
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੋਪਾਲ ਦੇ ਮੇਅਰ ਆਲੋਕ ਸ਼ਰਮਾ ਨੇ ਦੱਸਿਆ ਕਿ ਇਸ ਕੰਮ ਲਈ ਨਿਗਮ ਦੇ ਬਜਟ ਵਿਚ ਇਕ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ।
ਜੈਪੁਰ : ਮੱਧ ਪ੍ਰਦੇਸ਼ ਦਾ ਭੋਪਾਲ ਨਗਰ ਨਿਗਮ ਗਾਵਾਂ ਲਈ ਸ਼ਮਸ਼ਾਨ ਘਾਟ ਬਣਾਵੇਗਾ । ਅਜਿਹਾ ਕਿਹਾ ਜਾ ਰਿਹਾ ਹੈ ਕਿ ਗਾਵਾਂ ਲਈ ਦੇਸ਼ ਦਾ ਇਹ ਪਹਿਲਾ ਸ਼ਮਸ਼ਾਨ ਘਾਟ ਹੋਵੇਗਾ। ਨੀਲਬੜ-ਰਾਤੀਬੜ ਸੜਕ ਦੇ ਨੇੜੇ ਇਸ ਦੇ ਲਈ ਪੰਜ ਏਕੜ ਜ਼ਮੀਨ ਦੀ ਭਾਲ ਵੀ ਸ਼ੁਰੂ ਕਰ ਦਿਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੋਪਾਲ ਦੇ ਮੇਅਰ ਆਲੋਕ ਸ਼ਰਮਾ ਨੇ ਦੱਸਿਆ ਕਿ ਇਸ ਕੰਮ ਲਈ ਨਿਗਮ ਦੇ ਬਜਟ ਵਿਚ ਇਕ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਸੀ।
Bhopal Mayor Alok Sharma
ਮੇਅਰ ਨੇ ਦੱਸਿਆ ਕਿ ਕਾਰਪੋਰੇਸ਼ਨ ਕਮਿਸ਼ਨਰ ਬੀ ਵਿਜੇ ਦੱਤਾ ਨੂੰ ਇਸ ਦੀ ਡੀਪੀਆਰ ਬਣਾਉਣ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਦੇਸ਼ ਵਿਚ ਸਾਲਾਂ ਤੋਂ ਗਾਵਾਂ ਦੀ ਪੂਜਾ ਹੁੰਦੀ ਆ ਰਹੀ ਹੈ, ਫਿਰ ਵੀ ਦੁੱਖ ਦੀ ਗੱਲ ਇਹ ਹੈ ਕਿ ਜਦ ਤੱਕ ਗਾਂ ਦੁੱਧ ਦਿੰਦੀ ਹੈ, ਉਸ ਵੇਲ੍ਹੇ ਤੱਕ ਇਸ ਨੂੰ ਗਊ ਮਾਤਾ ਕਿਹਾ ਜਾਂਦਾ ਹੈ, ਪਰ ਦੁੱਧ ਦੇਣਾ ਬੰਦ ਕਰ ਦਿੰਦੀ ਹੈ ਤਾਂ ਉਸ ਨੂੰ ਅਵਾਰਾ ਪਸ਼ੂ ਦਾ ਨਾਮ ਦੇ ਦਿਤਾ ਜਾਂਦਾ ਹੈ। ਦੱਸ ਦਈਏ ਕਿ ਇਸ ਪ੍ਰੌਜੈਕਟ 'ਤੇ ਪਹਿਲਾਂ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਕਾਰਜਕਾਲ ਦੌਰਾਨ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।
MP CM Kamal Nath
ਇਸ ਸਬੰਧੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਗਾਵਾਂ ਸਬੰਧੀ ਜਦ ਕਦੇ ਵੀ ਅਜਿਹੀ ਕੋਈ ਪਹਿਲ ਕੀਤੀ ਜਾਂਦੀ ਹੈ ਤਾਂ ਉਸ ਨੂੰ ਭਰਵਾ ਹੁੰਗਾਰਾ ਦਿਤਾ ਜਾਣਾ ਚਾਹੀਦਾ ਹੈ। ਸੀਐਮ ਨੇ ਕਿਹਾ ਕਿ ਸਰਕਾਰ ਗਾਵਾਂ ਦੀ ਭਲਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰੇਗੀ । ਦੱਸ ਦਈਏ ਕਿ ਕਾਂਗਰਸ ਨੇ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਅਪਣੇ ਮੈਨੀਫੈਸਟੋ ਵਿਚ ਪੰਚਾਇਤ ਪੱਧਰ 'ਤੇ ਗਊਸ਼ਾਲਾਵਾਂ ਦੀ ਉਸਾਰੀ ਦਾ ਵਾਅਦਾ ਕੀਤਾ ਸੀ, ਜਿਸ ਨੂੰ ਪੂਰਾ ਕੀਤਾ ਜਾ ਰਿਹਾ ਹੈ।
Gaushala
ਕੁਝ ਦਿਨ ਪਹਿਲਾਂ ਪਸ਼ੂ ਪਾਲਣ ਮੰਤਰੀ ਲਾਖਨ ਸਿੰਘ ਯਾਦਵ ਨੇ ਸਬੰਧਤ ਅਧਿਕਾਰੀਆਂ ਨਾਲ ਇਕ ਸਮੀਖਿਆ ਬੈਠਕ ਦੌਰਾਨ ਸੜਕ 'ਤੇ ਘੁੰਮਣ ਵਾਲੇ ਲਾਵਾਰਸ ਪਸ਼ੂਆਂ ਨੂੰ ਕਾਂਜੀ ਹਾਊਸ ਅਤੇ ਗਊਸ਼ਾਲਾਵਾਂ ਵਿਚ ਰੱਖਣ ਦੇ ਨਿਰਦੇਸ਼ ਦਿਤੇ ਸਨ। ਰਾਜ ਵਿਚ ਬੇਸਹਾਰਾ ਗਾਵਾਂ ਨੂੰ ਯੂਆਈਡੀ ਟੈਗ ਨਾਲ ਰਜਿਸਟਰ ਕੀਤਾ ਜਾ ਰਿਹਾ ਹੈ। ਸੱਭ ਤੋਂ ਪਹਿਲਾਂ ਹਾਈਵੇਅ ਦੇ ਨੇੜਲੇ ਖੇਤਰਾਂ ਵਿਚ ਗਊਸ਼ਾਲਾਵਾਂ ਖੋਲ੍ਹੀਆਂ ਜਾਣਗੀਆਂ। ਇਸ ਯੋਜਨਾ ਨੂੰ ਪਾਇਲਟ ਪ੍ਰੋਜੈਕਟ ਦੇ ਤੌਰ 'ਤੇ ਭੋਪਾਲ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।