
ਸਿਖਰਲੇ ਇਕ ਫ਼ੀ ਸਦੀ ਅਮੀਰ ਲੋਕਾਂ ਦੀ ਆਮਦਨ ’ਚ ਹਿੱਸੇਦਾਰੀ ਦੇ ਮਾਮਲੇ ਦੁਨੀਆਂ ਵਿਚ ਸੱਭ ਤੋਂ ਉਪਰ ਭਾਰਤ
Inequality Report:ਇਕ ਰੀਪੋਰਟ ਮੁਤਾਬਕ 2000 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਭਾਰਤ ਵਿਚ ਆਰਥਕ ਨਾਬਰਾਬਰੀ ਵਧ ਰਹੀ ਹੈ। ਇਕ ਰੀਪੋਰਟ ’ਚ ਕਿਹਾ ਗਿਆ ਹੈ ਕਿ ਦੇਸ਼ ਦੀ ਸੱਭ ਤੋਂ ਅਮੀਰ ਇਕ ਫ਼ੀ ਸਦੀ ਆਬਾਦੀ ਦੀ ਆਮਦਨ ਦਾ ਹਿੱਸਾ 2022-23 ’ਚ ਵਧ ਕੇ 22.6 ਫੀ ਸਦੀ ਹੋ ਗਿਆ ਹੈ। ਜਾਇਦਾਦ ਵਿਚ ਉਸ ਦੀ ਹਿੱਸੇਦਾਰੀ ਵਧ ਕੇ 40.1 ਫ਼ੀ ਸਦੀ ਹੋ ਗਈ ਹੈ।
‘ਭਾਰਤ ਵਿਚ ਆਮਦਨ ਅਤੇ ਦੌਲਤ ਅਸਮਾਨਤਾ, 1922-2023: ਅਰਬਪਤੀ ਰਾਜ ਦਾ ਉਭਾਰ’ ਸਿਰਲੇਖ ਵਾਲੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ 2014-15 ਅਤੇ 2022-23 ਵਿਚਾਲੇ ਸਿਖਰਲੇ ਪੱਧਰ ’ਤੇ ਨਾਬਰਾਬਰੀ ਵਿਚ ਵਾਧਾ ਵਿਸ਼ੇਸ਼ ਤੌਰ ’ਤੇ ਦੌਲਤ ਦੇ ਕੇਂਦਰਤ ਹੋਣ ਨਾਲ ਪ੍ਰਤੀਬਿੰਬਤ ਹੁੰਦਾ ਹੈ।
ਇਹ ਰੀਪੋਰਟ ਥਾਮਸ ਪਿਕੇਟੀ (ਪੈਰਿਸ ਸਕੂਲ ਆਫ ਇਕਨਾਮਿਕਸ ਐਂਡ ਵਰਲਡ ਇਨਕੁਆਲਿਟੀ ਲੈਬ), ਲੂਕਾਸ ਚਾਂਸਲ (ਹਾਰਵਰਡ ਕੈਨੇਡੀ ਸਕੂਲ ਐਂਡ ਵਰਲਡ ਇਨਕੁਆਲਿਟੀ ਲੈਬ) ਅਤੇ ਨਿਤਿਨ ਕੁਮਾਰ ਭਾਰਤੀ (ਨਿਊਯਾਰਕ ਯੂਨੀਵਰਸਿਟੀ ਅਤੇ ਵਿਸ਼ਵ ਅਸਮਾਨਤਾ ਲੈਬ) ਨੇ ਲਿਖੀ ਹੈ। ਉਨ੍ਹਾਂ ਕਿਹਾ ਕਿ 2022-23 ਤਕ ਸੱਭ ਤੋਂ ਅਮੀਰ ਇਕ ਫੀ ਸਦੀ ਦੀ ਆਮਦਨ ਅਤੇ ਜਾਇਦਾਦ ’ਚ ਹਿੱਸੇਦਾਰੀ ਲੜੀਵਾਰ 22.6 ਫੀ ਸਦੀ ਅਤੇ 40.1 ਫੀ ਸਦੀ ਦੇ ਇਤਿਹਾਸਕ ਉੱਚੇ ਪੱਧਰ ’ਤੇ ਪਹੁੰਚ ਗਈ ਸੀ।
ਭਾਰਤ ਦੀ ਸਿਖਰਲੇ ਇਕ ਫ਼ੀ ਸਦੀ ਅਮੀਰ ਲੋਕਾਂ ਦੀ ਆਮਦਨ ’ਚ ਹਿੱਸੇਦਾਰੀ ਦੁਨੀਆਂ ਵਿਚ ਸੱਭ ਤੋਂ ਵੱਧ ਹੈ। ਇਹ ਦਖਣੀ ਅਫਰੀਕਾ, ਬ੍ਰਾਜ਼ੀਲ ਅਤੇ ਅਮਰੀਕਾ ਤੋਂ ਵੀ ਜ਼ਿਆਦਾ ਹੈ।’’ ਰੀਪੋਰਟ ’ਚ ਕਿਹਾ ਗਿਆ ਹੈ ਕਿ ਸ਼ੁੱਧ ਜਾਇਦਾਦ ਦੇ ਨਜ਼ਰੀਏ ਤੋਂ ਭਾਰਤੀ ਆਮਦਨ ਟੈਕਸ ਪ੍ਰਣਾਲੀ ਪਿੱਛਲਖੁਰੀ ਜਾਪਦੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ’ਚ ਆਰਥਕ ਅੰਕੜਿਆਂ ਦਾ ਮਿਆਰ ਬਹੁਤ ਖਰਾਬ ਹੈ ਅਤੇ ਹਾਲ ਹੀ ’ਚ ਇਸ ’ਚ ਗਿਰਾਵਟ ਆਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਸੱਭ ਤੋਂ ਅਮੀਰ ਇਕ ਫ਼ੀ ਸਦੀ ਆਬਾਦੀ ਦੀ ਆਮਦਨ ’ਚ ਹਿੱਸਾ ਉੱਚ ਪੱਧਰ ’ਤੇ ਹੈ। ਇਹ ਸ਼ਾਇਦ ਪੇਰੂ, ਯਮਨ ਅਤੇ ਕੁੱਝ ਹੋਰ ਦੇਸ਼ਾਂ ਨਾਲੋਂ ਘੱਟ ਹੈ।
(For more Punjabi news apart from India has the most inequality in the world: Report, stay tuned to Rozana Spokesman)