
ਪਿਛਲੇ 15 ਸਾਲਾਂ ਸੁੱਕੀ ਪਈ ਸੀ ਨਾਗਨਦੀ ਨਦੀ
ਵੇੱਲੋਰ : ਭਾਰਤ ਦਾ ਲਗਭਗ ਅੱਧਾ ਹਿੱਸਾ ਸੋਕੇ ਦੀ ਮਾਰ ਝੱਲ ਰਿਹਾ ਹੈ। ਅਜਿਹੇ 'ਚ ਲੋਕਾਂ ਨੇ ਖ਼ੁਦ ਹੀ ਆਪਣੀ ਹਾਲਤ ਨੂੰ ਸੁਧਾਰਨ ਦੀ ਮੁਹਿੰਮ ਛੇੜ ਦਿੱਤੀ ਹੈ। ਤਾਮਿਲਨਾਡੂ ਦੇ ਸੋਕਾਗ੍ਰਸਤ 24 ਜ਼ਿਲ੍ਹਿਆਂ 'ਚੋਂ ਇਕ ਵੇੱਲੋਰ 'ਚ ਔਰਤਾਂ ਨੇ ਨਾਗਨਦੀ ਨੂੰ ਦੁਬਾਰਾ ਜ਼ਿੰਦਾ ਕੀਤਾ ਹੈ। ਪਿਛਲੇ ਕਈ ਦਹਾਕਿਆਂ ਤੋਂ ਇਹ ਨਦੀ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਮੁਢਲਾ ਸਰੋਤ ਰਹੀ ਹੈ ਪਰ ਪਿਛਲੇ 15 ਸਾਲ ਤੋਂ ਇਹ ਨਦੀ ਸੁੱਕੀ ਪਈ ਸੀ।
20,000 Women Revived A Dry River In Tamil Nadu
ਇਕ ਪਾਸੇ ਜਿੱਥੇ ਦੇਸ਼ ਦਾ ਵੱਡਾ ਹਿੱਸਾ ਸੋਕੇ ਦੀ ਮਾਰ ਝੱਲ ਰਿਹਾ ਹੈ, ਉੱਥੇ ਹੀ ਵੇੱਲੋਰ ਦੇ ਕਈ ਪਿੰਡਾਂ 'ਚ ਲੋਕਾਂ ਕੋਲ ਪੀਣ ਅਤੇ ਖੇਤਾਂ ਦੀ ਸਿੰਜਾਈ ਕਰਨ ਲਈ ਪੂਰਾ ਪਾਣੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਸਰਕਾਰੀ ਯੋਜਨਾਵਾਂ ਨਾਲ ਮਿਲ ਕੇ ਲੋਕ ਕਿਵੇਂ ਆਪਣੀਆਂ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹਨ। ਵੇੱਲੋਰ ਵਿਚ 4 ਸਾਲ 'ਚ 20,000 ਔਰਤਾਂ ਨੇ 3500 ਰਿਚਾਰਜ ਵੈੱਲ (ਖੂਹ) ਅਤੇ ਵੱਡੀ ਗਿਣਤੀ 'ਚ ਰੋੜੀ ਦੀਆਂ ਡੌਲਾਂ ਬਣਾਈਆਂ, ਜਿਸ ਤੋਂ ਮੀਂਹ ਦੇ ਪਾਣੀ ਦਾ ਬਹਾਅ ਹੌਲੀ ਕੀਤਾ ਜਾ ਸਕੇ। ਖੂਹਾਂ ਦੀ ਮਦਦ ਨਾਲ ਮੀਂਹ ਦਾ ਪਾਣੀ ਜ਼ਮੀਨ ਹੇਠ ਜਮਾਂ ਕੀਤਾ ਜਾਂਦਾ ਹੈ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਰਹਿੰਦਾ ਹੈ। ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੀ ਬਦੌਲਤ ਆਖ਼ਰਕਾਰ 2018 'ਚ ਇਹ ਨਦੀ ਮੁੜ ਪਾਣੀ ਨਾਲ ਭਰ ਗਈ।
20,000 Women Revived A Dry River In Tamil Nadu
ਆਰਟ ਆਫ਼ ਲਿਵਿੰਗ ਫ਼ਾਊਂਡੇਸ਼ਨ ਦੀ ਇਸ ਪਹਿਲ ਨਾਗਨਦੀ ਰਿਜੁਵਨੇਸ਼ਨ ਪ੍ਰਾਜੈਕਟ ਦੇ ਡਾਇਰੈਕਟਰ ਚੰਦਰਸ਼ੇਖਰਨ ਕੁਪੰਨ ਨੇ ਦੱਸਿਆ ਕਿ ਨਦੀ ਧਰਤੀ ਤੋਂ ਉੱਪਰ ਉਦੋਂ ਵੱਗਦੀ ਹੈ, ਜਦੋਂ ਭੂਮੀਗਤ ਪਾਣੀ ਪੂਰਾ ਹੋਵੇ। ਇਸ ਲਈ ਸਿਰਫ਼ ਨਦੀ ਦਾ ਬਹਾਅ ਜ਼ਰੂਰੀ ਨਹੀਂ ਹੈ, ਸਗੋਂ ਜ਼ਮੀਨ ਹੇਠਲੇ ਪਾਣੀ ਦਾ ਪੂਰਾ ਹੋਣਾ ਵੀ ਲਾਜ਼ਮੀ ਹੈ। ਇਸ ਦਾ ਮਤਲਬ ਇਹ ਹੈ ਕਿ ਮੀਂਹ ਦੇ ਪਾਣੀ ਦੀ ਰਫ਼ਤਾਰ ਨੂੰ ਹੌਲੀ ਕਰ ਕੇ ਮਿੱਟੀ ਦੇ ਹੇਠਵਾਂ ਪਹੁੰਚਣ 'ਚ ਮਦਦ ਕੀਤੀ ਜਾਵੇ। ਉਨ੍ਹਾਂ ਦਾ ਦਾਅਵਾ ਹੈ ਕਿ ਜਦੋਂ ਇਸ ਸਾਲ ਮੀਂਹ ਪਵੇਗਾ ਤਾਂ ਉਹ ਨਦੀ ਸੁਚਾਰੂ ਰੂਪ ਨਾਲ ਵਗਣ ਲੱਗੇਗੀ। ਇਸ ਮੁਹਿੰਮ ਨੂੰ ਸਾਲ 2014 'ਚ ਸ਼ੁਰੂ ਕੀਤਾ ਗਿਆ ਸੀ ਅਤੇ ਇਸ਼ ਨੂੰ ਕੇਂਦਰ ਦਾ ਸਹਿਯੋਗ ਮਿਲਿਆ ਹੋਇਆ ਹੈ।
20,000 Women Revived A Dry River In Tamil Nadu
ਪਿਛਲੇ 10 ਸਾਲ 'ਚ ਵੇੱਲੋਰ ਦੇ ਜਲ ਸਰੋਤ ਸੁੱਕਣ ਕਾਰਨ ਇਥੋਂ ਦੇ ਖੇਤੀ ਮਜ਼ਦੂਰ ਦੂਜੇ ਸ਼ਹਿਰਾਂ 'ਚ ਜਾਣ ਲੱਗੇ ਸਨ, ਕਿਉਂਕਿ ਸਿੰਜਾਈ ਦਾ ਕੋਈ ਸਾਧਨ ਨਹੀਂ ਸੀ। ਜਦੋਂ ਆਰਟ ਆਫ਼ ਲੀਵਿੰਗ ਦੇ ਕੁਝ ਵਾਲੰਟੀਅਰ ਇੱਥੇ ਪੁੱਜੇ ਤਾਂ ਉਨ੍ਹਾਂ ਨੇ ਨਦੀ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਪਹਿਲ ਬਾਰੇ ਸੋਚਿਆ। ਸੱਭ ਤੋਂ ਪਹਿਲਾਂ ਟੀਮ ਨੇ ਸੈਟੇਲਾਈਟ ਮੈਪਿੰਗ ਰਾਹੀਂ ਨਦੀ ਦੇ ਅਸਲ ਰਸਤੇ ਨੂੰ ਟਰੇਸ ਕੀਤਾ ਗਿਆ। ਇਲਾਕੇ ਦੇ ਭੂਗੋਲ, ਜ਼ਮੀਨ ਦੀ ਵਰਤੋਂ, ਜਲ ਸਰੋਤਾਂ ਅਤੇ ਮੀਂਹ ਦੇ ਆਧਾਰ 'ਤੇ ਐਕਸ਼ਨ ਪਲਾਨ ਬਣਾਇਆ ਗਿਆ। ਨਦੀ ਨੂੰ ਦੁਬਾਰਾ ਜ਼ਿੰਦਾ ਕਰਨ ਦੇ ਪ੍ਰਾਜੈਕਟ ਨੂੰ ਸਰਕਾਰ ਤੋਂ ਮਨਜੂਰੀ ਮਿਲ ਗਈ ਤਾਂ ਔਰਤਾਂ ਨੂੰ ਮਹਾਤਮਾ ਗਾਂਧੀ ਕੌਮੀ ਪੇਂਡੂ ਰੁਜ਼ਗਾਰ ਗਾਰੰਟੀ ਯੋਜਨਾ ਐਕਟ ਤਹਿਤ ਮਜ਼ਦੂਰਾਂ ਵਜੋਂ ਰਜਿਸਟਰ ਕਰ ਲਿਆ ਗਿਆ। ਇਸ ਨਾਲ ਉਨ੍ਹਾਂ ਦੀ ਕਮਾਈ ਵੀ ਹੋਣ ਲੱਗੀ।
20,000 Women Revived A Dry River In Tamil Nadu
20 ਫੁੱਟ ਡੂੰਘੇ, 16 ਫੁੱਟ ਲੰਮੇ ਅਤੇ 6 ਫੁੱਟ ਚੌੜੇ ਖੂਹਾਂ ਨੂੰ ਬਣਾਉਣ 'ਚ 23 ਦਿਨ ਅਤੇ 10 ਲੋਕ ਲੱਗੇ। ਹੁਣ ਇੱਥੇ ਖੇਤੀ ਵੀ ਹੁੰਦੀ ਹੈ। ਮਨਰੇਗਾ ਮਜ਼ਦੂਰ ਵਜੋਂ ਕੰਮ ਕਰਨ 'ਤੇ ਰੋਜ਼ਾਨਾ 224 ਰੁਪਏ ਵੀ ਮਿਲਦੇ ਹਨ। ਵੇੱਲੋਰ ਦੇ ਕਲੈਕਟਰ ਐਸ.ਏ. ਰਮਨ ਦਾ ਕਹਿਣਾ ਹੈ ਕਿ ਇਥੇ ਦੇ ਨਤੀਜੇ ਵੇਖਣ ਤੋਂ ਬਾਅਦ ਦੂਜੇ ਇਲਾਕਿਆਂ 'ਚ ਵੀ ਅਜਿਹੇ ਪ੍ਰਾਜੈਕਟ ਸ਼ੁਰੂ ਕਰਨ ਦੀ ਪ੍ਰੇਰਣਾ ਮਿਲੀ ਹੈ।