
ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ 1986 'ਚ ਨਕੋਦਰ 'ਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ........
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਪਟਿਆਲਾ ਤੋਂ ਲੋਕ ਸਭਾ ਮੈਂਬਰ ਡਾ. ਧਰਮਵੀਰ ਗਾਂਧੀ ਨੇ 1986 'ਚ ਨਕੋਦਰ 'ਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀਕਾਂਡ ਦਾ ਮੁੱਦਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਚੁਕਿਆ ਹੈ। ਡਾ ਗਾਂਧੀ ਨੇ ਪ੍ਰੱੈਸ ਬਿਆਨ 'ਚ ਦਸਿਆ ਕਿ ਪਿਛਲੇ ਦੋ ਹਫ਼ਤਿਆਂ ਤੋਂ ਲੋਕ ਸਭਾ ਦੀ ਕਾਰਵਾਈ ਲਗਾਤਾਰ ਠੱਪ ਹੋਣ ਅਤੇ ਸਦਨ ਅੰਦਰ ਇਹ ਮੁੱਦਾ ਨਾ ਚੁੱਕਿਆ ਜਾ ਸਕਣ ਕਾਰਨ ਉਨ੍ਹਾਂ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ।
ਰਾਜਨਾਥ ਸਿੰਘ ਨੇ ਤੁਰਤ ਅਪਣੇ ਸਕੱਤਰ ਨੂੰ ਬੁਲਾ ਕੇ ਪੰਜਾਬ ਸਰਕਾਰ ਦੀ ਇਸ ਕਥਿਤ ਗ਼ੈਰ-ਸੰਜੀਦਗੀ ਵਿਰੁਧ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਚਿੱਠੀ ਲਿਖਣ ਲਈ ਕਿਹਾ ਅਤੇ ਰੀਪੋਰਟ ਭੇਜਣ ਦੇ ਹੁਕਮ ਦਿਤੇ। ਦਸਣਯੋਗ ਹੈ ਕਿ 1986 'ਚ ਬੇਅਦਬੀ ਕਾਂਡ ਵਿਰੁਧ ਰੋਸ ਪ੍ਰਗਟ ਕਰ ਰਹੇ ਸ਼ਰਧਾਲੂਆਂ 'ਤੇ ਪੁਲਿਸ ਨੇ ਗੋਲੀਆਂ ਚਲਾ ਦਿਤੀਆਂ ਸਨ ਜਿਸ ਕਾਰਨ ਚਾਰ ਸਿੱਖ ਮਾਰੇ ਗਏ ਸਨ।
ਇਸ ਮਾਮਲੇ 'ਚ ਠੋਸ ਕਾਰਵਾਈ ਦੀ ਮੰਗ ਦੁਬਾਰਾ ਉੱਠੀ ਹੈ। ਡਾ. ਗਾਂਧੀ ਨੇ ਕਿਹਾ ਕਿ ਘਟਨਾ ਦੀ ਪੜਤਾਲ ਲਈ ਬਣੀ ਜਸਟਿਸ (ਸੇਵਾਮੁਕਤ) ਗੁਰਨਾਮ ਸਿੰਘ ਕਮਿਸ਼ਨ ਦੀ ਰੀਪੋਰਟ ਅਜੇ ਤਕ ਸਾਹਮਣੇ ਨਹੀਂ ਆਈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਕਟਿਹਰੇ 'ਚ ਖੜਾ ਕਰ ਕੇ ਸਜ਼ਾਵਾਂ ਨਾ ਦੇਣ ਕਾਰਨ ਪੰਜਾਬ ਸਰਕਾਰ ਤੇ ਅਫ਼ਸਰਸ਼ਾਹੀ ਨੂੰ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ।