
ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ ਨੂੰ ਸੋਚ ਸਮਝ ਕੇ ਜਨਤਕ ਬਿਆਨ ਦੇਣਾ ਚਾਹੀਦਾ ਹੈ- ਜਯਾ ਬਚਨ
ਨਵੀਂ ਦਿੱਲੀ: ਬੀਤੇ ਦਿਨ ਉਤਰਾਖੰਡ ਦੇ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋ ਗਿਆ ਹੈ। ਦਰਅਸਲ ਤੀਰਥ ਸਿੰਘ ਰਾਵਤ ਨੇ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ਗੋਡਿਆਂ ਤੋਂ ਫਟੀਆਂ ਜੀਨਸ ਪਹਿਨ ਰਹੀਆਂ ਔਰਤਾਂ ਨੂੰ ਦੇਖ ਕੇ ਉਹਨਾਂ ਨੂੰ ਹੈਰਾਨੀ ਹੁੰਦੀ ਹੈ।
Tirath Singh Rawat
ਇਸ ਬਿਆਨ ਤੋਂ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਦੀ ਕਾਫੀ ਅਲੋਚਨਾ ਕੀਤੀ ਜਾ ਰਹੀ ਹੈ। ਆਮ ਲੋਕਾਂ ਤੋਂ ਇਲਾਵਾ ਬਾਲੀਵੁੱਡ ਸਿਤਾਰੇ ਤੇ ਮਹਿਲਾ ਆਗੂ ਵੀ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕਰ ਰਹੇ ਹਨ। ਇਸ ਦੇ ਚਲਦਿਆਂ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਅਤੇ ਅਦਾਕਾਰ ਜਯਾ ਬਚਨ ਨੇ ਵੀ ਤੀਰਥ ਸਿੰਘ ਰਾਵਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੱਤੀ ਹੈ।
Jaya Bachchan
ਜਯਾ ਬਚਨ ਨੇ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਇਕ ਸੂਬੇ ਦੇ ਮੁੱਖ ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ। ਉੱਚ ਅਹੁਦਿਆਂ ਉੱਤੇ ਬੈਠੇ ਲੋਕਾਂ ਨੂੰ ਸੋਚ ਸਮਝ ਕੇ ਜਨਤਕ ਬਿਆਨ ਦੇਣਾ ਚਾਹੀਦਾ ਹੈ। ਅੱਜ ਦੇ ਜ਼ਮਾਨੇ ਵਿਚ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਅਤੇ ਤੁਸੀਂ ਕੱਪੜਿਆਂ ਨਾਲ ਫੈਸਲਾ ਲਓਗੇ ਕਿ ਕੌਣ ਸੰਸਕਾਰੀ ਹੈ...ਕੌਣ ਨਹੀਂ। ਇਹ ਬਹੁਤ ਗਲਤ ਹੈ’।
Navya Naveli Nanda
ਜਯਾ ਬਚਨ ਤੋਂ ਪਹਿਲਾਂ ਉਹਨਾਂ ਦੀ ਦੋਹਤੀ ਨਵਯਾ ਨਵੇਲੀ ਨੰਦਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੱਤੀ ਹੈ। ਨਵਯਾ ਨੇ ਲਿਖਿਆ ਸੀ, ‘ਸਾਡੇ ਕੱਪੜਿਆਂ ਨੂੰ ਬਦਲਣ ਤੋਂ ਪਹਿਲਾਂ ਅਪਣੀ ਮਾਨਸਿਕਤਾ ਬਦਲੋ। ਇੱਥੇ ਸਿਰਫ ਇਹ ਗੱਲ ਹੈਰਾਨ ਕਰਨ ਵਾਲੀ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ...’।
Uttarakhand CM - Gul Panag
ਗੁਲ ਪਨਾਗ ਨੇ ਵੀ ਕੀਤਾ ਟਵੀਟ
ਉਤਰਾਖੰਡ ਦੇ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਗੁਲ ਪਨਾਗ ਨੇ ਟਵਿਟਰ ’ਤੇ ਅਪਣੀ ਅਤੇ ਅਪਣੀ ਬੱਚੀ ਦੀ ਤਸਵੀਰ ਸ਼ੇਅਰ ਕੀਤੀ। ਇਸ ਦੇ ਨਾਲ ਗੁਲ ਪਨਾਗ ਨੇ ਕੈਪਸ਼ਨ ਲਿਖ ਕੇ ਔਰਤਾਂ ਨੂੰ ਰਿਪਡ ਜੀਨਸ ਪਾਉਣ ਲਈ ਕਿਹਾ। ਅਦਾਕਾਰਾ ਨੇ ਲਿਖਿਆ, ‘ਰਿਪਡ ਜੀਨਸ ਲੈ ਕੇ ਆਓ’। ਇਸ ਤੋਂ ਇਲਾਵਾ ਟੀਐਮਸੀ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਟਵੀਟ ਕਰਕੇ ਉਤਰਾਖੰਡ ਦੇ ਮੁੱਖ ਮੰਤਰੀ ਨੂੰ ਠੋਕਵਾਂ ਜਵਾਬ ਦਿੱਤਾ ਹੈ।