
ਬੈਂਚ ਨੇ ਕਿਹਾ ਕਿ ਰੀਕਾਰਡ ’ਤੇ ਮੌਜੂਦ ਸਮੱਗਰੀ ਤੋਂ ਸਾਨੂੰ ਲਗਦਾ ਹੈ ਕਿ ਅਪੀਲਕਰਤਾ (ਨਵਲਖਾ) ਕਿਸੇ ਵੀ ਗੁਪਤ ਜਾਂ ਅਸਿੱਧੇ ਅਤਿਵਾਦੀ ਕੰਮ ਲਈ ਜ਼ਿੰਮੇਵਾਰ ਨਹੀਂ ਹੈ।
National News: ਬੰਬਈ ਹਾਈ ਕੋਰਟ ਨੇ ਐਲਗਾਰ ਪ੍ਰੀਸ਼ਦ-ਮਾਓਵਾਦੀ ਸੰਪਰਕ ਮਾਮਲੇ ’ਚ ਮੁਲਜ਼ਮ ਗੌਤਮ ਨਵਲਖਾ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਹੈ ਕਿ ਰੀਕਾਰਡ ’ਚ ਅਜਿਹਾ ਕੋਈ ਸਮੱਗਰੀ ਨਹੀਂ ਹੈ, ਜਿਸ ਤੋਂ ਪਤਾ ਲਗਦਾ ਹੋਵੇ ਕਿ ਉਸ ਨੇ ਕਿਸੇ ਅਤਿਵਾਦੀ ਕਾਰਵਾਈ ਦੀ ਸਾਜ਼ਸ਼ ਰਚੀ ਸੀ ਜਾਂ ਉਸ ਨੂੰ ਅੰਜਾਮ ਦਿਤਾ ਸੀ। ਜਸਟਿਸ ਏ.ਐਸ. ਗਡਕਰੀ ਅਤੇ ਜਸਟਿਸ ਐਸ.ਜੀ. ਡਿਗੇ ਦੀ ਬੈਂਚ ਨੇ ਮੰਗਲਵਾਰ ਨੂੰ ਨਵਲਖਾ ਨੂੰ ਜ਼ਮਾਨਤ ਦੇ ਦਿਤੀ। ਬੈਂਚ ਨੇ ਕਿਹਾ ਕਿ ਰੀਕਾਰਡ ’ਤੇ ਮੌਜੂਦ ਸਮੱਗਰੀ ਤੋਂ ਸਾਨੂੰ ਲਗਦਾ ਹੈ ਕਿ ਅਪੀਲਕਰਤਾ (ਨਵਲਖਾ) ਕਿਸੇ ਵੀ ਗੁਪਤ ਜਾਂ ਅਸਿੱਧੇ ਅਤਿਵਾਦੀ ਕੰਮ ਲਈ ਜ਼ਿੰਮੇਵਾਰ ਨਹੀਂ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਇਸ ਮਾਮਲੇ ’ਚ ਅੱਗਸਤ 2018 ’ਚ ਗ੍ਰਿਫਤਾਰ ਕੀਤੇ ਗਏ ਨਵਲਖਾ ਨੂੰ ਸੁਪਰੀਮ ਕੋਰਟ ਨੇ ਨਵੰਬਰ 2022 ’ਚ ਨਜ਼ਰਬੰਦ ਕਰਨ ਦੀ ਇਜਾਜ਼ਤ ਦਿਤੀ ਸੀ। ਉਹ ਇਸ ਸਮੇਂ ਮਹਾਰਾਸ਼ਟਰ ਦੇ ਨਵੀਂ ਮੁੰਬਈ ’ਚ ਰਹਿ ਰਹੇ ਹਨ। ਬੈਂਚ ਨੇ ਨਵਲਖਾ ਨੂੰ ਜ਼ਮਾਨਤ ਦਿੰਦੇ ਹੋਏ ਇਸ ਹੁਕਮ ’ਤੇ ਤਿੰਨ ਹਫ਼ਤਿਆਂ ਲਈ ਰੋਕ ਲਗਾ ਦਿਤੀ ਤਾਕਿ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅਪੀਲ ਲਈ ਸੁਪਰੀਮ ਕੋਰਟ ਜਾ ਸਕੇ।
ਨਵਲਖਾ ਅਤੇ ਹੋਰਾਂ ਵਿਰੁਧ ਮਾਮਲਾ ਅਸਲ ’ਚ 31 ਦਸੰਬਰ, 2017 ਨੂੰ ਪੁਣੇ ’ਚ ਹੋਏ ਐਲਗਰ ਪਰਿਸ਼ਦ ਸੰਮੇਲਨ ’ਚ ਦਿਤੇ ਗਏ ਕਥਿਤ ਭੜਕਾਊ ਭਾਸ਼ਣਾਂ ਨਾਲ ਸਬੰਧਤ ਸੀ। ਪੁਣੇ ਪੁਲਿਸ, ਜਿਸ ਨੇ ਸ਼ੁਰੂ ’ਚ ਇਸ ਮਾਮਲੇ ਦੀ ਜਾਂਚ ਕੀਤੀ ਸੀ, ਨੇ ਦਾਅਵਾ ਕੀਤਾ ਸੀ ਕਿ ਸੰਮੇਲਨ ਨੂੰ ਮਾਉਵਾਦੀਆਂ ਦਾ ਸਮਰਥਨ ਪ੍ਰਾਪਤ ਸੀ ਅਤੇ ਭਾਸ਼ਣਾਂ ਕਾਰਨ ਅਗਲੇ ਦਿਨ ਪੁਣੇ ਜ਼ਿਲ੍ਹੇ ’ਚ ਕੋਰੇਗਾਓਂ-ਭੀਮਾ ਯੁੱਧ ਸਮਾਰਕ ਨੇੜੇ ਹਿੰਸਾ ਹੋਈ। ਐਨ.ਆਈ.ਏ. ਵਲੋਂ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ, ‘‘ਅਪੀਲਕਰਤਾ ਨੂੰ ਸਿਰਫ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਸਹਿ-ਸਾਜ਼ਸ਼ਕਰਤਾ ਹੋਣ ਦਾ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।’’
ਅਦਾਲਤ ਨੇ ਐਨ.ਆਈ.ਏ. ਦੇ ਇਸ ਦਾਅਵੇ ਨੂੰ ਵੀ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿਤਾ ਕਿ ਨਵਲਖਾ ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਨਾਲ ਸਬੰਧ ਸਨ ਕਿਉਂਕਿ ਉਸ ਨੇ ਅਮਰੀਕੀ ਅਦਾਲਤ ਦੇ ਜੱਜ ਨੂੰ ਚਿੱਠੀ ਲਿਖ ਕੇ ਗੁਲਾਮ ਫਾਈ (ਅਮਰੀਕਾ ਅਧਾਰਤ ਕਸ਼ਮੀਰੀ ਵੱਖਵਾਦੀ) ਲਈ ਮੁਆਫੀ ਦੀ ਮੰਗ ਕੀਤੀ ਸੀ।
ਬੈਂਚ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਨਵਲਖਾ ਨੇ ਇਹ ਚਿੱਠੀ ਅਪਣੀ ਨਿੱਜੀ ਸਮਰੱਥਾ ’ਚ ਲਿਖੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਪਾਰਟੀ ਦਾ ਮੈਂਬਰ ਹੋਣ ਦੇ ਨਾਤੇ ਇਹ ਕਿਹਾ ਜਾ ਸਕਦਾ ਹੈ। ਅਦਾਲਤ ਨੇ ਕਿਹਾ ਕਿ ਨਵਲਖਾ ਤਿੰਨ ਸਾਲ ਤੋਂ ਜੇਲ੍ਹ ’ਚ ਸੀ ਅਤੇ ਹੇਠਲੀ ਅਦਾਲਤ ਨੇ ਅਜੇ ਤਕ ਇਸ ਮਾਮਲੇ ’ਚ ਦੋਸ਼ ਤੈਅ ਨਹੀਂ ਕੀਤੇ ਹਨ, ਇਸ ਲਈ ਨੇੜਲੇ ਭਵਿੱਖ ’ਚ ਮੁਕੱਦਮਾ ਪੂਰਾ ਹੋਣ ਦੀ ਬਹੁਤ ਘੱਟ ਸੰਭਾਵਨਾ ਹੈ।