
ਕੈਲਾਸ਼ ਭਾਟੀ ਭਾਜਪਾ ਆਗੂ ਨਰਿੰਦਰ ਭਾਟੀ ਦਾ ਛੋਟਾ ਭਰਾ ਹੈ
ਨੋਇਡਾ - ਵਧੀਕ ਜ਼ਿਲ੍ਹਾ ਜੱਜ ਅਨਿਲ ਕੁਮਾਰ (ਪਾਸਕੋ)-ਪਹਿਲੇ ਨੇ ਸ਼ੁੱਕਰਵਾਰ ਨੂੰ ਗੌਤਮ ਬੁੱਧ ਨਗਰ ਦੇ ਤੁਸਿਆਨਾ ਪਿੰਡ 'ਚ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੇ ਦੋਸ਼ 'ਚ ਗ੍ਰਿਫ਼ਤਾਰ ਨੋਇਡਾ ਅਥਾਰਟੀ ਦੇ ਤਤਕਾਲੀ ਮੈਨੇਜਰ ਕੈਲਾਸ਼ ਭਾਟੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੈਲਾਸ਼ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਪ੍ਰੀਸ਼ਦ (ਐੱਮ.ਐੱਲ.ਸੀ.) ਦੇ ਮੈਂਬਰ ਨਰਿੰਦਰ ਭਾਟੀ ਦਾ ਛੋਟਾ ਭਰਾ ਹੈ।
ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਹੋਰ ਦੋ ਦੋਸ਼ੀਆਂ ਦੀ ਜ਼ਮਾਨਤ ਅਰਜ਼ੀ 'ਤੇ 30 ਨਵੰਬਰ ਨੂੰ ਸੁਣਵਾਈ ਹੋਵੇਗੀ। ਸਹਾਇਕ ਸਰਕਾਰੀ ਵਕੀਲ ਧਰਮਿੰਦਰ ਜੈਨ ਨੇ ਦੱਸਿਆ ਕਿ ਉਨ੍ਹਾਂ ਨੇ ਬਹਿਸ ਦੌਰਾਨ ਪੁਲਿਸ ਵੱਲੋਂ ਮੁਲਜ਼ਮਾਂ ’ਤੇ ਲਾਏ ਗਏ ਦੋਸ਼ਾਂ ਦੇ ਸਬੂਤ ਅਦਾਲਤ ਵਿੱਚ ਪੇਸ਼ ਕੀਤੇ।
ਅਦਾਲਤ ਨੇ 22 ਨਵੰਬਰ ਨੂੰ ਕੁਝ ਹੋਰ ਦਸਤਾਵੇਜ਼ ਮੰਗੇ ਸਨ। ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਦੇ ਵਕੀਲਾਂ ਨੇ ਬਹਿਸ ਕੀਤੀ ਅਤੇ ਇਸ ਤੋਂ ਬਾਅਦ ਅਦਾਲਤ ਨੇ ਕੈਲਾਸ਼ ਭਾਟੀ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ।
ਇਸ ਮਾਮਲੇ ਵਿੱਚ ਗ੍ਰਿਫ਼ਤਾਰ ਦੋ ਹੋਰ ਮੁਲਜ਼ਮਾਂ ਕਮਲ ਅਤੇ ਦੀਪਕ ਦੀ ਜ਼ਮਾਨਤ ’ਤੇ ਸੁਣਵਾਈ 30 ਨਵੰਬਰ ਨੂੰ ਹੋਵੇਗੀ। ਸਹਾਇਕ ਸਰਕਾਰੀ ਵਕੀਲ ਨੇ ਦੱਸਿਆ ਕਿ ਪੁਲਿਸ ਨੇ ਅਦਾਲਤ ਵਿੱਚ ਸਬੂਤ ਪੇਸ਼ ਕੀਤੇ, ਕਿ ਕੈਲਾਸ਼ ਭਾਟੀ ਨੇ ਕਾਗਜ਼ਾਂ ਵਿੱਚ ਹੇਰਾਫ਼ੇਰੀ ਕਰਕੇ ਕਿਸੇ ਅਣਉਚਿਤ ਵਿਅਕਤੀ ਦੇ ਨਾਂਅ 'ਤੇ ਪਲਾਟ ਅਲਾਟ ਕੀਤਾ ਸੀ।
ਜ਼ਿਕਰਯੋਗ ਹੈ ਕਿ ਪਿੰਡ ਤੁਸਿਆਣਾ 'ਚ ਕਰੋੜਾਂ ਰੁਪਏ ਦੇ ਜ਼ਮੀਨ ਘੁਟਾਲੇ ਦੇ ਮਾਮਲੇ 'ਚ ਉੱਤਰ ਪ੍ਰਦੇਸ਼ ਸਰਕਾਰ ਦੇ ਹੁਕਮਾਂ 'ਤੇ ਸਪੈਸ਼ਲ ਇਨਵੈਸਟੀਗੇਸ਼ਨ ਸੈੱਲ ਵਲੋਂ ਜਾਂਚ ਜਾਰੀ ਸੀ, ਅਤੇ 10 ਦਿਨ ਪਹਿਲਾਂ ਕੈਲਾਸ਼ ਭਾਟੀ, ਦੀਪਕ ਅਤੇ ਕਮਲ ਨਾਂ ਦੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।