
NDRF ਅਤੇ SDRF ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ
ਨਾਗਪੁਰ -ਮਹਾਰਾਸ਼ਟਰ ਦੇ ਨਾਗਪੁਰ 'ਚ ਵੀਰਵਾਰ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ਨੀਵਾਰ ਨੂੰ ਸਿਰਫ਼ 4 ਘੰਟਿਆਂ 'ਚ 4 ਇੰਚ ਯਾਨੀ 100 ਮਿਲੀਮੀਟਰ ਬਾਰਿਸ਼ ਹੋਈ। ਅੰਬਾਜ਼ਰੀ ਝੀਲ ਦੇ ਓਵਰਫਲੋਅ ਹੋਣ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਦਾਖਲ ਹੋ ਗਿਆ ਹੈ। ਜਿਸ ਕਾਰਨ ਸ਼ਹਿਰ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ NDRF ਅਤੇ SDRF ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ ਹੈ। ਹੁਣ ਤੱਕ ਕਰੀਬ 500 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਰਾਹਤ ਅਤੇ ਬਚਾਅ ਲਈ ਫੌਜ ਦੀਆਂ ਦੋ ਟੁਕੜੀਆਂ ਪਹੁੰਚ ਗਈਆਂ ਹਨ।
ਮੌਸਮ ਵਿਭਾਗ ਨੇ ਅੱਜ ਵੀ ਨਾਗਪੁਰ ਸਮੇਤ ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਸਮੇਤ 18 ਸੂਬਿਆਂ ਵਿਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਮੱਧ ਪ੍ਰਦੇਸ਼ ਅਤੇ ਦਿੱਲੀ ਵਿਚ ਮਾਨਸੂਨ ਨੇ ਆਪਣਾ ਕੋਟਾ ਪੂਰਾ ਕਰ ਲਿਆ ਹੈ। ਮੱਧ ਪ੍ਰਦੇਸ਼ ਵਿਚ 1 ਸਤੰਬਰ ਤੋਂ 22 ਸਤੰਬਰ ਤੱਕ ਔਸਤਨ 923 ਮਿਲੀਮੀਟਰ ਮੀਂਹ ਪਿਆ। ਇੱਥੇ 927.5 ਮਿਲੀਮੀਟਰ ਮੀਂਹ ਪਿਆ ਹੈ। ਦਿੱਲੀ ਵਿਚ 531.3 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ। 22 ਸਤੰਬਰ ਤੱਕ 532.3 ਮਿਲੀਮੀਟਰ ਮੀਂਹ ਪੈ ਚੁੱਕਾ ਹੈ।
ਬਿਹਾਰ ਦੇ 4 ਜ਼ਿਲ੍ਹਿਆਂ ਵਿਚ ਮੀਂਹ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। 7 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਹੈ। ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਹਾਲਾਂਕਿ, ਬਿਹਾਰ ਵਿਚ ਹੁਣ ਤੱਕ ਔਸਤ ਨਾਲੋਂ 28% ਘੱਟ ਮੀਂਹ ਪਿਆ ਹੈ। 1 ਜੂਨ ਤੋਂ 22 ਸਤੰਬਰ ਤੱਕ ਬਿਹਾਰ 'ਚ 938.6 ਮਿਲੀਮੀਟਰ ਬਾਰਿਸ਼ ਹੋਣੀ ਚਾਹੀਦੀ ਸੀ ਪਰ ਸਿਰਫ਼ 671.4 ਮਿਲੀਮੀਟਰ ਬਾਰਿਸ਼ ਹੀ ਹੋਈ ਹੈ। 24 ਸਤੰਬਰ ਤੋਂ ਬਾਅਦ ਮੌਸਮ ਦੇ ਮੁੜ ਤੋਂ ਬਦਲਣ ਦੀ ਸੰਭਾਵਨਾ ਹੈ।