
ਸਮ੍ਰਿਤੀ ਇਰਾਨੀ ਨੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਸੂਬਿਆਂ ਤੋਂ ਮਿਲੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਇਕ ਅਪ੍ਰੈਲ ਤੋਂ ਹੁਣ ਤੱਕ 577 ਬੱਚੇ ਅਨਾਥ ਹੋ ਗਏ। ਉਹਨਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸਰਕਾਰ ਕੋਵਿਡ ਕਾਰਨ ਅਪਣੇ ਮਾਤਾ-ਪਿਤਾ ਨੂੰ ਗੁਆ ਚੁੱਕੇ ਹਰ ਬੱਚੇ ਦੀ ਸੁਰੱਖਿਆ ਅਤੇ ਸਹਾਇਤਾ ਲਈ ਵਚਨਬੱਧ ਹੈ।
Smriti Irani
ਕੇਂਦਰੀ ਮੰਤਰੀ ਨੇ ਟਵੀਟ ਕੀਤਾ, ‘ਭਾਰਤ ਸਰਕਾਰ ਹਰ ਉਸ ਬੱਚੇ ਦੇ ਸਹਿਯੋਗ ਅਤੇ ਸੁਰੱਖਿਆ ਲਈ ਵਚਨਬੱਧ ਹੈ, ਜਿਨ੍ਹਾਂ ਨੇ ਕੋਵਿਡ-19 ਕਾਰਨ ਅਪਣੇ ਮਾਤਾ-ਪਿਤਾ ਨੂੰ ਖੋ ਦਿੱਤਾ ਹੈ। ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਕ ਅਪ੍ਰੈਲ ਤੋਂ 577 ਬੱਚਿਆਂ ਦੇ ਮਾਤਾ-ਪਿਤਾ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ ਹੈ’।
Coronavirus
ਦੱਸਿਆ ਜਾ ਰਿਹਾ ਹੈ ਕਿ ਇਹ ਬੱਚੇ ਇਕੱਲੇ ਨਹੀਂ ਹਨ। ਇਹਨਾਂ ਬੱਚਿਆਂ ਦੀ ਦੇਖਭਾਲ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਜੇਕਰ ਅਜਿਹੇ ਬੱਚਿਆਂ ਨੂੰ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਤਾਂ ਨੈਸ਼ਨਲ ਇੰਸਟੀਚਿਊਟ ਆਫ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਜ਼ ਦੀ (ਨਿਮਹੰਸ) ਟੀਮ ਤਿਆਰ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਬੱਚਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਫੰਡਾਂ ਦੀ ਘਾਟ ਨਹੀਂ ਹੈ।
577 Children Orphaned Due To Covid Since April 1: Smriti Irani
ਉਧਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਰਾਮ ਮੋਹਨ ਮਿਸ਼ਰਾ ਨੇ ਦੱਸਿਆ ਕਿ ਭਾਰਤ ਜਲਦ ਹੀ 9 ਦੇਸ਼ਾਂ ਵਿਚ ਸਥਿਤ ਅਪਣੇ ਹਾਈ ਕਮੀਸ਼ਨ ਵਿਚ ‘ਵਨ ਸਟਾਪ ਸੈਂਟਰ’ ਖੋਲ੍ਹੇਗਾ। ਇਸ ਤੋਂ ਇਲਾਵਾ ਪੂਰੇ ਭਾਰਤ ਵਿਚ 300 ‘ਵਨ ਸਟਾਪ ਸੈਂਟਰ’ ਖੋਲ੍ਹੇ ਜਾਣਗੇ।