
ਭਗਵਾਨ ਹਨੂਮਾਨ ਨੂੰ ਲੈ ਕੇ ਸਿਆਸੀ ਬਿਆਨ ਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਹਨੂਮਾਨ ਜੀ ਦੀ ਇੱਕ ਹੋਰ ਜਾਤ ਸਾਹਮਣੇ...
ਨਵੀਂ ਦਿੱਲੀ (ਭਾਸ਼ਾ) : ਭਗਵਾਨ ਹਨੂਮਾਨ ਨੂੰ ਲੈ ਕੇ ਸਿਆਸੀ ਬਿਆਨ ਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਹੁਣ ਹਨੂਮਾਨ ਜੀ ਦੀ ਇੱਕ ਹੋਰ ਜਾਤ ਸਾਹਮਣੇ ਆਈ ਹੈ। ਦਰਅਸਲ ਆਪਣੇ ਨਿੱਜੀ ਫਾਇਦੇ ਲਈ ਕੁਝ ਸਿਆਸਤਦਾਨ ਭਗਵਾਨ ਹਨੂਮਾਨ ਨੂੰ ਵੱਖੋ-ਵੱਖਰੀ ਜਾਤ ਦਾ ਦੱਸ ਰਹੇ ਹਨ। ਉੱਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਵੱਲੋਂ ਭਗਵਾਨ ਹਨੂਮਾਨ ਨੂੰ ਦਲਿਤ ਦੱਸੇ ਜਾਣ ਤੋਂ ਬਾਅਦ ਹੁਣ ਭਾਜਪਾ ਦੇ ਹੀ ਨੇਤਾ ਨੇ ਉਨ੍ਹਾਂ ਨੂੰ ਮੁਸਲਮਾਨ ਦੱਸਿਆ ਹੈ। ਪਹਿਲਾਂ ਤੁਸੀਂ ਸੁਣੋ ਕੀ ਕਹਿਣਾ ਹੈ
ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਅਦਿਤਿਆਨਾਥ ਦਾ ਇਸ ਤੋਂ ਬਾਅਦ ਭਾਜਪਾ ਦੇ ਵਿਧਾਨ ਕੌਂਸਲ ਮੈਂਬਰ ਬੁੱਕਲ ਨਵਾਬ ਨੇ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ 'ਹਨੂਮਾਨ ਜੀ ਸਾਡੇ ਹਿਸਾਬ ਨਾਲ ਮੁਸਲਮਾਨ ਸਨ। ਇਸੇ ਲਈ ਮੁਸਲਮਾਨਾਂ 'ਚ ਜੋ ਨਾਂ ਰੱਖੇ ਜਾਂਦੇ ਹਨ ਯਾਨੀ ਰਹਿਮਾਨ, ਫ਼ੁਰਕਾਨ, ਜੀਸ਼ਾਨ, ਅਰਮਾਨ ਵਗੈਰਾ ਜਿੰਨੇ ਵੀ ਨਾਂ ਹਨ, ਅਜਿਹੇ ਘੱਟ ਤੋਂ ਘੱਟ 100 ਨਾਂ ਹਨ, ਜੋ ਹਨੂਮਾਨ ਜੀ 'ਤੇ ਹੀ ਮਿਲਣਗੇ। ਇਸ ਲਈ ਅਸੀਂ ਮੰਨਦੇ ਹਾਂ ਕਿ ਹਨੂਮਾਨ ਜੀ ਮੁਸਲਮਾਨ ਸਨ। ਨਵਾਬ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਯੋਗੀ ਸਰਕਾਰ ਦੇ ਮੰਤਰੀ ਚੌਧਰੀ ਲਕਸ਼ਮੀ ਨਰਾਇਣ ਨੇ ਭਗਵਾਨ ਹਨੂਮਾਨ ਨੂੰ ਜਾਟ ਦੱਸਿਆ ਹੈ।
ਚੌਧਰੀ ਨੇ ਕਿਹਾ ਕਿ ਜਾਟ ਕਿਸੇ ਨੂੰ ਮੁਸੀਬਤ ਵਿਚ ਦੇਖ ਕੇ ਉਸਨੂੰ ਜਾਣੇ ਬਿਨ੍ਹਾ ਹੀ ਉਸਦੀ ਸਹਾਇਤਾ ਕਰਨ ਲਈ ਖੜੇ ਹੋ ਜਾਂਦੇ ਹਨ ਅਤੇ ਹਨੂਮਾਨ ਜੀ ਨੇ ਵੀ ਉਸੇ ਤਰ੍ਹਾਂ ਹੀ ਕੀਤਾ ਸੀ। ਇਸ ਸਭ ਤੋਂ ਇਲਾਵਾ ਕੇਂਦਰੀ ਮੰਤਰੀ ਸਤਿਆਪਾਲ ਸਿੰਘ ਨੇ ਭਗਵਾਨ ਹਨੂਮਾਨ ਨੂੰ ਆਰੀਆ ਜਾਤੀ ਦਾ ਦੱਸਿਆ ਸੀ। ਉਨ੍ਹਾਂ ਕਿਹਾ ਕਿ ਭਗਵਾਨ ਰਾਮ ਦੇ ਸਮੇਂ ਆਰੀਆ ਜਾਤੀ ਸੀ ਅਤੇ ਹਨੂਮਾਨ ਵੀ ਆਰੀਆ ਜਾਤੀ ਦੇ ਸਨ। ਭਗਵਾਨ ਹਨੂਮਾਨ 'ਤੇ ਹੋ ਰਹੀ ਇਸ ਸਿਆਸੀ ਬਿਆਨਬਾਜ਼ੀ ਦੌਰਾਨ ਸਾਂਸਦ ਕੀਰਤੀ ਆਜ਼ਾਦ ਨੇ ਉਨ੍ਹਾਂ ਨੂੰ ਚੀਨੀ ਦੱਸਿਆ ਹੈ। ਕੀਰਤੀ ਆਜ਼ਾਦ ਨੇ ਕਿਹਾ, ਹਨੂਮਾਨ ਜੀ ਚੀਨੀ ਸਨ।
ਹਰ ਜਗ੍ਹਾ ਇਹ ਅਫਵਾਹ ਉਡ ਰਹੀ ਹੈ ਕਿ ਚੀਨੀ ਲੋਕ ਦਾਅਵਾ ਕਰ ਰਹੇ ਹਨ ਕਿ ਹਨੂਮਾਨ ਜੀ ਚੀਨੀ ਸੀ। ਉਧਰ ਇਸ ਦੌਰਾਨ ਭਾਜਪਾ ਸਾਂਸਦ ਉਦਿਤ ਰਾਜ ਨੇ ਹਨੂਮਾਨ ਜੀ ਨੂੰ ਆਦਿਵਾਸੀ ਦੱਸਿਆ ਹੈ। ਇਹਨਾਂ ਸਭ ਬਿਆਨਾਂ ਨੂੰ ਦੇਖ ਕੇ ਇੱਕ ਗੱਲ ਤਾ ਸਪਸ਼ਟ ਹੁੰਦੀ ਹੈ ਕਿ ਸਿਆਸਤ ਵਿਚ ਕੁਝ ਵੀ ਹੋ ਸਕਦਾ ਹੈ ਅਤੇ ਕੋਈ ਵੀ ਸਿਆਸਤਦਾਨ ਆਪਣੇ ਸਿਆਸੀ ਲਾਹੇ ਲਈ ਭਗਵਾਨ ਨੂੰ ਵਰਤ ਸਕਦਾ ਹੈ, ਪਰ ਅਜਿਹੇ ਸਮੇਂ ਵਿਚ ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੇ ਬਿਆਨਾਂ 'ਤੇ ਵਿਸ਼ਵਾਸ ਨਾ ਕਰ ਆਪਣੀ ਸੋਝੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਦੇਸ਼ ਦੀ ਏਕਤਾ ਨੂੰ ਕੋਈ ਖਤਰਾ ਨਾ ਬਣੇ।