
ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਗਹਿਲੋਤ ਨੇ ਤੀਜੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਨਵੀਂ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੋਏ......
ਜੈਪੁਰ/ਭੋਪਾਲ/ਰਾਏਪੁਰ : ਕਾਂਗਰਸ ਦੇ ਸੀਨੀਅਰ ਆਗੂ ਅਸ਼ੋਕ ਗਹਿਲੋਤ ਨੇ ਤੀਜੀ ਵਾਰ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਨਵੀਂ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਸ਼ਾਮਲ ਹੋਏ ਸਚਿਨ ਪਾਇਲਟ ਨੇ ਵੀ ਅਹੁਦੇ ਦੀ ਸਹੁੰ ਚੁੱਕੀ। ਸਮਾਗਮ ਵਿਚ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਵਿਰੋਧੀ ਪਾਰਟੀਆਂ ਦੇ ਸੀਨੀਅਰ ਆਗੂ ਮੌਜੂਦ ਸਨ। ਰਾਜ ਵਿਚ ਤੀਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਉਹ ਚੌਥੇ ਨੇਤਾ ਹਨ।
ਉਨ੍ਹਾਂ ਇੰਦਰਾ ਗਾਂਧੀ ਨਾਲ ਵੀ ਕੰਮ ਕੀਤਾ ਹੈ। ਸਮਾਗਮ ਵਿਚ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਚੰਦਰਬਾਬੂ ਨਾਇਡੂ, ਸ਼ਰਦ ਪਵਾਰ, ਸ਼ਰਦ ਯਾਦਵ, ਭੁਪਿੰਦਰ ਸਿੰਘ ਹੁੱਡਾ, ਐਮ ਕੇ ਸਟਾਲਿਨ ਆਦਿ ਨੇਤਾ ਸ਼ਾਮਲ ਹੋਏ। ਉਧਰ, ਸੀਨੀਅਰ ਕਾਂਗਰਸ ਆਗੂ ਕਮਲਨਾਥ ਨੇ ਦੁਪਹਿਰ ਸਮੇਂ ਮੱਧ ਪ੍ਰਦੇਸ਼ ਦੇ 18ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਜਪਾਲ ਆਨੰਦੀਬੇਨ ਪਟੇਲ ਨੇ ਉਨ੍ਹਾਂ ਨੂੰ ਸ਼ਹਿਰ ਦੇ ਜੰਬੂਰੀ ਮੈਦਾਨ ਵਿਚ ਹੋਏ ਸਮਾਗਮ ਦੌਰਾਨ ਸਹੁੰ ਚੁਕਾਈ। ਕਮਲਨਾਥ ਨੇ ਹਿੰਦੀ ਵਿਚ ਸਹੁੰ ਚੁੱਕੀ ਅਤੇ ਇਕੱਲੇ ਹੀ ਸਹੁੰ ਚੁੱਕੀ।
ਮੰਤਰੀਆਂ ਨੂੰ ਬਾਅਦ ਵਿਚ ਸਹੁੰ ਚੁਕਾਈ ਜਾਵੇਗੀ। ਸਮਾਗਮ ਵਿਚ ਰਾਹੁਲ ਗਾਂਧੀ, ਕਮਲਨਾਥ ਅਤੇ ਜਯੋਤੀਰਾਦਿਤਿਯ ਸਿੰਧੀਆ ਦੇ ਮੰਚ 'ਤੇ ਆਉਂਦਿਆਂ ਹੀ ਕਾਂਗਰਸ ਕਾਰਕੁਨਾਂ ਨੇ ਪੂਰੇ ਜੋਸ਼ ਨਾਲ ਨਾਹਰੇ ਲਾਏ। ਸਮਾਗਮ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਐਚ ਡੀ ਕੁਮਾਰਸਵਾਮੀ, ਵੀ ਨਾਰਾਇਣਸਾਮੀ, ਸ਼ਿਵ ਰਾਜ ਸਿੰਘ ਚੌਹਾਨ, ਐਮ ਕੇ ਸਟਾਲਿਲ, ਚੰਦਰਬਾਬੂ ਨਾਇਡੂ, ਐਚ ਡੀ ਦੇਵਗੌੜਾ, ਸ਼ਰਦ ਯਾਦਵ, ਤੇਜੱਸਵੀ ਯਾਦਵ, ਸ਼ਰਦ ਪਵਾਰ, ਨਵਜੋਤ ਸਿੰਘ ਸਿੱਧੂ,
ਪ੍ਰਫੂਲ ਪਟੇਲ, ਫ਼ਾਰੁਖ਼ ਅਬਦੁੱਲਾ ਆਦਿ ਸ਼ਾਮਲ ਹੋਏ। ਇਸੇ ਦੌਰਾਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਭੂਪੇਸ਼ ਬਘੇਲ ਨੇ ਸਹੁੰ ਚੁੱਕੀ। ਰਾਏਪੁਰ ਦੇ ਬਲਬੀਰ ਜੁਨੇਜਾ ਇਨਡੋਰ ਸਟੇਡੀਅਮ ਵਿਚ ਸਹੁੰ ਚੁੱਕ ਸਮਾਗਮ ਹੋਇਆ ਜਿਸ ਵਿਚ ਰਾਹੁਲ ਗਾਂਧੀ, ਡਾ. ਮਨਮੋਹਨ ਸਿੰਘ ਤੇ ਹੋਰ ਆਗੂ ਸ਼ਾਮਲ ਹੋਏ। ਟੀ ਐਸ ਸਿੰਹਦੇਵ ਨੇ ਵੀ ਮੰਤਰੀ ਵਜੋਂ ਸਹੁੰ ਚੁੱਕੀ। (ਏਜੰਸੀ)