
ਮਨੋਜ ਪਾਂਡੇ ਨੇ ਨੌਜਵਾਨਾਂ ਨੂੰ ਹਿੰਸਕ ਪ੍ਰਦਰਸ਼ਨ ਨਾ ਕਰਨ ਅਤੇ ਫੌਜ ਵਿਚ ਭਰਤੀ ਦੀ ਇਸ ਨਵੀਂ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ।
ਨਵੀਂ ਦਿੱਲੀ: ਦੇਸ਼ ਦੇ ਕਈ ਸੂਬਿਆਂ ਵਿਚ ਅਗਨੀਪਥ ਯੋਜਨਾ ਨੂੰ ਲੈ ਕੇ ਹੋਰ ਰਹੇ ਵਿਰੋਧ ਵਿਚਾਲੇ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਨੌਜਵਾਨਾਂ ਨੂੰ ਖ਼ਾਸ ਅਪੀਲ ਕੀਤੀ ਹੈ। ਮਨੋਜ ਪਾਂਡੇ ਨੇ ਨੌਜਵਾਨਾਂ ਨੂੰ ਹਿੰਸਕ ਪ੍ਰਦਰਸ਼ਨ ਨਾ ਕਰਨ ਅਤੇ ਫੌਜ ਵਿਚ ਭਰਤੀ ਦੀ ਇਸ ਨਵੀਂ ਯੋਜਨਾ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਇਹ ਐਲਾਨ ਕੀਤਾ ਹੈ ਕਿ ਪਹਿਲਾ ਅਗਨੀਵੀਰ ਦਸੰਬਰ 2022 ਤੱਕ ਸਾਡੇ ਰੈਜੀਮੈਂਟਲ ਕੇਂਦਰਾਂ ਵਿਚ ਸ਼ਾਮਲ ਹੋ ਜਾਵੇਗਾ ਅਤੇ ਅਗਲੇ ਸਾਲ ਦੇ ਮੱਧ ਤੱਕ ਸਾਡੇ ਸਾਡੇ ਸੰਚਾਲਨ ਅਤੇ ਗੈਰ-ਕਾਰਜਸ਼ੀਲ ਅਹੁਦਿਆਂ 'ਤੇ ਤਾਇਨਾਤੀ ਲਈ ਉਪਲਬਧ ਹੋਵੇਗਾ।
ਦੂਜੇ ਪਾਸੇ ਏਅਰ ਚੀਫ ਮਾਰਸ਼ਲ ਵੀਆਰ ਚੌਧਰੀ ਨੇ ਐਲਾਨ ਕੀਤਾ ਹੈ ਕਿ ਭਾਰਤੀ ਹਵਾਈ ਸੈਨਾ ਲਈ ਭਰਤੀ ਪ੍ਰਕਿਰਿਆ 24 ਜੂਨ ਤੋਂ ਸ਼ੁਰੂ ਹੋਵੇਗੀ। ਜਨਰਲ ਪਾਂਡੇ ਨੇ ਅੱਗੇ ਕਿਹਾ ਕਿ ਭਰਤੀ ਪ੍ਰਕਿਰਿਆ ਸਬੰਧੀ ਦੋ ਦਿਨ ਵਿਚ ਐਲਾਨ ਕੀਤਾ ਜਾਵੇਗਾ। ਮਨੋਜ ਪਾਂਡੇ ਨੇ ਕਿਹਾ ਕਿ ਭਰਤੀ ਪ੍ਰਕਿਰਿਆ ਜਲਦ ਹੀ ਸ਼ੁਰੂ ਹੋ ਰਹੀ ਹੈ। ਅਗਲੇ 2 ਦਿਨਾਂ ਵਿਚ http://joinindianarmy.nic.in/ ’ਤੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਸ ਤੋਂ ਬਾਅਦ ਸਾਡੀ ਫੌਜ ਦੀ ਭਰਤੀ ਸੰਸਥਾ ਰਜਿਸਟ੍ਰੇਸ਼ਨ ਦੀ ਵਿਸਤ੍ਰਿਤ ਸ਼ਡਿਊਲ ਦਾ ਐਲਾਨ ਕਰੇਗੀ।
ਥਲ ਸੈਨਾ ਮੁਖੀ ਨੇ ਨੌਜਵਾਨਾਂ ਨੂੰ ‘ਅਗਨੀਵੀਰ’ ਵਜੋਂ ਭਾਰਤੀ ਫੌਜ ਵਿਚ ਭਰਤੀ ਹੋਣ ਦੇ ਮੌਕੇ ਦਾ ਲਾਭ ਉਠਾਉਣ ਦਾ ਸੱਦਾ ਵੀ ਦਿੱਤਾ। ਫੌਜ ਮੁਖੀ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੇ 2022 ਦੀ ਭਰਤੀ ਪ੍ਰਕਿਰਿਆ ਲਈ ਭਰਤੀ ਹੋਣ ਵਾਲਿਆਂ ਦੀ ਦਾਖਲਾ ਉਮਰ ਵਧਾ ਕੇ 23 ਸਾਲ ਕਰਨ ਕਰ ਦਿੱਤੀ ਹੈ। ਇਹ ਫੈਸਲਾ ਸਾਡੇ ਬਹੁਤ ਸਾਰੇ ਨੌਜਵਾਨ, ਊਰਜਾਵਾਨ ਅਤੇ ਦੇਸ਼ ਭਗਤ ਨੌਜਵਾਨਾਂ ਲਈ ਇਕ ਮੌਕਾ ਪ੍ਰਦਾਨ ਕਰੇਗਾ ਜੋ ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਭਰਤੀ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਸਨ।