
ਭਾਵੇਂ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਗੰਭੀਰ ਇਲਜ਼ਾਮ ਵਿਚ 20 ਸਾਲ ਦੀ ਜੇਲ੍ਹ...
ਰੋਹਤਕ : ਭਾਵੇਂ ਕਿ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਦੋ ਸਾਧਵੀਆਂ ਨਾਲ ਬਲਾਤਕਾਰ ਕਰਨ ਦੇ ਗੰਭੀਰ ਇਲਜ਼ਾਮ ਵਿਚ 20 ਸਾਲ ਦੀ ਜੇਲ੍ਹ ਹੋਈ ਹੈ ਅਤੇ ਉਸ ਨੂੰ ਸੁਨਾਰੀਆ ਜੇਲ੍ਹ ਵਿਚ ਬੰਦ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਉਸ ਦੇ ਬਹੁਤ ਸਾਰੇ ਸ਼ਰਧਾਲੂਆਂ ਦੀ ਸ਼ਰਧਾ ਵਿਚ ਕਮੀ ਨਹੀਂ ਆਈ ਹੈ। ਸੋਸ਼ਲ ਮੀਡੀਆ 'ਤੇ ਅਕਸਰ ਅਜਿਹੀਆਂ ਤਸਵੀਰਾਂ ਕਈ ਵਾਰ ਸਾਹਮਣੇ ਆ ਚੁੱਕੀਆਂ ਹਨ,
ram rahim
ਜਿਸ ਵਿਚ ਕੁੱਝ ਡੇਰਾ ਪ੍ਰੇਮੀਆਂ ਨੂੰ ਸੁਨਾਰੀਆ ਜੇਲ੍ਹ ਵੱਲ ਮੂੰਹ ਕਰਕੇ ਪ੍ਰਣਾਮ ਕਰਦੇ ਦੇਖਿਆ ਗਿਆ ਹੈ।ਕੁੱਝ ਡੇਰਾ ਪ੍ਰੇਮੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਗੁਰੂ ਰਾਮ ਰਹੀਮ ਜੇਲ੍ਹ ਵਿਚ ਅਪਣੀ ਮਰਜ਼ੀ ਅਨੁਸਾਰ ਗਿਆ ਹੋਇਆ ਹੈ ਅਤੇ ਉਹ ਕਿਸੇ ਮਿਸ਼ਨ 'ਤੇ ਗਏ ਹੋਏ ਹਨ ਪਰ ਹੁਣ ਜਦੋਂ ਜੇਲ੍ਹ ਵੱਲ ਮੂੰਹ ਕਰ ਕੇ ਰਾਮ ਰਹੀਮ ਨੂੰ ਪ੍ਰਣਾਮ ਕਰਨ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ
ram rahim singh
ਤਾਂ ਪੁਲਿਸ ਨੇ ਇਸ ਵਿਰੁਧ ਸਖ਼ਤੀ ਕਰਨੀ ਸ਼ੁਰੂ ਕਰ ਦਿਤੀ ਹੈ। ਬੀਤੇ ਦਿਨ ਜਦੋਂ ਇਸ ਤਰ੍ਹਾਂ ਦੀ ਇਕ ਘਟਨਾ ਫਿਰ ਸਾਹਮਣੇ ਆਈ ਤਾਂ ਕੁੱਝ ਰਾਹਗੀਰਾਂ ਨੇ ਥੋੜ੍ਹੀ ਦੂਰ ਖੜ੍ਹੀ ਪੁਲਿਸ ਨੂੰ ਇਸ ਦੀ ਜਾਣਕਾਰੀ ਦਿਤੀ ਤਾਂ ਪੁਲਿਸ ਨੇ ਤੁਰਤ ਕਾਰਵਾਈ ਕਰਦੇ ਹੋਏ ਜੇਲ੍ਹ ਵੱਲ ਮੂੰਹ ਕਰ ਕੇ ਮੱਥਾ ਟੇਕਣ ਵਾਲਿਆਂ ਨੂੰ ਕਾਬੂ ਕਰ ਲਿਆ।
ਰੋਹਤਕ ਪੁਲਿਸ ਨੇ ਇਥੋਂ ਦੀ ਸੁਨਾਰੀਆ ਜੇਲ੍ਹ ਵੱਲ ਮੂੰਹ ਕਰਕੇ ਨਮਸਕਾਰ ਕਰਨ
ram rahim
'ਤੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ 8 ਪ੍ਰੇਮੀਆਂ ਅਤੇ ਇਕ ਡਰਾਈਵਰ ਨੂੰ ਜ਼ਿਲ੍ਹਾ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਉਨ੍ਹਾਂ ਦੀ ਕਾਰ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਇਹ ਪ੍ਰੇਮੀ ਸੁਨਾਰੀਆ ਜੇਲ੍ਹ ਵੱਲ ਮੂੰਹ ਕਰਕੇ ਅਪਣੇ ਗੁਰੂ ਰਾਮ ਰਹੀਮ ਦਾ ਨਾਂ ਲੈ ਕੇ ਨਮਸਕਾਰ ਕਰ ਰਹੇ ਸਨ ਕਿਉਂਕਿ ਰਾਮ ਰਹੀਮ ਬਲਾਤਕਾਰ ਦੇ ਦੋਸ਼ ਵਿਚ ਇਸੇ ਜੇਲ੍ਹ ਵਿਚ ਬੰਦ ਹੈ।
rohtak jail
ਦਸ ਦਈਏ ਕਿ ਰਾਮ ਰਹੀਮ ਨਾਲ ਜੇਲ੍ਹ ਵਿਚ ਮੁਲਾਕਾਤ ਲਈ ਸੋਮਵਾਰ ਅਤੇ ਵੀਰਵਾਰ ਦਾ ਦਿਨ ਤੈਅ ਕੀਤਾ ਗਿਆ ਹੈ। ਐਤਵਾਰ ਨੂੰ ਕਾਰ ਨੰਬਰ ਪੀ ਵੀ 31 ਐੱਫ 0044 ਵਿਚ ਸਵਾਰ ਹੋ ਕੇ ਰਾਮ ਰਹੀਮ ਦੇ 8 ਪ੍ਰੇਮੀ ਜੇਲ੍ਹ ਵਲ ਜਾਣ ਵਾਲੇ ਰਸਤੇ 'ਤੇ ਪਹੁੰਚੇ। ਇਸੇ ਦੌਰਾਨ ਜਦੋਂ ਉਹ ਕਾਰ 'ਚੋਂ ਉਤਰ ਕੇ ਜੇਲ੍ਹ ਵਲ ਮੂੰਹ ਕਰਕੇ ਰਾਮ ਰਹੀਮ ਦਾ ਨਾਂ ਲੈ ਕੇ ਨਮਸਕਾਰ ਕਰਨ ਲੱਗੇ ਤਾਂ ਉਥੋਂ ਲੰਘ ਰਹੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਿਤ ਕੀਤਾ।
rohtak jail
ਪੁਲਿਸ ਨੇ ਤੁਰੰਤ ਇਨ੍ਹਾਂ ਡੇਰਾ ਪ੍ਰੇਮੀਆਂ ਨੂੰ ਹਿਰਾਸਤ ਵਿਚ ਲੈ ਲਿਆ।ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀਆਂ ਤਸਵੀਰਾਂ ਤੋਂ ਇਲਾਵਾ ਰਾਮ ਰਹੀਮ ਦੇ ਪ੍ਰੇਮੀਆਂ ਵਲੋਂ ਵੀਡੀਓ ਵੀ ਅਪਲੋਡ ਕੀਤੀਆਂ ਜਾਂਦੀਆਂ ਹਨ, ਜਿਸ ਵਿਚ ਅਕਸਰ ਡੇਰਾ ਪ੍ਰੇਮੀ ਰਾਮ ਰਹੀਮ ਨੂੰ ਕਿਸੇ ਖ਼ਾਸ ਮਿਸ਼ਨ 'ਤੇ ਗਿਆ ਹੋਇਆ ਦੱਸਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅੱਜ ਦੇ ਇਸ ਆਧੁਨਿਕ ਯੁੱਗ ਵਿਚ ਲੋਕਾਂ ਦਾ ਕਿਸ ਕਦਰ ਮਾਈਂਡ ਭਰਮਾਇਆ ਹੋਇਆ ਹੈ ਕਿ ਉਨ੍ਹਾਂ ਨੂੰ ਸਹੀ ਅਤੇ ਗ਼ਲਤ ਤਕ ਦਾ ਪਤਾ ਨਹੀਂ ਲਗਦਾ।