67 ਮੈਚਾਂ ਦੌਰਾਨ ਲਈਆਂ ਸੀ 266 ਵਿਕਟਾਂ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦਾ ਦੇਹਾਂਤ ਹੋ ਗਿਆ ਹੈ। ਉਹ 77 ਸਾਲ ਦੇ ਸਨ। ਖੱਬੇ ਹੱਥ ਦੇ ਸਪਿਨਰ ਬੇਦੀ ਨੇ 1967 ਤੋਂ 1979 ਤਕ ਭਾਰਤ ਲਈ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ। ਵਨਡੇ ਕ੍ਰਿਕਟ 'ਚ ਉਨ੍ਹਾਂ ਨੇ 10 ਮੈਚਾਂ 'ਚ 7 ਵਿਕਟਾਂ ਲਈਆਂ। ਉਨ੍ਹਾਂ ਦਾ ਜਨਮ 25 ਸਤੰਬਰ 1946 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ। ਉਹ ਖੱਬੇ ਹੱਥ ਦੇ ਸਪਿਨਰ ਸੀ। ਉਨ੍ਹਾਂ ਨੇ 22 ਟੈਸਟ ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ। ਉਨ੍ਹਾਂ ਨੂੰ ‘ਸਰਦਾਰ ਆਫ਼ ਸਪਿਨ’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਮਸ਼ਹੂਰ ਸਪਿਨ ਕੁਆਟਰ ਦਾ ਰਹੇ ਹਿੱਸਾ
ਬੇਦੀ ਨੇ 1966 ਤੋਂ 1979 ਤਕ ਭਾਰਤ ਲਈ ਟੈਸਟ ਕ੍ਰਿਕਟ ਖੇਡਿਆ। ਉਹ ਭਾਰਤ ਦੇ ਮਸ਼ਹੂਰ ਸਪਿਨ ਕੁਆਟਰ ਦਾ ਹਿੱਸਾ ਰਿਹਾ ਹੈ। ਉਨ੍ਹਾਂ ਤੋਂ ਇਲਾਵਾ, ਇਸ ਵਿਚ ਇਰਾਪੱਲੀ ਪ੍ਰਸੰਨਾ, ਸ਼੍ਰੀਨਿਵਾਸ ਵੈਂਕਟਰਾਘਵਨ ਅਤੇ ਭਾਗਵਤ ਚੰਦਰਸ਼ੇਖਰ ਸਨ। ਚਾਰਾਂ ਨੇ ਮਿਲ ਕੇ 231 ਟੈਸਟ ਖੇਡੇ ਅਤੇ 853 ਵਿਕਟਾਂ ਲਈਆਂ।
ਆਸਟ੍ਰੇਲੀਆ ਵਿਰੁਧ ਕੀਤਾ ਸੀ ਸਰਬੋਤਮ ਪ੍ਰਦਰਸ਼ਨ
ਬੇਦੀ ਨੇ 1969-70 ਵਿਚ ਕੋਲਕਾਤਾ ਟੈਸਟ ਵਿਚ ਆਸਟਰੇਲੀਆ ਵਿਰੁਧ ਇਕ ਪਾਰੀ ਵਿਚ 98 ਦੌੜਾਂ ਦੇ ਕੇ ਸੱਤ ਵਿਕਟਾਂ ਲਈਆਂ ਸਨ। ਇਹ ਇਕ ਪਾਰੀ ਵਿਚ ਉਨ੍ਹਾਂ ਦਾ ਸਰਬੋਤਮ ਪ੍ਰਦਰਸ਼ਨ ਸੀ। ਇਸ ਦੇ ਨਾਲ ਹੀ ਜੇਕਰ ਮੈਚ ਦੀ ਗੱਲ ਕਰੀਏ ਤਾਂ 1977-78 'ਚ ਪਰਥ ਦੇ ਮੈਦਾਨ 'ਤੇ ਆਸਟ੍ਰੇਲੀਆ ਵਿਰੁਧ 194 ਦੌੜਾਂ 'ਤੇ ਕੁੱਲ 10 ਵਿਕਟਾਂ ਲਈਆਂ ਸਨ। ਉਨ੍ਹਾਂ ਨੇ 1976 ਵਿਚ ਕਾਨਪੁਰ ਟੈਸਟ ਵਿਚ ਨਿਊਜ਼ੀਲੈਂਡ ਦੇ ਵਿਰੁਧ ਟੈਸਟ ਵਿਚ ਅਪਣਾ ਇਕਲੌਤਾ ਅਰਧ ਸੈਂਕੜਾ ਲਗਾਇਆ ਸੀ।
ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ
ਬਿਸ਼ਨ ਸਿੰਘ ਬੇਦੀ ਨੂੰ ਭਾਰਤੀ ਟੀਮ ਦੀ ਕਪਤਾਨੀ ਕਰਨ ਦਾ ਵੀ ਮੌਕਾ ਮਿਲਿਆ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ 1976 ਵਿਚ ਸੌਂਪੀ ਗਈ ਸੀ। ਬੇਦੀ ਨੂੰ ਮਹਾਨ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਸੀ। ਕਪਤਾਨ ਵਜੋਂ ਉਨ੍ਹਾਂ ਦੀ ਪਹਿਲੀ ਜਿੱਤ 1976 ਦੇ ਦੌਰੇ ਵਿਚ ਪੋਰਟ ਆਫ ਸਪੇਨ ਵਿਚ ਵੈਸਟਇੰਡੀਜ਼ ਵਿਰੁਧ ਮਿਲੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਇੰਗਲੈਂਡ ਵਿਰੁਧ ਘਰੇਲੂ ਮੈਦਾਨ 'ਤੇ ਟੈਸਟ ਸੀਰੀਜ਼ 'ਚ 3-1, ਆਸਟ੍ਰੇਲੀਆ ਦੌਰੇ 'ਤੇ ਟੈਸਟ ਸੀਰੀਜ਼ 'ਚ 3-2 ਅਤੇ ਪਾਕਿਸਤਾਨ ਦੌਰੇ 'ਤੇ ਟੈਸਟ ਸੀਰੀਜ਼ 'ਚ 2-0 ਨਾਲ ਹਾਰ ਮਗਰੋਂ ਕਪਤਾਨੀ ਤੋਂ ਹਟਾ ਦਿਤਾ ਗਿਆ ਸੀ। ਉਨ੍ਹਾਂ ਤੋਂ ਬਾਅਦ ਸੁਨੀਲ ਗਾਵਸਕਰ ਕਪਤਾਨ ਬਣੇ।
ਸਚਿਨ ਤੇਂਦੁਲਕਰ ਨਾਲ ਸੀ ਗੂੜੀ ਸਾਂਝ
ਬਿਸ਼ਨ ਸਿੰਘ ਬੇਦੀ ਸਚਿਨ ਤੇਂਦੁਲਕਰ ਨੂੰ ਅਪਣੇ ਪੁੱਤਰ ਵਾਂਗ ਮੰਨਦੇ ਸਨ। ਬੇਦੀ ਦੀ ਕਿਤਾਬ 'ਸਰਦਾਰ ਆਫ ਸਪਿਨ' 'ਚ ਤੇਂਦੁਲਕਰ ਨੇ ਲਿਖਿਆ ਹੈ ਕਿ ਜਦੋਂ ਬੇਦੀ 1990 'ਚ ਭਾਰਤੀ ਟੀਮ ਦੇ ਕੋਚ ਸਨ ਤਾਂ ਉਹ ਨੈੱਟ 'ਤੇ ਸਖਤੀ ਨਾਲ ਪੇਸ਼ ਆਉਂਦੇ ਸਨ। ਨੈੱਟ ਦੇ ਬਾਹਰ ਉਹ ਮੈਨੂੰ ਅਪਣੇ ਪੁੱਤਰ ਵਾਂਗ ਮੰਨਦੇ ਸੀ। ਕਿਤਾਬ 'ਸਰਦਾਰ ਆਫ ਸਪਿਨ' ਬਿਸ਼ਨ ਸਿੰਘ ਦੀ ਬੇਟੀ ਨੇਹਾ ਬੇਦੀ ਦੁਆਰਾ ਲਿਖੀ ਗਈ ।
ਬਿਸ਼ਨ ਦੀ ਬੇਦੀ ਦਾ ਪ੍ਰਵਾਰਕ ਜੀਵਨ
ਬਿਸ਼ਨ ਸਿੰਘ ਬੇਦੀ ਨੇ ਦੋ ਵਾਰ ਵਿਆਹ ਕਰਵਾਇਆ ਸੀ। ਉਨ੍ਹਾਂ ਦੀ ਪਹਿਲੀ ਪਤਨੀ ਆਸਟ੍ਰੇਲੀਅਨ ਸੀ। 1967-68 'ਚ ਭਾਰਤੀ ਟੀਮ ਆਸਟ੍ਰੇਲੀਆ ਦੌਰੇ 'ਤੇ ਗਈ ਸੀ। ਇਸ ਦੌਰਾਨ ਬਿਸ਼ਨ ਸਿੰਘ ਬੇਦੀ ਦੀ ਮੁਲਾਕਾਤ ਮੈਲਬੌਰਨ ਵਿਚ ਇਕ ਪਾਰਟੀ ਦੌਰਾਨ ਆਸਟ੍ਰੇਲੀਆਈ ਕੁੜੀ ਗਲੇਨਥ ਨਾਲ ਹੋਈ। ਕੁੱਝ ਹੀ ਮੁਲਾਕਾਤਾਂ ਵਿਚ ਦੋਵਾਂ ਵਿਚ ਪਿਆਰ ਹੋ ਗਿਆ ਅਤੇ ਜਲਦੀ ਹੀ ਵਿਆਹ ਕਰਵਾ ਲਿਆ। ਕੁੱਝ ਸਾਲਾਂ ਬਾਅਦ ਬੇਦੀ-ਗਲੇਨਥ ਦੇ ਘਰ ਇਕ ਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਗਵਾਸ ਇੰਦਰ ਸਿੰਘ ਰੱਖਿਆ ਗਿਆ। ਨਾਮ ਵਿਚ 'ਗਾਵਸ' ਸ਼ਬਦ ਮਹਾਨ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਦੇ ਉਪਨਾਮ ਤੋਂ ਲਿਆ ਗਿਆ ਸੀ। ਬਿਸ਼ਨ ਸਿੰਘ ਬੇਦੀ ਅਤੇ ਗਲੇਨਥ ਦਾ ਕੁੱਝ ਸਾਲਾਂ ਬਾਅਦ ਤਲਾਕ ਹੋ ਗਿਆ।
ਇਸ ਤੋਂ ਬਾਅਦ ਬੇਦੀ ਨੇ ਭਾਰਤ ਵਿਚ ਅੰਜੂ ਇੰਦਰਜੀਤ ਬੇਦੀ ਨਾਲ ਦੂਜਾ ਵਿਆਹ ਕਰਵਾ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਪੁੱਤਰ ਅੰਗਦ ਬੇਦੀ ਦਾ ਜਨਮ ਹੋਇਆ। ਅੰਗਦ ਇਕ ਮਸ਼ਹੂਰ ਮਾਡਲ ਅਤੇ ਅਦਾਕਾਰ ਹੈ। ਅੰਗਦ ਬੇਦੀ ਦਾ ਵਿਆਹ ਅਭਿਨੇਤਰੀ ਨੇਹਾ ਧੂਪੀਆ ਨਾਲ ਹੋਇਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਸ਼ਨ ਸਿੰਘ ਬੇਦੀ ਦੇ ਦਿਹਾਂਤ ’ਤੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਿਖਿਆ, “ਪ੍ਰਸਿੱਧ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਜੀ ਦੇ ਦਿਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਖੇਡ ਲਈ ਉਨ੍ਹਾਂ ਦਾ ਜਨੂੰਨ ਅਟੁੱਟ ਸੀ ਅਤੇ ਉਨ੍ਹਾਂ ਦੇ ਮਿਸਾਲੀ ਪ੍ਰਦਰਸ਼ਨ ਨੇ ਭਾਰਤ ਲਈ ਕਈ ਯਾਦਗਾਰ ਜਿੱਤਾਂ ਦੀ ਅਗਵਾਈ ਕੀਤੀ। ਉਹ ਆਉਣ ਵਾਲੀਆਂ ਪੀੜ੍ਹੀਆਂ ਦੇ ਕ੍ਰਿਕਟਰਾਂ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿਣਗੇ”।
ਮੁੱਖ ਮੰਤਰੀ ਭਗਵੰਤ ਮਾਨ ਨੇ ਜਤਾਇਆ ਦੁੱਖ
ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੁੱਖ ਜ਼ਾਹਰ ਕਰਦਿਆਂ ਲਿਖਿਆ, “ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ‘ਸਰਦਾਰ ਆਫ਼ ਸਪਿਨ’ ਦੇ ਨਾਂਅ ਨਾਲ ਜਾਣੇ ਜਾਂਦੇ ਸਰਦਾਰ ਬਿਸ਼ਨ ਸਿੰਘ ਬੇਦੀ ਜੀ ਦੇ ਅਕਾਲ ਚਲਾਣੇ ਦੀ ਦੁਖਦਾਈ ਖ਼ਬਰ ਮਿਲੀ…ਕ੍ਰਿਕਟ ਪ੍ਰੇਮੀ ਹੋਣ ਦੇ ਨਾਤੇ ਮੈਂ ਬਿਸ਼ਨ ਸਿੰਘ ਜੀ ਦੀ ਖੇਡ ਦਾ ਹਮੇਸ਼ਾ ਕਾਇਲ ਰਿਹਾ ਹਾਂ…ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਬਿਸ਼ਨ ਸਿੰਘ ਜੀ ਦਾ ਨਾਂਅ ਸੁਨਹਿਰੇ ਅੱਖਰਾਂ ‘ਚ ਲਿਖਿਆ ਹਮੇਸ਼ਾ ਸਾਡੇ ਚੇਤਿਆਂ ‘ਚ ਰਹੇਗਾ….”।
ਕੇਂਦਰੀ ਖੇਡ ਮੰਤਰੀ ਨੇ ਜਤਾਇਆ ਦੁੱਖ
ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਲਿਖਿਆ, “ਭਾਰਤ ਦੇ ਮਹਾਨ ਸਪਿਨਰ ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ। ਭਾਰਤੀ ਕ੍ਰਿਕਟ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਮੈਦਾਨ 'ਤੇ ਉਨ੍ਹਾਂ ਦੀ ਕਲਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪ੍ਰਵਾਰ, ਦੋਸਤਾਂ ਅਤੇ ਪੂਰੇ ਕ੍ਰਿਕਟ ਭਾਈਚਾਰੇ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ”।
ਰਾਸ਼ਟਰਪਤੀ ਨੇ ਵੀ ਕੀਤਾ ਟਵੀਟ
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਲਿਖਿਆ, "ਬਿਸ਼ਨ ਸਿੰਘ ਬੇਦੀ ਦੇ ਦੇਹਾਂਤ ਨਾਲ ਦੇਸ਼ ਨੇ ਇਕ ਮਹਾਨ ਖੇਡ ਨਾਇਕ ਨੂੰ ਗੁਆ ਦਿਤਾ ਹੈ। ਬਿਸ਼ਨ ਸਿੰਘ ਬੇਦੀ ਉਨ੍ਹਾਂ ਲੋਕਾਂ ਵਿਚੋਂ ਸਨ, ਜਿਨ੍ਹਾਂ ਨੇ ਸਪਿਨ ਗੇਂਦਬਾਜ਼ੀ ਨੂੰ ਇਕ ਕਲਾ ਵਜੋਂ ਉਭਾਰਿਆ। ਉਹ ਕ੍ਰਿਕਟ ਅਤੇ ਕ੍ਰਿਕਟਰਾਂ ਦੇ ਵਿਕਾਸ ਵਿਚ ਵੀ ਅਹਿਮ ਭੂਮਿਕਾ ਨਿਭਾ ਰਹੇ ਸਨ"।