
ਕਿਹਾ: ਇਤਿਹਾਸ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅਤੀਤ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ
ਨਵੀਂ ਦਿੱਲੀ: ਫਿਲਮ ''ਦ ਕਸ਼ਮੀਰ ਫਾਈਲਜ਼'' ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਨੇ ਐਲਾਨ ਕੀਤਾ ਕਿ ਉਹ ਅਪਣੀ ਅਗਲੀ ਫ਼ਿਲਮ ''ਦ ਦਿੱਲੀ ਫਾਈਲਜ਼'' ’ਤੇ ਕੰਮ ਕਰਨ ਜਾ ਰਹੇ ਹਨ। ਹਾਲਾਂਕਿ ਨਿਰਦੇਸ਼ਕ ਨੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਖ਼ਬਰਾਂ ਅਨੁਸਾਰ ਉਹਨਾਂ ਦੀ ਅਗਲੀ ਫ਼ਿਲਮ 1984 ਸਿੱਖ ਵਿਰੋਧੀ ਕਤਲੇਆਮ ਅਤੇ 2020 ਦੇ ਦਿੱਲੀ ਦੰਗਿਆਂ 'ਤੇ ਅਧਾਰਤ ਹੋਵੇਗੀ। 1984 ਕਤਲੇਆਮ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ, ਇਸ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ।
ਫੂਲਕਾ ਨੇ ਦਾਅਵਾ ਕੀਤਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਕਾਂਗਰਸ ਪਾਰਟੀ ਅਤੇ ਉਸ ਵੇਲੇ ਦੀ ਹਕੂਮਤ ਨੇ 1984 ਵਿਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਨੇ ਪੁਲਿਸ 'ਤੇ ਇਸ ਕਤਲੇਆਮ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਇਕ ਗਲਤ ਧਾਰਨਾ ਫੈਲਾਈ ਗਈ ਸੀ ਕਿ ਇਹ ਹਿੰਦੂਆਂ ਅਤੇ ਸਿੱਖਾਂ ਦੇ ਦੰਗੇ ਸਨ।
ਫੂਲਕਾ ਨੇ ਦਾਅਵਾ ਕੀਤਾ, “ਇਹ ਬਿਲਕੁਲ ਝੂਠ ਹੈ, ਉਹ ਕਾਂਗਰਸ ਅਤੇ ਉਸ ਵੇਲੇ ਦੀ ਸਰਕਾਰ ਸੀ ਜਿਸ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਅਗਵਾਈ ਕੀਤੀ… ਦਿੱਲੀ ਦੇ ਆਮ ਲੋਕਾਂ ਨੇ ਸਿੱਖਾਂ ਦੀ ਮਦਦ ਕੀਤੀ ਸੀ। ਦਿੱਲੀ ਵਿਚ ਹਿੰਦੂ-ਸਿੱਖ ਦੰਗੇ ਨਹੀਂ ਹੋਏ ਸਨ, ਇਹ ਕਾਂਗਰਸ ਪਾਰਟੀ ਅਤੇ ਉਸ ਸਮੇਂ ਦੀ ਭਾਰਤ ਸਰਕਾਰ ਦੁਆਰਾ ਸਿੱਖਾਂ ਵਿਰੁੱਧ ਕੀਤੀ ਗਈ ਨਸਲਕੁਸ਼ੀ ਸੀ।” ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲੇਆਮ ਵਿਚ ਅਪਣੇ ਸਿੱਖ ਦੋਸਤਾਂ ਨੂੰ ਬਚਾਉਂਦੇ ਹੋਏ 2 ਹਿੰਦੂ ਵੀ ਮਾਰੇ ਗਏ ਸਨ।
ਫੂਲਕਾ ਨੇ ਕਿਹਾ, “ਇਹ ਕਤਲੇਆਮ ਸਾਡੇ ਦੇਸ਼ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਏ ਸੀ। ਇਤਿਹਾਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ, ਇਤਿਹਾਸ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅਤੀਤ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ”। ਉਹਨਾਂ ਕਿਹਾ, “ਮੈਨੂੰ ਯਕੀਨ ਹੈ ਕਿ ਇਹ ਫਿਲਮ ਸਮਾਜ ਨੂੰ ਵੰਡੇਗੀ ਨਹੀਂ ਸਗੋਂ ਭਾਈਚਾਰੇ ਨੂੰ ਨੇੜੇ ਲਿਆਏਗੀ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦਿਖਾਏਗੀ ਕਿ ਕਿਵੇਂ ਇਕ ਸਿਆਸੀ ਪਾਰਟੀ ਨੇ ਸਿਆਸੀ ਲਾਹਾ ਲੈਣ ਲਈ ਸਮਾਜ ਦਾ ਸ਼ੋਸ਼ਣ ਕੀਤਾ। ਮੈਂ ਤੱਥਾਂ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਸਿੱਖਾਂ ਨੂੰ ਮਾਰਨ ਵਿਚ ਪੁਲਿਸ ਵੀ ਸ਼ਾਮਲ ਸੀ। ਰਾਜਧਾਨੀ ਵਿਚ ਹਰ ਥਾਂ, ਪੁਲਿਸ ਕਤਲ ਕਰਨ ਵਾਲਿਆਂ ਵਿਚ ਸ਼ਾਮਲ ਸੀ”।
ਇਕ ਘਟਨਾ ਨੂੰ ਯਾਦ ਕਰਦੇ ਹੋਏ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਕਿਹਾ, "1984 ਵਿਚ ਇਕ ਮਹਾਂਵੀਰ ਚੱਕਰ ਪ੍ਰਾਪਤ ਕਰਨ ਵਾਲੇ ਸਿੱਖ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ, ਜੋ 1971 ਦੀ ਜੰਗ ਵਿਚ ਦੇਸ਼ ਲਈ ਲੜਿਆ ਸੀ। ਬਚਾਅ ਵਿਚ ਉਸ ਨੇ ਆਪਣੀ ਲਾਇਸੈਂਸੀ ਬੰਦੂਕ ਤੋਂ ਗੋਲੀ ਚਲਾਈ। ਪੁਲਿਸ ਨੇ ਬਹਾਦਰੀ ਪੁਰਸਕਾਰ ਜੇਤੂ ਨੂੰ ਗ੍ਰਿਫਤਾਰ ਕਰ ਲਿਆ, ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ, ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਅਤੇ ਉਸ ਨੂੰ ਕਈ ਮਹੀਨੇ ਜੇਲ੍ਹ ਵਿਚ ਰੱਖਿਆ।" ਫੂਲਕਾ ਨੇ ਕਿਹਾ, "ਫ਼ਿਲਮ ਨਿਰਮਾਤਾਵਾਂ ਨੂੰ ਜੋ ਵੀ ਕਾਨੂੰਨੀ ਲੋੜ ਹੋਵੇਗੀ, ਮੈਂ ਪ੍ਰਦਾਨ ਕਰਾਂਗਾ। ਮੇਰੇ ਕੋਲ ਸਾਰੀ ਸਮੱਗਰੀ ਹੈ ਅਤੇ ਮੈਂ 1984 ਦੇ ਕਤਲੇਆਮ ਨਾਲ ਸਬੰਧਤ ਅਸਲ ਅਤੇ ਸੱਚੇ ਕੇਸ ਦੇਵਾਂਗਾ।''