
ਜ਼ੁਕਰਬਰਗ ਨੇ ਇਕ ਪੋਡਕਾਸਟ ’ਚ ਦਾਅਵਾ ਕੀਤਾ ਸੀ ਕਿ 2024 ’ਚ ਦੁਨੀਆਂ ਭਰ ’ਚ ਹੋਈਆਂ ਚੋਣਾਂ ’ਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ
ਨਵੀਂ ਦਿੱਲੀ : ਕੇਂਦਰੀ ਮੰਤਰੀ ਅਸ਼ਵਨੀ ਵੈਸ਼ਣਵ ਨੇ ਸੋਮਵਾਰ ਨੂੰ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਦੇ ਇਸ ਦਾਅਵੇ ’ਤੇ ਪਲਟਵਾਰ ਕੀਤਾ ਕਿ ਭਾਰਤ ਸਮੇਤ ਜ਼ਿਆਦਾਤਰ ਦੇਸ਼ਾਂ ’ਚ ਮੌਜੂਦਾ ਸਰਕਾਰਾਂ ਨੂੰ ਕੋਵਿਡ-19 ਮਹਾਮਾਰੀ ਤੋਂ ਬਾਅਦ 2024 ’ਚ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਜ਼ੁਕਰਬਰਗ ਦਾ ਬਿਆਨ ‘ਤੱਥਾਤਮਕ ਰੂਪ ਨਾਲ ਗ਼ਲਤ’ ਹੈ।
ਵੈਸ਼ਣਵ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਦੁਨੀਆਂ ਦਾ ਸੱਭ ਤੋਂ ਵੱਡਾ ਲੋਕਤੰਤਰ ਹੋਣ ਦੇ ਨਾਤੇ ਭਾਰਤ ਨੇ 2024 ਦੀਆਂ ਆਮ ਚੋਣਾਂ ਕਰਵਾਈਆਂ, ਜਿਸ ’ਚ 64 ਕਰੋੜ ਤੋਂ ਵੱਧ ਵੋਟਰਾਂ ਨੇ ਹਿੱਸਾ ਲਿਆ।
ਉਨ੍ਹਾਂ ਕਿਹਾ, ‘‘ਭਾਰਤ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਐਨ.ਡੀ.ਏ. (ਕੌਮੀ ਲੋਕਤੰਤਰੀ ਗਠਜੋੜ) ’ਚ ਭਰੋਸਾ ਪ੍ਰਗਟਾਇਆ ਹੈ। ਜ਼ੁਕਰਬਰਗ ਦਾ ਇਹ ਦਾਅਵਾ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ 2024 ਦੀਆਂ ਚੋਣਾਂ ’ਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਤੱਥਾਂ ਦੇ ਆਧਾਰ ’ਤੇ ਗਲਤ ਹੈ।’’
ਜ਼ੁਕਰਬਰਗ ਨੇ ਇਕ ਪੋਡਕਾਸਟ ’ਚ ਦਾਅਵਾ ਕੀਤਾ ਸੀ ਕਿ 2024 ’ਚ ਦੁਨੀਆਂ ਭਰ ’ਚ ਹੋਈਆਂ ਚੋਣਾਂ ’ਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੂੰ ਚੋਣ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੈਸ਼ਣਵ ਨੇ ਕਿਹਾ ਕਿ 80 ਕਰੋੜ ਲੋਕਾਂ ਨੂੰ ਮੁਫਤ ਭੋਜਨ, 2.2 ਅਰਬ ਟੀਕੇ ਮੁਹੱਈਆ ਕਰਵਾਉਣ ਅਤੇ ਕੋਵਿਡ-19 ਦੌਰਾਨ ਦੁਨੀਆਂ ਭਰ ਦੇ ਦੇਸ਼ਾਂ ਨੂੰ ਸਹਾਇਤਾ ਦੇਣ ਤੋਂ ਲੈ ਕੇ ਭਾਰਤ ਨੂੰ ਸੱਭ ਤੋਂ ਤੇਜ਼ੀ ਨਾਲ ਵਧਰਹੀ ਪ੍ਰਮੁੱਖ ਅਰਥਵਿਵਸਥਾ ਦੇ ਰੂਪ ’ਚ ਅਗਵਾਈ ਕਰਨ ਤਕ, ਪ੍ਰਧਾਨ ਮੰਤਰੀ ਮੋਦੀ ਦੀ ਅਪਣੇ ਤੀਜੇ ਕਾਰਜਕਾਲ ’ਚ ਫੈਸਲਾਕੁੰਨ ਜਿੱਤ ਚੰਗੇ ਸ਼ਾਸਨ ਅਤੇ ਲੋਕਾਂ ਦੇ ਵਿਸ਼ਵਾਸ ਦਾ ਸਬੂਤ ਹੈ।
ਮੈਟਾ ਨੂੰ ਟੈਗ ਕਰਦੇ ਹੋਏ ਉਨ੍ਹਾਂ ਕਿਹਾ ਕਿ ਜ਼ੁਕਰਬਰਗ ਵਲੋਂ ਗਲਤ ਜਾਣਕਾਰੀ ਫੈਲਾਉਣਾ ਨਿਰਾਸ਼ਾਜਨਕ ਹੈ। ਵੈਸ਼ਣਵ ਨੇ ਕਿਹਾ ਕਿ ਤੱਥਾਂ ਅਤੇ ਭਰੋਸੇਯੋਗਤਾ ਨੂੰ ਕਾਇਮ ਰੱਖੋ।