
ਫਾਂਸੀ ਲੱਗਣ ਤੋਂ ਮਹਿਜ਼ ਤਿੰਨ ਦਿਨ ਪਹਿਲਾਂ ਪਾਈ ਪਟੀਸ਼ਨ
ਨਵੀਂ ਦਿੱਲੀ : ਨਿਰਭਿਆ ਦੇ ਦੋਸ਼ੀਆਂ ਦੀ ਫ਼ਾਂਸੀ ਦਾ ਸਮਾਂ ਜਿਉਂ ਜਿਉਂ ਨੇੜੇ ਆਉਂਦਾ ਜਾ ਰਿਹਾ ਹੈ ਤਿਵੇਂ ਤਿਵੇਂ ਦੋਸ਼ੀਆਂ ਨੇ ਫਾਂਸੀ ਟਾਲਣ ਲਈ ਨਵੇਂ-ਨਵੇਂ ਪੈਂਤਰੇ ਅਜਮਾਉਣੇ ਸ਼ੁਰੂ ਕਰ ਦਿਤੇ ਹਨ। ਇਸੇ ਦੌਰਾਨ ਨਿਰਭਿਆ ਦੇ ਦੋਸ਼ੀ ਮੁਕੇਸ਼ ਸਿੰਘ ਨੇ ਦਿੱਲੀ ਦੀ ਅਦਾਲਤ 'ਚ ਅਰਜ਼ੀ ਦਾਇਰ ਕਰ ਕੇ ਖੁਦ ਨੂੰ ਬੇਕਸੂਰ ਸਾਬਤ ਕਰਨ ਦਾ ਨਵਾਂ ਦਾਅ ਖੇਡਿਆ ਹੈ।
Photo
ਦੋਸ਼ੀ ਨੇ ਅਪਣੇ ਵਕੀਲ ਐਮਐਲ ਸ਼ਰਮਾ ਰਾਹੀਂ ਅਦਾਲਤ 'ਚ ਦਾਇਰ ਅਰਜ਼ੀ 'ਚ ਦਾਅਵਾ ਕੀਤਾ ਹੈ ਕਿ ਨਿਰਭਿਆ ਨਾਲ ਹਾਦਸਾ ਵਾਪਰਨ ਵਾਲੀ ਰਾਤ ਨੂੰ ਉਹ ਦਿੱਲੀ ਵਿਚ ਮੌਜੂਦ ਹੀ ਨਹੀਂ ਸੀ। ਉਸ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਘਟਨਾ ਤੋਂ ਦੂਸਰੇ ਦਿਨ ਅਰਥਾਤ 17 ਦਸੰਬਰ 2012 ਨੂੰ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਮੁਤਾਬਕ ਇਸ ਤੋਂ ਉਸ ਦੇ ਘਟਨਾ ਵਾਲੀ ਰਾਤ ਬਸੰਤ ਵਿਹਾਰ ਦਿੱਲੀ ਵਿਚ ਮੌਜੂਦ ਨਾ ਹੋਣ ਦਾ ਸੰਕੇਤ ਮਿਲਦਾ ਹੈ। ਇਸ ਤੋਂ ਇਲਾਵਾ ਦੋਸ਼ੀ ਨੇ ਤਿਹਾੜ ਜੇਲ੍ਹ ਪ੍ਰਸ਼ਾਸਨ 'ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਵੀ ਲਾਇਆ ਹੈ।
Photo
ਜ਼ਿਕਰਯੋਗ ਹੈ ਕਿ ਅਦਾਲਤ ਵਲੋਂ ਦੋਸ਼ੀਆਂ ਦੀ ਫ਼ਾਂਸੀ ਲਈ 20 ਮਾਰਚ ਲਈ ਡੈੱਥ ਵਾਰੰਟ ਜਾਰੀ ਕੀਤਾ ਹੋਇਆ ਹੈ। ਹੁਣ ਜਦੋਂ ਦੋਸ਼ੀਆਂ ਦੀ ਫ਼ਾਂਸੀ ਅੱਗੇ ਮਹਿਜ਼ ਤਿੰਨ ਦਿਨ ਦਾ ਸਮਾਂ ਬਚਿਆ ਹੈ ਤਾਂ ਦੋਸ਼ੀ ਨੇ ਇਹ ਪਟੀਸ਼ਨ ਦਾਇਰ ਕਰ ਦਿਤੀ ਹੈ। ਇਸ ਕਾਰਨ ਦੋਸ਼ੀ ਦੇ ਇਸ ਕਦਮ ਨੂੰ ਵੀ ਫਾਂਸੀ ਰੋਕਣ ਦੇ ਪੈਂਤੜੇ ਵਜੋਂ ਹੀ ਵੇਖਿਆ ਜਾ ਰਿਹਾ ਹੈ।
Photo
ਸਵਾਲ ਉਠਾਇਆ ਜਾ ਰਿਹਾ ਹੈ ਕਿ ਆਖ਼ਰ ਦੋਸ਼ੀ ਨੇ ਘਟਨਾ ਸਮੇਂ ਖੁਦ ਦੇ ਦਿੱਲੀ ਵਿਖੇ ਨਾ ਹੋਣ ਬਾਰੇ ਹੁਣ ਤਕ ਪਟੀਸ਼ਨ ਕਿਉਂ ਨਹੀਂ ਪਾਈ? ਦੱਸਣਯੋਗ ਹੈ ਕਿ ਦੋਸ਼ੀ ਦੀ ਰਹਿਮ ਦੀ ਅਪੀਲ ਦੁਬਾਰਾ ਦਾਇਰ ਕਰਨ ਦੀ ਇਜਾਜ਼ਤ ਮੰਗਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰੱਦ ਕਰ ਦਿਤਾ ਸੀ।
Photo
ਦੂਜੇ ਪਾਸੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਫਾਹੇ ਟੰਗਣ ਦੀਆਂ ਤਿਆਰੀਆਂ ਅਰੰਭ ਦਿਤੀਆਂ ਹਨ। ਜੇਲ੍ਹ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਦੇ ਸ਼ਹਿਰ ਮੇਰਠ ਤੋਂ ਪਵਨ ਜਲਾਦ ਨੂੰ 17 ਮਾਰਚ ਨੂੰ ਜੇਲ੍ਹ ਅੰਦਰ ਸੱਦ ਲਿਆ ਹੈ। ਇਸ ਤੋਂ ਪਹਿਲਾਂ ਕਾਨੂੰਨੀ ਵਿਕਲਪਾਂ ਦੇ ਬਚੇ ਹੋਣ ਕਾਰਨ ਦੋਸ਼ੀਆਂ ਦੀ ਫਾਂਸੀ ਤਿੰਨ ਵਾਰ ਟਲ ਚੁੱਕੀ ਹੈ। ਮੁਕੇਸ਼, ਪਵਨ ਅਤੇ ਵਿਨੇ ਦੀ ਉਨ੍ਹਾਂ ਦੇ ਪਰਵਾਰਾਂ ਨਾਲ ਮੁਲਾਕਾਤ ਵੀ ਹੋ ਚੁੱਕੀ ਹੈ।
Photo
ਇਸੇ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਅਕਸ਼ੈ ਦੇ ਪਰਵਾਰ ਨੂੰ ਫ਼ਾਂਸੀ ਮੁਲਾਕਾਤ ਦੀ ਤਰੀਕ ਬਾਰੇ ਸੂਚਿਤ ਕਰ ਦਿਤਾ ਗਿਆ ਹੈ। ਇੰਨਾ ਹੀ ਨਹੀਂ, ਫਾਂਸੀ ਟਾਲਣ ਲਈ ਦੋਸ਼ੀਆਂ ਦੇ ਪਰਵਾਰ ਵਾਲੇ ਵੀ ਪੈਂਤੜੇ ਅਜ਼ਮਾ ਰਹੇ ਹਨ। ਦੋਸ਼ੀਆਂ ਦੇ ਕੁੱਲ 13 ਪਰਵਾਰਕ ਮੈਂਬਰਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਵੱਲ ਪੱਤਰ ਲਿਖ ਕੇ ਸਵੈ ਇੱਛਾ ਮੌਤ ਦੇ ਅਧਿਕਾਰ ਦੀ ਇਜਾਜ਼ਤ ਮੰਗੀ ਹੈ।