿਧਾਨ ਦੀ ਘੋਰ ਉਲੰਘਣਾ ਹੋ ਰਹੀ ਹੈ। ਵਿਰੋਧੀ ਧਿਰਾਂ ਨੇ ਇਹ ਗੱਲ ਪ੍ਰਧਾਨ ਮੰਤਰੀ ਦੀ ਉਸ ਟਿਪਣੀ 'ਤੇ ਪਲਟਵਾਰ ਕਰਦਿਆਂ ਕਹੀ ਕਿ ਗਊ ਸ਼ਬਦ ਸੁਣਦਿਆਂ ਹੀ ਕੁੱਝ ਲੋਕਾਂ ਦੇ ਵਾਲ ਖੜੇ ਹੋ ਜਾਂਦੇ ਹਨ।
D Raja
ਮੋਦੀ ਦੀ ਟਿਪਣੀ ਦੀ ਆਲੋਚਨਾ ਕਰਦਿਆਂ ਸੀਪੀਐਮ ਦੇ ਜਨਰਲ ਸਕੱਤਰ ਡੀ ਰਾਜਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਓਮ ਅਤੇ ਗਊ ਦੇ ਮੁੱਦੇ ਨੂੰ ਕਿਉਂ ਚੁੱਕ ਰਹੇ ਹਨ ਜਦਕਿ ਉਨ੍ਹਾਂ ਨੂੰ ਦੇਸ਼ ਦੇ ਅਰਥਚਾਰੇ ਦੀ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਉਹ ਅਜਿਹੇ ਸਮੇਂ ਉਹ ਗੱਲ ਕਰ ਰਹੇ ਹਨ ਜਦ ਗਊ ਅਤੇ ਭਗਵਾਨ ਦੇ ਨਾਮ 'ਤੇ ਦੇਸ਼ ਭਰ ਵਿਚ ਕੁੱਟ ਕੁੱਟ ਕੇ ਹਤਿਆ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵਾਂਗ ਵਿਹਾਰ ਕਰਨਾ ਚਾਹੀਦਾ ਹੈ।
Asaduddin Owaisi
ਆਲ ਇੰਡੀਆ ਮਜਲਿਸ ਏ ਇਤੇਹਾਦ ਉਲ ਮੁਸਲਮੀਨ ਦੇ ਮੁਖੀ ਅਸਦੂਦੀਨ ਓਵੈਸੀ ਨੇ ਕਿਹਾ ਕਿ ਭਾਰਤ ਵਿਚ ਲੋਕ ਨਾ ਸਿਰਫ਼ 'ਓਮ' ਅਤੇ 'ਗਊ' ਸ਼ਬਦ ਸੁਣਦੇ ਹਨ ਸਗੋਂ ਮਸਜਿਦਾਂ ਦੀ ਅਜਾਨ, ਗੁਰਦਵਾਰੇ ਵਿਚ ਹੋਣ ਵਾਲੇ ਪਾਠ ਅਤੇ ਗਿਰਜਾਘਰਾਂ ਦੀ ਘੰਟੀ ਦੀ ਆਵਾਜ਼ ਵੀ ਸੁਣਦੇ ਹਨ। ਉਨ੍ਹਾਂ ਕਿਹਾ, 'ਲੋਕ ਜਦ ਗਊ ਦੇ ਨਾਮ 'ਤੇ ਮਾਰੇ ਜਾ ਰਹੇ ਹਨ ਤਾਂ ਤੁਹਾਨੂੰ ਚਿੰਤਿਤ ਹੋਣਾ ਚਾਹੀਦਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮਾਜਿਦ ਮੈਮਨ ਨੇ ਕਿਹਾ ਕਿ ਮੋਦੀ ਧਰਮਨਿਰਪੱਖ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਨੂੰ ਅਕਸਰ ਧਾਰਮਕ ਮਾਮਲਿਆਂ ਦਾ ਜ਼ਿਕਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਉਹ ਧਰਮਗੁਰੂ ਨਹੀਂ ਹਨ।