
ਪ੍ਰਧਾਨ ਮੰਤਰੀ ਨੇ ਰਾਮ ਮੰਦਰ ਦੇ ਮੁੱਦਾ ’ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਲਾਇਆ ਨਿਸ਼ਾਨਾ
- ਕਿਹਾ, ਬੁਲਡੋਜ਼ਰ ਕਿੱਥੇ ਚਲਾਉਣੈ, ਇਸ ਬਾਰੇ ਯੋਗੀ ਤੋਂ ਲਈ ਜਾਵੇ ਟਿਊਸ਼ਨ
- ਪੂਰੀ ਦੁਨੀਆਂ ਜਾਣਦੀ ਹੈ ਕਿ ਮੋਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ : ਪ੍ਰਧਾਨ ਮੰਤਰੀ ਮੋਦੀ
ਬਾਰਾਬੰਕੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਐਸ.ਪੀ.) ਸੱਤਾ ’ਚ ਆਈ ਤਾਂ ਉਹ ਰਾਮ ਮੰਦਰ ’ਤੇ ਬੁਲਡੋਜ਼ਰ ਚਲਾਉਣਗੇ। ਮੋਦੀ ਨੇ ਇਹ ਵੀ ਕਿਹਾ ਕਿ ਉਨ੍ਹਾਂ (ਕਾਂਗਰਸ ਅਤੇ ਐਸ.ਪੀ.) ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਟਿਊਸ਼ਨ ਲੈਣੀ ਚਾਹੀਦੀ ਹੈ ਕਿ ਬੁਲਡੋਜ਼ਰ ਕਿੱਥੇ ਚਲਾਉਣਾ ਹੈ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਵੀ ਕਿਹਾ ਕਿ ‘ਇੰਡੀਆ’ ਗੱਠਜੋੜ ਅਸਥਿਰਤਾ ਪੈਦਾ ਕਰਨ ਲਈ ਮੈਦਾਨ ’ਚ ਹੈ ਅਤੇ ਚੋਣਾਂ ਦੇ ਅੱਗੇ ਵਧਣ ਨਾਲ ਇਹ ਤਾਸ਼ ਦੇ ਘਰ ਵਾਂਗ ਢਹਿ-ਢੇਰੀ ਹੋ ਰਿਹਾ ਹੈ।
ਮੋਦੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ ਅਤੇ ਨਵੀਂ ਸਰਕਾਰ ’ਚ ਉਨ੍ਹਾਂ ਨੂੰ ਗਰੀਬਾਂ, ਨੌਜੁਆਨਾਂ, ਔਰਤਾਂ ਅਤੇ ਕਿਸਾਨਾਂ ਲਈ ਕਈ ਵੱਡੇ ਫੈਸਲੇ ਲੈਣੇ ਹਨ ਅਤੇ ਇਸ ਲਈ ਉਹ ਬਾਰਾਬੰਕੀ ਅਤੇ ਮੋਹਨ ਲਾਲਗੰਜ ਦੇ ਲੋਕਾਂ ਦਾ ਆਸ਼ੀਰਵਾਦ ਲੈਣ ਆਏ ਹਨ।
ਉਨ੍ਹਾਂ ਕਿਹਾ, ‘‘4 ਜੂਨ ਦੂਰ ਨਹੀਂ ਹੈ। ਅੱਜ ਪੂਰਾ ਦੇਸ਼ ਅਤੇ ਪੂਰੀ ਦੁਨੀਆਂ ਜਾਣਦੀ ਹੈ ਕਿ ਮੋਦੀ ਸਰਕਾਰ ਹੈਟ੍ਰਿਕ ਬਣਾਉਣ ਜਾ ਰਹੀ ਹੈ।’’ ਉਨ੍ਹਾਂ ਕਿਹਾ, ‘‘ਇਕ ਪਾਸੇ ਭਾਜਪਾ ਦੀ ਅਗਵਾਈ ਵਾਲਾ ਐਨ.ਡੀ.ਏ. ਗੱਠਜੋੜ ਦੇਸ਼ ਦੇ ਹਿੱਤਾਂ ਨੂੰ ਸਮਰਪਿਤ ਹੈ ਅਤੇ ਦੂਜੇ ਪਾਸੇ ਦੇਸ਼ ਵਿਚ ਅਸਥਿਰਤਾ ਪੈਦਾ ਕਰਨ ਲਈ ‘ਇੰਡੀਆ’ ਗਠਜੋੜ ਹੈ। ਜਿਵੇਂ-ਜਿਵੇਂ ਚੋਣਾਂ ਅੱਗੇ ਵਧ ਰਹੀਆਂ ਹਨ, ਭਾਰਤ ਗੱਠਜੋੜ ਦੇ ਲੋਕ ਤਾਸ਼ ਦੇ ਘਰ ਵਾਂਗ ਢਹਿ-ਢੇਰੀ ਹੋ ਰਹੇ ਹਨ।’’
ਉਨ੍ਹਾਂ ਰੈਲੀ ’ਚ ਆਉਣ ਵਾਲੇ ਲੋਕਾਂ ਨੂੰ ਕਿਹਾ, ‘‘100 ਸੀਸੀ ਇੰਜਣ ਨਾਲ ਤੁਸੀਂ 1000 ਸੀਸੀ ਦੀ ਰਫਤਾਰ ਲੈ ਸਕਦੇ ਹੋ? ਜੇਕਰ ਤੁਸੀਂ ਵਿਕਾਸ ਦੀ ਤੇਜ਼ ਰਫਤਾਰ ਚਾਹੁੰਦੇ ਹੋ ਤਾਂ ਇਕ ਮਜ਼ਬੂਤ ਸਰਕਾਰ ਹੀ ਇਸ ਨੂੰ ਦੇ ਸਕਦੀ ਹੈ। ਸਿਰਫ ਭਾਜਪਾ ਸਰਕਾਰ ਹੀ ਦੇ ਸਕਦੀ ਹੈ।’’
ਪ੍ਰਧਾਨ ਮੰਤਰੀ ਨੇ ਸਪਾ ਅਤੇ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਲਈ ਰਾਮ ਮੰਦਰ ਦਾ ਮੁੱਦਾ ਵੀ ਚੁਕਿਆ। ਮੋਦੀ ਨੇ ਕਿਹਾ, ‘‘ਸਮਾਜਵਾਦੀ ਪਾਰਟੀ ਦੇ ਇਕ ਵੱਡੇ ਆਗੂ ਨੇ ਰਾਮ ਨੌਮੀ ਦੇ ਦਿਨ ਕਿਹਾ ਸੀ ਕਿ ਰਾਮ ਮੰਦਰ ਬੇਕਾਰ ਹੈ। ਇਸ ਦੇ ਨਾਲ ਹੀ ਕਾਂਗਰਸ ਰਾਮ ਮੰਦਰ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਲਈ ਸਿਰਫ ਉਨ੍ਹਾਂ ਦਾ ਪਰਵਾਰ ਅਤੇ ਸੱਤਾ ਹੀ ਮਹੱਤਵਰਖਦੀ ਹੈ।’’
ਉਨ੍ਹਾਂ ਦਾਅਵਾ ਕਰਦਿਆਂ ਕਿਹਾ, ‘‘ਜੇਕਰ ਐਸ.ਪੀ.-ਕਾਂਗਰਸ ਦੇ ਲੋਕ ਸੱਤਾ ’ਚ ਆਉਂਦੇ ਹਨ ਤਾਂ ਉਹ ਰਾਮ ਲਲਾ ਨੂੰ ਦੁਬਾਰਾ ਤੰਬੂ ’ਚ ਭੇਜਣਗੇ ਅਤੇ ਮੰਦਰ ’ਤੇ ਬੁਲਡੋਜ਼ਰ ਲਗਾ ਦੇਣਗੇ।’’
ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ ਦੇ ਨੇਤਾ ਰਾਮ ਗੋਪਾਲ ਯਾਦਵ ਨੇ ਹਾਲ ਹੀ ’ਚ ਅਪਣੀ ਟਿਪਣੀ ਨਾਲ ਵਿਵਾਦ ਖੜਾ ਕਰ ਦਿਤਾ ਸੀ ਕਿ ਅਯੁੱਧਿਆ ’ਚ ਰਾਮ ਮੰਦਰ ਬੇਕਾਰ ਹੈ ਕਿਉਂਕਿ ਇਸ ਦਾ ਨਿਰਮਾਣ ਸਹੀ ਢੰਗ ਨਾਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਦੇ ਬਿਆਨ ਦੀ ਯੋਗੀ ਆਦਿੱਤਿਆਨਾਥ ਨੇ ਸਖ਼ਤ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ‘ਇੰਡੀਆ’ ਗੱਠਜੋੜ ਦੀ ਅਸਲੀਅਤ ਨੂੰ ਦਰਸਾਉਂਦਾ ਹੈ। ਬਾਰਾਬੰਕੀ ’ਚ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ’ਚ 20 ਮਈ ਨੂੰ ਵੋਟਾਂ ਪੈਣਗੀਆਂ।
ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵੋਟ ਜੇਹਾਦ ਕਰਨ ਵਾਲਿਆਂ ਨੂੰ ਲੋਕਾਂ ਦੀ ਜਾਇਦਾਦ ਤੋਹਫਾ ਦੇਣਗੇ : ਮੋਦੀ
ਹਮੀਰਪੁਰ (ਉੱਤਰ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਸੱਤਾ ’ਚ ਆਉਣ ਲਈ ਲੋਕਾਂ ਦੀ ਵੋਟ ਦੀ ਵਰਤੋਂ ਕਰਨਗੇ ਅਤੇ ਫਿਰ ਅਪਣੀ ਜਾਇਦਾਦ ਦਾ ਇਕ ਹਿੱਸਾ ਉਨ੍ਹਾਂ ਲੋਕਾਂ ਨੂੰ ਤੋਹਫ਼ੇ ’ਚ ਦੇਣਗੇ ਜੋ ਉਨ੍ਹਾਂ ਲਈ ‘ਜੇਹਾਦ’ ਵੋਟ ਦਿੰਦੇ ਹਨ।
ਇੱਥੇ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਉੱਤਰ ਪ੍ਰਦੇਸ਼ ’ਚ ਦੋ ਵਿਰੋਧੀ ਸਹਿਯੋਗੀਆਂ ਦੇ ‘ਇਰਾਦਿਆਂ’ ਵਿਰੁਧ ਚੇਤਾਵਨੀ ਦਿਤੀ। ਉਨ੍ਹਾਂ ਕਿਹਾ, ‘‘ਅੱਜ ਮੈਂ ਤੁਹਾਨੂੰ ਐਸ.ਪੀ. ਅਤੇ ਕਾਂਗਰਸ ਵਿਰੁਧ ਚੇਤਾਵਨੀ ਦੇਣ ਆਇਆ ਹਾਂ। ਉਹ ਤੁਹਾਡੀਆਂ ਵੋਟਾਂ ਲੈਣਗੇ, ਪਰ ਸੱਤਾ ’ਚ ਆਉਣ ਤੋਂ ਬਾਅਦ ਉਹ ਇਹ ਤੋਹਫ਼ੇ ਉਨ੍ਹਾਂ ਲੋਕਾਂ ਨੂੰ ਵੰਡਣਗੇ ਜੋ ਉਨ੍ਹਾਂ ਲਈ ‘ਵੋਟ ਜੇਹਾਦ’ ਕਰਦੇ ਹਨ।’’
ਉਨ੍ਹਾਂ ਕਿਹਾ, ‘‘ਇਸ ਵਾਰ ਐਸ.ਪੀ.-ਕਾਂਗਰਸ ਨੇ ਚੋਣਾਂ ਤੋਂ ਪਹਿਲਾਂ ਅਪਣੇ ਇਰਾਦੇ ਸਪੱਸ਼ਟ ਕਰ ਦਿਤੇ ਹਨ। ਕਾਂਗਰਸ ਕਹਿ ਰਹੀ ਹੈ ਕਿ ਉਹ ਸਾਰਿਆਂ ਦੀ ਜਾਇਦਾਦ ਦੀ ਜਾਂਚ ਕਰੇਗੀ। ਫਿਰ ਉਹ ਤੁਹਾਡੀ ਜਾਇਦਾਦ ਦਾ ਇਕ ਹਿੱਸਾ ਉਨ੍ਹਾਂ ਲਈ ‘ਵੋਟ ਜੇਹਾਦ’ ਕਰਨ ਵਾਲੇ ਵੋਟ ਬੈਂਕ ਨੂੰ ਦੇ ਦੇਣਗੇ।’’
ਜ਼ਿਕਰਯੋਗ ਹੈ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਅਹੁਦੇਦਾਰ ਅਤੇ ਕਾਂਗਰਸ ਨੇਤਾ ਸਲਮਾਨ ਖੁਰਸ਼ੀਦ ਦੀ ਭਤੀਜੀ ਮਾਰੀਆ ਆਲਮ ਨੇ 29 ਅਪ੍ਰੈਲ ਨੂੰ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਫਰੂਖਾਬਾਦ ਲੋਕ ਸਭਾ ਸੀਟ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਨਵਲ ਕਿਸ਼ੋਰ ਸ਼ਾਕਯਾ ਦੇ ਹੱਕ ਵਿਚ ‘ਵੋਟ ਜੇਹਾਦ’ ਦਾ ਸੱਦਾ ਦਿਤਾ ਸੀ। ਉਦੋਂ ਤੋਂ ਹੀ ਮੋਦੀ ‘ਵੋਟ ਜੇਹਾਦ’ ਨੂੰ ਲੈ ਕੇ ‘ਇੰਡੀਆ’ ਗੱਠਜੋੜ ’ਤੇ ਤਿੱਖਾ ਹਮਲਾ ਕਰ ਰਹੇ ਹਨ।
ਹਮੀਰਪੁਰ ਲੋਕ ਸਭਾ ਸੀਟ ਲਈ 11 ਉਮੀਦਵਾਰ ਮੈਦਾਨ ’ਚ ਹਨ। ਮੁੱਖ ਮੁਕਾਬਲਾ ਭਾਜਪਾ ਦੇ ਕੁੰਵਰ ਪੁਸ਼ਪੇਂਦਰ ਸਿੰਘ ਚੰਦੇਲ ਅਤੇ ਸਮਾਜਵਾਦੀ ਪਾਰਟੀ ਦੇ ਅਜੇਂਦਰ ਸਿੰਘ ਲੋਧੀ ਵਿਚਕਾਰ ਹੈ। ਇਸ ਹਲਕੇ ’ਚ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ’ਚ 20 ਮਈ ਨੂੰ ਵੋਟਾਂ ਪੈਣਗੀਆਂ।