
ਦਿੱਲੀ ਪੁਲਿਸ ਨੇ ਅਦਾਲਤ ਵਿਚ ਦਾਇਰ ਕੀਤੀ ਸਟੇਟਸ ਰੀਪੋਰਟ
ਨਵੀਂ ਦਿੱਲੀ: ਮਹਿਲਾ ਪਹਿਲਵਾਨਾਂ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਰਾਊਜ਼ ਐਵੇਨਿਊ ਕੋਰਟ 'ਚ ਸਟੇਟਸ ਰੀਪੋਰਟ ਦਾਇਰ ਕੀਤੀ ਹੈ। ਅਦਾਲਤ ਨੇ ਪਹਿਲਵਾਨਾਂ ਦੇ ਵਕੀਲਾਂ ਨੂੰ ਸਟੇਟਸ ਰੀਪੋਰਟ ਦੀ ਕਾਪੀ ਦੇਣ ਲਈ ਕਿਹਾ ਹੈ। ਇਸ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਹੁਣ ਤੱਕ ਚੁੱਕੇ ਗਏ ਕਦਮਾਂ ਦਾ ਸਟੇਟਸ ਰੀਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ। ਦਿੱਲੀ ਪੁਲਿਸ ਦੇ ਵਕੀਲ ਨੇ ਕਿਹਾ ਕਿ ਸਟੇਟਸ ਰੀਪੋਰਟ ਦੀ ਕਾਪੀ ਕਿਸੇ ਨਾਲ ਸਾਂਝੀ ਨਹੀਂ ਕੀਤੀ ਜਾਣੀ ਚਾਹੀਦੀ। ਅਦਾਲਤ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਇਨ-ਕੈਮਰਾ ਸੁਣਵਾਈ ਕਰ ਸਕਦੀ ਹੈ।
ਇਹ ਵੀ ਪੜ੍ਹੋ: ਬੱਚਿਆਂ ਨਾਲ ਭਰੀ ਸਕੂਲ ਵੈਨ ਪਲਟੀ, ਹਾਦਸੇ 'ਚ ਕਈ ਵਿਦਿਆਰਥੀ ਜ਼ਖ਼ਮੀ
ਦਿੱਲੀ ਪੁਲਿਸ ਨੇ ਅਦਾਲਤ ਨੂੰ ਦਸਿਆ ਕਿ ਅੱਜ 164 ਪਹਿਲਵਾਨਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਹ ਵੀ ਦਸਿਆ ਕਿ ਜਾਂਚ ਲਈ 4 ਮਹਿਲਾ ਪੁਲਿਸ ਅਧਿਕਾਰੀਆਂ ਸਮੇਤ 6 ਪੁਲਿਸ ਟੀਮਾਂ ਦੇ ਨਾਲ ਐਸਆਈਟੀ ਦਾ ਗਠਨ ਕੀਤਾ ਗਿਆ ਹੈ। ਇਕ ਮਹਿਲਾ ਡੀਸੀਪੀ ਦਿੱਲੀ ਪੁਲਿਸ ਦੀ ਨਿਗਰਾਨੀ ਵਿਚ 10 ਲੋਕਾਂ ਦੀ ਟੀਮ ਬਣਾਈ ਗਈ ਹੈ। ਮੀਡੀਆ ਰੀਪੋਰਟ ਮੁਤਾਬਕ ਬ੍ਰਿਜ ਭੂਸ਼ਣ ਨੇ ਦਿੱਲੀ ਪੁਲਿਸ ਵਲੋਂ ਗਠਿਤ ਐਸਆਈਟੀ ਸਾਹਮਣੇ ਅਪਣਾ ਬਿਆਨ ਦਰਜ ਕਰਵਾਇਆ ਹੈ।
ਦਸਿਆ ਜਾ ਰਿਹਾ ਹੈ ਕਿ ਬ੍ਰਿਜ ਭੂਸ਼ਣ ਨੇ ਅਪਣੇ ਬਿਆਨ 'ਚ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਇਸ ਦੇ ਨਾਲ ਹੀ ਐਸਆਈਟੀ ਨੇ ਬ੍ਰਿਜ ਭੂਸ਼ਣ ਤੋਂ ਕੁੱਝ ਦਸਤਾਵੇਜ਼ ਵੀ ਮੰਗੇ ਹਨ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਤੋਂ ਇਲਾਵਾ ਕੁਸ਼ਤੀ ਮਹਾਸੰਘ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਦੇ ਵੀ ਬਿਆਨ ਦਰਜ ਕੀਤੇ ਹਨ। ਦਿੱਲੀ ਪੁਲਿਸ ਦੀ ਐਫਆਈਆਰ ਵਿਚ ਵਿਨੋਦ ਤੋਮਰ ਵੀ ਮੁਲਜ਼ਮ ਹੈ। ਦਸਿਆ ਜਾ ਰਿਹਾ ਹੈ ਕਿ ਐਸਆਈਟੀ ਦੇ ਸਾਹਮਣੇ ਬ੍ਰਿਜ ਭੂਸ਼ਣ ਨੇ ਅਪਣੇ ਸਪੱਸ਼ਟੀਕਰਨ 'ਚ ਕੁੱਝ ਵੀਡੀਉ ਸਬੂਤ ਅਤੇ ਮੋਬਾਈਲ ਡਾਟਾ ਵੀ ਪੇਸ਼ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸਿੱਟ ਬ੍ਰਿਜ ਭੂਸ਼ਣ ਤੋਂ ਹੋਰ ਵੀ ਪੁਛਗਿਛ ਕਰੇਗੀ।
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਲੱਭੀ ਸਮੁੰਦਰ ਦੇ ਹੇਠਾਂ ਬਣੀ 7000 ਸਾਲ ਪੁਰਾਣੀ ਸੜਕ
ਦਰਅਸਲ ਮਹਿਲਾ ਪਹਿਲਵਾਨਾਂ ਨੇ ਰਾਊਜ਼ ਐਵੇਨਿਊ ਕੋਰਟ ਵਿਚ ਅਰਜ਼ੀ ਦਾਖ਼ਲ ਕੀਤੀ ਸੀ। ਇਸ ਵਿਚ ਨਾਬਾਲਗ ਪੀੜਤਾ ਅਤੇ ਹੋਰ ਨੇ ਅਪਣੇ ਬਿਆਨ ਜਲਦ ਦਰਜ ਕਰਨ ਦੀ ਮੰਗ ਕੀਤੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਪੁਲਿਸ ‘ਜਾਂਚ ਨੂੰ ਲੰਬਾ ਖਿੱਚ ਰਹੀ ਹੈ’ ਅਤੇ ਪੀੜਤਾਂ ਦਾ ਬਿਆਨ ਅਦਾਲਤ ਸਾਹਮਣੇ ਦਰਜ ਨਹੀਂ ਕਰਵਾ ਰਹੀ। ਇਸ ਦੌਰਾਨ ਦਿੱਲੀ ਪੁਲਿਸ ਨੇ ਸੀਆਰਪੀਸੀ 164 ਦੇ ਤਹਿਤ ਅਦਾਲਤ ਵਿਚ ਨਾਬਾਲਗ ਲੜਕੀ ਦਾ ਬਿਆਨ ਦਰਜ ਕੀਤਾ, ਉਹ ਵੀ ਅਦਾਲਤ ਵਿਚ ਅਪਣੇ ਬਿਆਨ 'ਤੇ ਕਾਇਮ ਹੈ।
ਇਹ ਵੀ ਪੜ੍ਹੋ: CBSE ਨੇ ਐਲਾਨੇ 12ਵੀਂ ਜਮਾਤ ਦੇ ਨਤੀਜੇ, ਇੰਝ ਚੈੱਕ ਕਰੋ ਅਪਣਾ ਨਤੀਜਾ
ਇਸ ਤੋਂ ਪਹਿਲਾਂ ਮਹਿਲਾ ਪਹਿਲਵਾਨਾਂ ਨੇ ਸੁਪ੍ਰੀਮ ਕੋਰਟ ਤਕ ਪਹੁੰਚ ਕੀਤੀ ਸੀ ਅਤੇ 28 ਅਪ੍ਰੈਲ ਨੂੰ ਇਸ ਮਾਮਲੇ ਵਿਚ ਦੋ ਐਫ.ਆਈ.ਆਰ. ਦਰਜ ਕੀਤੀਆਂ ਗਈਆਂ ਸਨ। ਬ੍ਰਿਜ ਭੂਸ਼ਣ ਵਿਰੁਧ ਨਾਬਾਲਗ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਪ੍ਰੋਟੈਕਸ਼ਨ ਆਫ਼ ਚਿਲਡਰਨ ਫਰਾਮ ਸੈਕਸੁਅਲ ਆਫੈਂਸ (ਪੋਕਸੋ) ਐਕਟ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ। ਦੂਜੀ ਐਫ.ਆਈ.ਆਰ. ਸ਼ਿਕਾਇਤਕਰਤਾਵਾਂ ਦੇ ਜਿਨਸੀ ਸ਼ੋਸ਼ਣ ਦੇ ਇਲਜ਼ਮਾਂ 'ਤੇ ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਕੁੱਝ ਨਾਮੀ ਪਹਿਲਵਾਨ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨਾ ਦੇ ਰਹੇ ਹਨ। ਇਨ੍ਹਾਂ 'ਚ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਸ਼ਾਮਲ ਹਨ।