
ਭਾਜਪਾ ਆਗੂ ਅਰੁਣ ਜੇਤਲੀ ਨੇ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਦਾ ਸਵਾਗਤ ਕੀਤਾ ਅਤੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ........
ਨਵੀਂ ਦਿੱਲੀ : ਭਾਜਪਾ ਆਗੂ ਅਰੁਣ ਜੇਤਲੀ ਨੇ ਕਾਂਗਰਸ ਆਗੂ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਦਾ ਸਵਾਗਤ ਕੀਤਾ ਅਤੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਲਈ ਕਾਂਗਰਸ 'ਤੇ ਹੱਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਸਿੱਖ ਕਮਲਨਾਥ ਨੂੰ ਕਤਲੇਆਮ ਦਾ ਦੋਸ਼ੀ ਮੰਨਦੇ ਹਨ। ਜੇਤਲੀ ਨੇ ਸੱਜਣ ਕੁਮਾਰ ਨੂੰ ਸਿੱਖ ਵਿਰੋਧੀ ਕਤਲੇਆਮ ਦਾ ਪ੍ਰਤੀਕ ਕਰਾਰ ਦਿਤਾ ਅਤੇ ਕਿਹਾ ਕਿ ਦੇਸ਼ ਵਿਚ ਇਸ ਤੋਂ ਵੱਡੇ ਪੱਧਰ 'ਤੇ ਹਤਿਆਵਾਂ ਕਦੇ ਨਹੀਂ ਹੋਈਆਂ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਅਤੇ ਸੱਤਾਧਿਰ ਗਾਂਧੀ ਪਰਵਾਰ ਮਾਮਲੇ ਨੂੰ ਦਬਾਉਣ ਵਿਚ ਲੱਗੇ ਹੋਏ ਸੀ। ਉਨ੍ਹਾਂ ਕਿਹਾ ਕਿ ਫ਼ੈਸਲਾ ਬੇਸ਼ੱਕ ਦੇਰ ਨਾਲ ਆਇਆ ਹੈ
ਪਰ ਇਨਸਾਫ਼ ਹੋਇਆ ਹੈ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਰੋਜ਼ਾਨਾ ਚੱਲ ਰਹੀ ਸੁਣਵਾਈ ਵਿਚ ਹੋਰ ਫ਼ੈਸਲੇ ਸਾਹਮਣੇ ਆਉਣਗੇ। ਜੇਤਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਫ਼ੈਸਲਾ ਅਜਿਹੇ ਸਮੇਂ ਆਇਆ ਜਦ ਕਾਂਗਰਸ ਦੇ ਉਹ ਨੇਤਾ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਰਹੇ ਸਨ ਜਿਨ੍ਹਾਂ ਨੂੰ ਸਿੱਖ ਦੋਸ਼ੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੁਆਰਾ ਬਣਾਏ ਕਮਿਸ਼ਨ ਨੇ ਵੇਲੇ ਦੀ ਸਰਕਾਰ ਨੂੰ ਕਲੀਨ ਚਿੱਟ ਦੇ ਦਿਤੀ ਸੀ ਪਰ ਅਟਲ ਬਿਹਾਰੀ ਵਾਜਪਾਈ ਸਰਕਾਰ ਦੁਆਰਾ ਬਣਾਏ ਗਏ ਕਮਿਸ਼ਨ ਨੇ ਹਰ ਥਾਣੇ ਤੋਂ ਕਤਲੇਆਮ ਦੇ ਮਾਮਲੇ ਨੂੰ ਇਕੱਠਾ ਕੀਤਾ। (ਏਜੰਸੀ)