
ਕਈ ਸੂਬਿਆਂ ਨੇ ਹਵਾਈ ਉਡਾਣਾਂ ਸ਼ੁਰੂ ਕਰਨ ਦੀ ਇਜਾਜ਼ਤ ਨਾ ਦਿਤੀ, 630 ਉਡਾਣਾਂ ਹੋਈਆਂ ਰੱਦ
ਨਵੀਂ ਦਿੱਲੀ, 25 ਮਈ: ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਵੱਖੋ-ਵੱਖ ਸੂਬਿਆਂ ਵਲੋਂ ਅਪਣੇ ਹਵਾਈ ਅੱਡੇ ਨਾ ਖੋਲ੍ਹਣ ਵਿਚਕਾਰ ਸੋਮਵਾਰ ਨੂੰ ਦੇਸ਼ 'ਚ ਦੋ ਮਹੀਨੇ ਦੇ ਵਕਫ਼ੇ ਮਗਰੋਂ ਘਰੇਲੂ ਯਾਤਰੀ ਜਹਾਜ਼ ਸੇਵਾਵਾਂ ਮੁੜ ਸ਼ੁਰੂ ਕਰ ਦਿਤੀਆਂ ਗਈਆਂ। ਸੂਤਰਾਂ ਅਨੁਸਾਰ ਕੇਂਦਰ ਸਰਕਾਰ ਵਲੋਂ ਐਤਵਾਰ ਦੀ ਰਾਤ ਪਛਮੀ ਬੰਗਾਲ ਅਤੇ ਆਂਧਰ ਪ੍ਰਦੇਸ਼ ਲਈ ਕੋਈ ਉਡਾਨ ਨਾ ਹੋਣ ਅਤੇ ਮੁੰਬਈ, ਚੇਨਈ ਤੇ ਹੈਦਰਾਬਾਦ ਵਰਗੇ ਵੱਡੇ ਸ਼ਹਿਰਾਂ ਲਈ ਘੱਟ ਗਿਣਤੀ 'ਚ ਉਡਾਨਾਂ ਚਲਾਉਣ ਕਰ ਕੇ ਹਦਾਇਤਾਂ ਜਾਰੀ ਹੋਣ ਮਗਰੋਂ 630 ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਇਸੇ ਕਰ ਕੇ ਕਈ ਲੋਕਾਂ ਨੂੰ ਹਵਾਈ ਅੱਡੇ ਪੁੱਜ ਕੇ ਵੀ ਵਾਪਸ ਮੁੜਨਾ ਪਿਆ।
File photo
ਹਵਾਬਾਜ਼ੀ ਅਧਿਕਾਰੀਆਂ ਦੀ ਸਖ਼ਤ ਨਿਗਰਾਨੀ ਹੇਠ ਪਹਿਲੇ ਜਹਾਜ਼ ਨੇ ਦਿੱਲੀ ਹਵਾਈ ਅੱਡੇ ਤੋਂ ਪੁਣੇ ਲਈ ਸਵੇਰੇ ਪੌਣੇ ਪੰਜ ਵਜੇ ਉਡਾਨ ਭਰੀ, ਜਦਕਿ ਮੁੰਬਈ ਹਵਾਈ ਅੱਡੇ ਤੋਂ ਪਹਿਲੀ ਉਡਾਨ ਪੌਣੇ ਪੰਜ ਸੱਤ ਵਜੇ ਪਟਨਾ ਲਈ ਭਰੀ ਗਈ। ਦੇਸ਼ ਭਰ 'ਚ ਸੋਮਵਾਰ ਨੂੰ ਕਈ ਉਡਾਣਾਂ ਰੱਦ ਵੀ ਕਰ ਦਿਤੀਆਂ ਗਈਆਂ। ਸੂਤਰਾਂ ਅਨੁਸਾਰ ਦਿੱਲੀ ਹਵਾਈ ਅੱਡੇ 'ਤੇ ਹੁਣ ਤਕ ਲਗਭਗ 82 ਉਡਾਣਾਂ ਆਉਣ ਅਤੇ ਜਾਣ ਵਾਲੀਆਂ ਰੱਦ ਕਰ ਦਿਤੀਆਂ ਗਈਆਂ ਹਨ।
File photo
ਮਹਾਰਾਸ਼ਟਰ, ਪਛਮੀ ਬੰਗਾਲ ਅਤੇ ਤਾਮਿਲਨਾਡੂ ਵਰਗੇ ਸੂਬੇ, ਜਿੱਥੇ ਦੇਸ਼ ਦੇ ਸੱਭ ਤੋਂ ਜ਼ਿਆਦਾ ਭੀੜ-ਭਾੜ ਵਾਲੇ ਹਵਾਈ ਅੱਡੇ ਹਨ, ਉਹ ਅਪਣੇ ਸੂਬਿਆਂ 'ਚ ਕੋਰੋਨਾ ਵਾਇਰਸ ਲਾਗ ਦੇ ਮਾਮਲੇ ਵਧਣ ਦਾ ਹਵਾਲਾ ਦੇ ਕੇ ਹਵਾਈ ਅੱਡਿਆਂ ਤੋਂ ਘਰੇਲੂ ਜਹਾਜ਼ ਸੇਵਾ ਸ਼ੁਰੂ ਕਰਨ ਦੇ ਇੱਛੁਕ ਨਹੀਂ ਹਨ। ਪਛਮੀ ਬੰਗਾਲ ਨੇ ਜਹਾਜ਼ ਸੇਵਾ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਦੇ ਹਵਾਬਾਜ਼ੀ ਮੰਤਰਾਲੇ ਦੀ ਅਪੀਲ ਨੂੰ ਮਨਜ਼ੂਰ ਨਹੀਂ ਕੀਤਾ।
File photo
ਐਤਵਾਰ ਨੂੰ ਇਹ ਤੈਅ ਕੀਤਾ ਗਿਆ ਸੀ ਕਿ ਸਖ਼ਤ ਹਦਾਇਤਾਂ ਦੇ ਤਹਿਤ ਸੂਬੇ 28 ਮਈ ਨੂੰ ਹੌਲੀ-ਹੌਲੀ ਘਰੇਲੂ ਜਹਾਜ਼ ਸੇਵਾ ਦੀ ਇਜਾਜ਼ਤ ਦੇਣਾ ਸ਼ੁਰੂ ਕਰਨਗੇ। ਆਂਧਰ ਪ੍ਰਦੇਸ਼ 'ਚ ਵੀ ਸੋਮਵਾਰ ਨੂੰ ਕਿਸੇ ਜਹਾਜ਼ ਨੂੰ ਚੱਲਣ ਦੀ ਇਜਾਜ਼ਤ ਨਾ ਦਿਤੀ ਗਈ। ਏਅਰਲਾਈਨ ਕੰਪਨੀਆਂ ਸੇਵਾਵਾਂ ਸ਼ੁਰੂ ਕਰਨ ਨੂੰ ਲੈ ਕੇ ਦੁਚਿੱਤੀ 'ਚ ਸਨ ਕਿਉਂਕਿ ਕਈ ਸੂਬਿਆਂ ਨੇ ਘਰੇਲੂ ਜਹਾਜ਼ਾਂ ਨਾਲ ਪੁੱਜਣ ਵਾਲੇ ਯਾਤਰੀਆਂ ਨੂੰ ਏਕਾਂਤਵਾਸ 'ਚ ਰੱਖਣ ਲਈ ਵੱਖ-ਵੱਖ ਨਿਯਮਾਂ ਅਤੇ ਸ਼ਰਤਾਂ ਲਾਗੂ ਕੀਤੀਆਂ ਹਨ।
flights
ਸਰਕਾਰ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਕੁੱਝ ਖ਼ਾਸ ਨਿਯਮਾਂ ਅਤੇ ਹਦਾਇਤਾਂ ਤਹਿਤ 25 ਮਈ ਤੋਂ ਘਰੇਲੂ ਜਹਾਜ਼ ਸੇਵਾਵਾਂ ਮੁੜ ਸ਼ੁਰੂ ਕੀਤੀਆਂ ਜਾਣਗੀਆਂ। ਇਨ੍ਹਾਂ 'ਚ ਟਿਕਟ ਦੀਆਂ ਕੀਮਤਾਂ ਨੂੰ ਸੀਮਤ ਕਰਨਾ, ਸਵਾਰੀਆਂ ਵਲੋਂ ਮਾਸਕ ਪਹਿਨਣਾ, ਜਹਾਜ਼ ਅੰਦਰ ਖਾਣਾ ਨਾ ਦਿਤੇ ਜਾਣ ਅਤੇ ਅਰੋਗਿਆਸੇਤੂ ਮੋਬਾਈਲ ਐਪ ਜ਼ਰੀਏ ਯਾਤਰੀਆਂ ਵਲੋਂ ਸਿਹਤ ਦੀ ਸਥਿਤੀ ਦਾ ਵੇਰਵਾ ਮੁਹੱਈਆ ਕਰਵਾਉਣਾ ਵਰਗੇ ਨਿਯਮ ਸ਼ਾਮਲ ਸਨ।
Flight
ਹਵਾਈ ਆਵਾਜਾਈ ਕੰਪਨੀ ਇੰਡੀਗੋ ਦੇ ਇਕ ਬੁਲਾਰੇ ਨੇ ਕਿਹਾ ਕਿ ਏਅਰਲਾਈਨ ਦੇ ਜਹਾਜ਼ਾਂ ਰਾਹੀਂ ਲਗਭਗ 20,000 ਯਾਤਰੀਆਂ ਨੇ ਸਫ਼ਰ ਕੀਤਾ। ਜਦਕਿ ਸਪਾਈਸਜੈੱਟ ਨੇ ਕਿਹਾ ਕਿ ਉਸ ਨੇ ਸੋਮਵਾਰ ਨੂੰ 20 ਜਹਾਜ਼ਾਂ ਨੂੰ ਉਡਾਇਆ। ਕਈ ਸੂਬਿਆਂ ਨੇ ਜਹਾਜ਼ ਸੇਵਾ ਸ਼ੁਰੂ ਕਰਨ ਦੇ ਕੇਂਦਰ ਸਰਕਾਰ ਦੇ ਫ਼ੈਸਲੇ ਨੂੰ ਲੈ ਕੇ ਇਤਰਾਜ਼ ਪ੍ਰਗਟਾਇਆ ਸੀ।
Flight
ਕਰਨਾਟਕ, ਤਾਮਿਲਨਾਡੂ, ਕੇਰਲ, ਬਿਹਾਰ, ਪੰਜਾਬ, ਆਸਾਮ ਅਤੇ ਆਂਧਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਨੇ ਹਵਾਈ ਅੱਡਿਆਂ 'ਤੇ ਆਉਣ ਵਾਲੇ ਯਾਤਰੀਆਂ ਲਈ ਅਪਣੇ-ਅਪਣੇ ਏਕਾਂਤਵਾਸ ਨਿਯਮਾਂ ਦਾ ਐਲਾਨ ਕੀਤਾ ਹੈ। ਕੁੱਝ ਸੂਬਿਆਂ ਨੇ ਯਾਤਰੀਆਂ ਨੂੰ ਲਾਜ਼ਮੀ ਰੂਪ 'ਚ ਸੰਸਥਾਗਤ ਏਕਾਂਤਵਾਸ ਕੇਂਦਰਾਂ 'ਚ ਰੱਖਣ ਦਾ ਫ਼ੈਸਲਾ ਕੀਤਾ ਹੈ, ਜਦਕਿ ਕਈ ਹੋਰ ਉਨ੍ਹਾਂ ਨੂੰ ਘਰਾਂ 'ਚ ਹੀ ਇਕੱਲਾ ਰੱਖਣ 'ਚ ਚਰਚਾ ਕਰ ਰਹੇ ਹਨ। (ਪੀਟੀਆਈ)