
ਪੁਲਵਾਮਾ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਦੁਨੀਆਂ ਭਰ ਦੇ ਅਹਿਮ ਦੇਸ਼ਾਂ ਵਲੋਂ ਭਾਰਤ ਨੂੰ ਸਹਿਯੋਗ ਦਾ ਭਰੋਸਾ ਦਿਤੇ ਜਾਣ ਦੇ ਵਿਚ ਸਾਊਦੀ ਅਰਬ ਨੇ ਵੀ ਅਤਿਵਾਦ ਦੇ ਵਿਰੁਧ
ਨਵੀਂ ਦਿੱਲੀ : ਪੁਲਵਾਮਾ ਵਿਚ ਅਤਿਵਾਦੀ ਹਮਲੇ ਨੂੰ ਲੈ ਕੇ ਦੁਨੀਆਂ ਭਰ ਦੇ ਅਹਿਮ ਦੇਸ਼ਾਂ ਵਲੋਂ ਭਾਰਤ ਨੂੰ ਸਹਿਯੋਗ ਦਾ ਭਰੋਸਾ ਦਿਤੇ ਜਾਣ ਦੇ ਵਿਚ ਸਾਊਦੀ ਅਰਬ ਨੇ ਵੀ ਅਤਿਵਾਦ ਦੇ ਵਿਰੁਧ ਜੰਗ ਵਿਚ ਸਾਥ ਦੇਣ ਦਾ ਵਾਅਦਾ ਕੀਤਾ ਹੈ। ਸਾਊਦੀ ਵਲੀ ਅਹਿਦ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਅਤਿਵਾਦ ਦੇ ਮਸਲੇ ਉਤੇ ਕਿਹਾ ਕਿ ਅਸੀ ਭਾਰਤ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ। ਸਲਮਾਨ ਨੇ ਕਿਹਾ ਕਿ ਉਹ ਖ਼ੁਫ਼ੀਆ ਜਾਣਕਾਰੀ ਤੋਂ ਲੈ ਕੇ ਹੋਰ ਚੀਜ਼ਾਂ ਤਕ ਭਾਰਤ ਦਾ ਸਾਥ ਦੇਣ ਨੂੰ ਤਿਆਰ ਹਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੁਲਵਾਮਾ ਹਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਹਮਲਾ ਦੁਨੀਆਂ ਵਿਚ ਫੈਲੇ ਅਤਿਵਾਦੀ ਖ਼ਤਰੇ ਦੀ ਨਿਸ਼ਾਨੀ ਹੈ। ਮੋਦੀ ਨੇ ਕਿਹਾ ਕਿ ਅਸੀ ਇਸ ਗੱਲ ਉਤੇ ਸਹਿਮਤ ਹਾਂ ਕਿ ਅਤਿਵਾਦ ਨੂੰ ਸਮਰਥਨ ਦੇ ਰਹੇ ਦੇਸ਼ਾਂ ਉਤੇ ਦਬਾਅ ਬਣਾਉਣਾ ਜ਼ਰੂਰੀ ਹੈ। ਅਤਿਵਾਦ ਵਿਰੁਧ ਮਜ਼ਬੂਤ ਕਾਰਜ ਯੋਜਨਾ ਦੀ ਜ਼ਰੂਰਤ ਹੈ ਤਾਂ ਜੋ ਅਤਿਵਾਦੀ ਤਾਕਤਾਂ ਨੌਜਵਾਨਾਂ ਨੂੰ ਗੁਮਰਾਹ ਨਾ ਕਰ ਸਕਣ। ਮੋਦੀ ਨੇ ਕਿਹਾ, ''ਮੈਨੂੰ ਖ਼ੁਸ਼ੀ ਹੈ ਕਿ ਸਾਊਦੀ ਅਰਬ ਅਤੇ ਅਸੀ ਇਸ ਸਬੰਧ ਵਿਚ ਸਾਂਝੇ ਵਿਚਾਰ ਰਖਦੇ ਹਾਂ।
ਅਸੀ ਇਸ ਗੱਲ ਉਤੇ ਵੀ ਸਹਿਮਤ ਹਾਂ ਕਿ ਅਤਿਵਾਦ ਵਿਰੋਧੀ, ਸਮੁੰਦਰੀ ਸੁਰੱਖਿਆ ਅਤੇ ਸਾਇਬਰ ਸੁਰੱਖਿਆ ਦੇ ਖੇਤਰ ਵਿਚ ਦੋਹਾਂ ਦੇਸ਼ਾਂ ਦੇ ਵਿਚ ਸਬੰਧ ਹੋਰ ਮਜ਼ਬੂਤ ਹੋਣਗੇ। ਅਤਿਵਾਦ ਅਤੇ ਕੱਟੜਵਾਦ ਨੂੰ 'ਸਾਂਝੀ ਚਿੰਤਾ' ਕਰਾਰ ਦਿੰਦਿਆਂ ਕਰਾਊਨ ਪ੍ਰਿੰਸ ਨੇ ਕਿਹਾ ਕਿ ਸਾਊਦੀ ਅਰਬ ਇਸ ਨਾਲ ਨਜਿੱਠਣ 'ਚ ਭਾਰਤ ਅਤੇ ਗੁਆਂਢੀ ਦੇਸ਼ਾਂ ਨੂੰ ਪੂਰਾ ਸਹਿਯੋਗ ਦੇਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਨੂੰ 'ਵਿਆਪਕ ਅਤੇ ਸਫ਼ਲ' ਦਸਿਆ। ਇਹ ਗੱਲਬਾਤ ਅਜਿਹੇ ਸਮੇਂ ਹੋਈ ਹੈ ਜਦੋਂ ਸਾਊਦੀ ਅਰਬ ਦੇ ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਭਾਰਤ ਆਉਣ ਤੋਂ ਪਹਿਲਾਂ ਇਸਲਾਮਾਬਾਦ ਯਾਤਰਾ 'ਤੇ ਗਏ ਸਨ।
ਕਰਾਉਨ ਪ੍ਰਿੰਸ ਨੇ ਕਿਹਾ, “ਇਹ ਮੇਰੀ ਪਹਿਲੀ ਵਿਜ਼ਿਟ ਹੈ। ਮੈਂ ਭਾਰਤ ਆ ਚੁੱਕਿਆ ਹਾਂ ਪਰ ਪ੍ਰਤੀਨਿਧੀਮੰਡਲ ਦੇ ਨਾਲ ਪਹਿਲਾ ਦੌਰਾ ਹੈ। ਸਾਡੇ ਰਿਸ਼ਤੇ ਖ਼ੂਨ ਵਿਚ ਸ਼ਾਮਲ ਹਨ ਅਤੇ ਹਜ਼ਾਰਾਂ ਸਾਲ ਪੁਰਾਣੇ ਹਨ। ਬੀਤੇ 50 ਸਾਲਾਂ ਵਿਚ ਇਨ੍ਹਾਂ ਸਬੰਧਾਂ ਨੇ ਹੋਰ ਮਜ਼ਬੂਤੀ ਹਾਸਲ ਕੀਤੀ ਹੈ।” ਮੁਹੰਮਦ ਬਿਨ ਸਲਮਾਨ ਨੇ ਕਿਹਾ, “ਸਾਊਦੀ ਅਰਬ ਵਿਚ ਤੁਸੀ 2016 ਵਿਚ ਆਏ ਸੀ। ਉਦੋਂ ਤੋਂ ਹੁਣ ਤੱਕ ਅਸੀਂ ਬਹੁਤ ਸਾਰੀਆਂ ਕਾਮਯਾਬੀਆਂ ਹਾਸਲ ਕੀਤੀ ਹਨ। ਅਸੀਂ 44 ਬਿਲੀਅਨ ਡਾਲਰ ਦੇ ਨਿਵੇਸ਼ ਉਤੇ ਸਹਿਮਤੀ ਜਤਾਈ ਹੈ।”
ਸਲਮਾਨ ਨੇ ਕਿਹਾ, “ਅਸੀ ਡਾਇਵਰਸੀਫਿਕੇਸ਼ਨ ਉਤੇ ਕੰਮ ਕਰ ਰਹੇ ਹਾਂ ਅਤੇ ਭਾਰਤ ਦੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਾਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਦੀ ਯਾਤਰਾ ਵਿਚ ਸਾਊਦੀ ਕਰਾਉਨ ਪ੍ਰਿੰਸ ਨੇ ਉੱਥੇ 20 ਅਰਬ ਡਾਲਰ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। (ਏਜੰਸੀਆਂ)