
ਧਮਕੀ ਭਰੀ ਈਮੇਲ ਤੋਂ ਬਾਅਦ ਮਚਿਆ ਹੜਕੰਪ , ਰੂਸੀ ਸਰਵਰ ਤੋਂ ਭੇਜੀ ਗਈ ਈਮੇਲ
Kanpur Schools Bomb Threat: ਕਾਨਪੁਰ ਦੇ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਇੱਕ ਈਮੇਲ ਰਾਹੀਂ ਦਿੱਤੀ ਗਈ। ਨਜ਼ੀਰਾਬਾਦ ਸਥਿਤ ਸਨਾਤਨ ਧਰਮ ਮੰਦਰ ਸਕੂਲ, ਬਰਾਰਾ ਕੇਡੀਐਮਏ ਸਕੂਲ ਸਮੇਤ 10 ਸਕੂਲਾਂ ਨੂੰ ਬੰਬ ਦੀ ਧਮਕੀ ਦਿੱਤੀ ਗਈ ਹੈ।
ਧਮਕੀ ਭਰੀ ਈਮੇਲ ਤੋਂ ਬਾਅਦ ਪੁਲਿਸ ਨੇ ਬੰਬ ਨਿਰੋਧਕ ਟੀਮ ਦੇ ਨਾਲ ਸਾਰੇ ਸਕੂਲਾਂ ਦੀ ਚੈਕਿੰਗ ਕੀਤੀ। ਸੁਰੱਖਿਆ ਪ੍ਰਬੰਧਾਂ ਨੂੰ ਮੁੱਖ ਰੱਖਦਿਆਂ ਸਕੂਲਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਫਿਲਹਾਲ ਜਾਂਚ 'ਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਈਮੇਲ ਰੂਸੀ ਸਰਵਰ ਤੋਂ ਭੇਜੀ ਗਈ ਹੈ।
ਕਾਨਪੁਰ ਜੇਸੀਪੀ ਹਰੀਸ਼ ਚੰਦਰਾ ਨੇ ਕਿਹਾ ਕਿ ਇੱਕ ਈਮੇਲ ਭੇਜੀ ਗਈ ਹੈ ,ਜਿਸ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ। ਸਾਈਬਰ ਸੈੱਲ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਉਨ੍ਹਾਂ ਨੂੰ ਨਾ ਘਬਰਾਉਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਈਮੇਲਾਂ ਪਹਿਲਾਂ ਵੀ ਆਈਆਂ ਸਨ, ਸਾਵਧਾਨੀ ਵਜੋਂ ਅਸੀਂ ਜ਼ਰੂਰੀ ਕਦਮ ਚੁੱਕ ਰਹੇ ਹਾਂ।
ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸ਼ਹਿਰਾਂ ਵਿੱਚ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਪਹਿਲਾਂ ਦੇਸ਼ ਦੀ ਰਾਜਧਾਨੀ ਦਿੱਲੀ, ਜੈਪੁਰ ਅਤੇ ਲਖਨਊ ਦੇ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ।