
ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗਣੇਸ਼ ਅਤੇ ਦੀਪਕ ਅਕਸਰ ਲੜਦੇ ਰਹਿੰਦੇ ਸਨ
India Vs Australia Match: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਦੇਖਣ ਲਈ ਲੋਕਾਂ 'ਚ ਭਾਰੀ ਉਤਸ਼ਾਹ ਸੀ ਪਰ ਇਸ ਮੈਚ ਨੂੰ ਦੇਖਦੇ ਹੋਏ ਯੂਪੀ ਦੇ ਕਾਨਪੁਰ ਵਿਚ ਇਕ ਹੈਰਾਨੀਜਨਕ ਘਟਨਾ ਵਾਪਰੀ। ਜਿਥੇ ਪਿਤਾ ਨੇ ਇਸ ਲਈ ਅਪਣੇ ਬੇਟੇ ਦੀ ਹਤਿਆ ਕਰ ਦਿਤੀ ਕਿਉਂਕਿ ਉਸ ਨੇ ਮੈਚ ਦੇ ਵਿਚਕਾਰ ਟੀਵੀ ਬੰਦ ਕਰ ਦਿਤਾ ਸੀ।
ਦਰਅਸਲ ਅਹੀਰਵਾ, ਚਕੇਰੀ ਵਾਸੀ ਗਣੇਸ਼ ਪ੍ਰਸਾਦ ਅਤੇ ਦੀਪਕ ਨਿਸ਼ਾਦ ਵੀ ਬਾਕੀ ਪ੍ਰਸ਼ੰਸਕਾਂ ਵਾਂਗ ਟੀਵੀ ’ਤੇ ਮੈਚ ਦੇਖ ਰਹੇ ਸਨ। ਇਸ ਦੌਰਾਨ ਪੁੱਤਰ ਦੀਪਕ ਨੇ ਟੀਵੀ ਬੰਦ ਕਰ ਦਿਤਾ, ਜਿਸ ਕਾਰਨ ਉਸ ਦੀ ਅਪਣੇ ਪਿਤਾ ਗਣੇਸ਼ ਪ੍ਰਸਾਦ ਨਾਲ ਬਹਿਸ ਹੋ ਗਈ ਅਤੇ ਲੜਾਈ ਇਸ ਹੱਦ ਤਕ ਵਧ ਗਈ ਕਿ ਗਣੇਸ਼ ਨੇ ਅਪਣੇ ਹੀ ਬੇਟੇ ਦਾ ਕੇਬਲ ਨਾਲ ਗਲਾ ਘੁੱਟ ਦਿਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਗੱਲ ਦਾ ਖੁਲਾਸਾ ਪਿਤਾ ਗਣੇਸ਼ ਪ੍ਰਸਾਦ ਨੇ ਕੀਤਾ ਹੈ, ਜਿਨ੍ਹਾਂ ਨੂੰ ਬੀਤੇ ਸੋਮਵਾਰ ਅਪਣੇ ਬੇਟੇ ਦੀ ਹੱਤਿਆ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ।
ਪ੍ਰਵਾਰਕ ਮੈਂਬਰਾਂ ਤੋਂ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਗਣੇਸ਼ ਅਤੇ ਦੀਪਕ ਅਕਸਰ ਲੜਦੇ ਰਹਿੰਦੇ ਸਨ ਕਿਉਂਕਿ ਗਣੇਸ਼ ਨਸ਼ੇ ਦਾ ਆਦੀ ਸੀ ਅਤੇ ਉਸ ਦਾ ਲੜਕਾ ਦੀਪਕ ਉਸ ਨੂੰ ਰੋਕਦਾ ਰਹਿੰਦਾ ਸੀ। ਗਣੇਸ਼ ਪ੍ਰਸਾਦ ਐਤਵਾਰ ਰਾਤ (ਮੈਚ ਵਾਲੇ ਦਿਨ) ਅਪਣੇ ਬੇਟੇ ਦਾ ਕਤਲ ਕਰਕੇ ਮੌਕੇ ਤੋਂ ਫਰਾਰ ਹੋ ਗਿਆ।
ਸੋਮਵਾਰ ਰਾਤ ਜਦੋਂ ਪੁਲਿਸ ਨੇ ਗਣੇਸ਼ ਨੂੰ ਉਸ ਦੇ ਬੇਟੇ ਦੀ ਹਤਿਆ ਦੇ ਦੋਸ਼ 'ਚ ਗ੍ਰਿਫਤਾਰ ਕਰ ਕੇ ਪੁਛਗਿਛ ਕੀਤੀ ਤਾਂ ਉਸ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ। ਗਣੇਸ਼ ਨੇ ਦਸਿਆ ਕਿ ਰਾਤ ਨੂੰ ਮੈਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਕੱਪ ਮੈਚ ਦੇਖ ਰਿਹਾ ਸੀ। ਇਸ ਦੌਰਾਨ ਬੇਟੇ ਨੇ ਟੀਵੀ ਬੰਦ ਕਰ ਦਿਤਾ। ਜਦੋਂ ਲੜਾਈ ਵਧ ਗਈ ਤਾਂ ਮੈਨੂੰ ਗੁੱਸਾ ਆ ਗਿਆ। ਗੁੱਸੇ ਵਿਚ ਮੈਂ ਤਾਰ (ਕੇਬਲ) ਨਾਲ ਉਸ ਦਾ ਗਲਾ ਘੁੱਟ ਦਿਤਾ। ਇਸ ਮਾਮਲੇ ਵਿਚ ਚਕੇਰੀ ਦੇ ਇੰਚਾਰਜ ਏਸੀਪੀ ਬ੍ਰਿਜ ਨਰਾਇਣ ਸਿੰਘ ਦਾ ਕਹਿਣਾ ਹੈ ਕਿ ਦੋਵਾਂ ਵਿਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ। ਪਿਤਾ ਨੇ ਅਪਣੇ ਬੇਟੇ ਦੀ ਹਤਿਆ ਦੀ ਗੱਲ ਵੀ ਕਬੂਲ ਲਈ ਹੈ।