
ਭੀੜ ਪੈਣ ’ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਮੋਦੀ ਨੇ ਨਹੀਂ, ਸਿੱਖਾਂ ਨੇ ਬਚਾਇਆ ਸੀ: ਉਮਰ ਅਬਦੁੱਲ੍ਹਾ
ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲ੍ਹਾ ਨੇ ਬਾਰਾਮੂਲਾ ਕਸਬੇ ਵਿਚ ਪਾਰਟੀ ਕਾਰਕੁੰਨਾਂ ਤੇ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘ਪੁਲਵਾਮਾ ਦੇ ਦਹਿਸ਼ਤਗਰਦ ਹਮਲੇ ਤੋਂ ਬਾਅਦ ਸਮੁੱਚੇ ਦੇਸ਼ ਵਿਚ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜਾਂ ਦੀ ਹਿੰਸਾ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਨਹੀਂ ਸਗੋਂ ਸਿੱਖਾਂ ਨੇ ਬਚਾਇਆ ਸੀ’
Omar Abdullah
ਉਮਰ ਅਬਦੁੱਲ੍ਹਾ ਨੇ ਕਿਹਾ ਕਿ ਜੰਮੂ ਅਤੇ ਭਾਰਤ ਦੇ ਹੋਰਨਾਂ ਰਾਜਾਂ ਵਿਚ ਸੱਜੇ-ਪੱਖੀ ਅਤਿਵਾਦੀਆਂ ਦੇ ਹਮਲਿਆਂ ਤੋਂ ਵਿਦਿਆਰਥੀਆਂ ਨੂੰ ਬਚਾਉਣਾ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਸੀ ਪਰ ਅਫ਼ਸੋਸ ਦੀ ਗੱਲ ਹੈ ਕਿ ਜਿੱਥੇ ਕਿਤੇ ਵੀ ਕਦੇ ਕੋਈ ਹਿੰਸਾ ਦੀ ਘਟਨਾ ਵਾਪਰਦੀ ਹੈ ਤਾਂ ਉੱਥੇ ਮੋਦੀ ਸਰਕਾਰ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ।
ਇਸ ਦੌਰਾਨ ਉਮਰ ਅਬਦੁੱਲ੍ਹਾ ਨੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਰਾਜ ਵਿਚ ਲੋਕਾਂ ਨੂੰ ਪਲਾਸਟਿਕ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਉਹੀ ਉਨ੍ਹਾਂ ਹੀ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਨੈਸ਼ਨਲ ਕਾਨਫਰੰਸ ਦੇ ਸੀਨੀਅਰ ਆਗੂ ਅਲੀ ਮੁਹੰਮਦ ਸਾਗਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੈਸ਼ਨਲ ਕਾਨਫਰੰਸ ਦੇ ਕਾਰਕੁੰਨ ‘ਅਸਲ ਮੁਜਾਹਿਦੀਨ’ ਯਾਨੀ ਅਸਲ-ਯੋਧੇ ਹਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਮਹਿਬੂਬਾ ਮੁਫ਼ਤੀ ਨੇ ਅਪਣੇ ਪਾਰਟੀ ਕਾਰਕੁੰਨਾਂ ਨੂੰ ‘ਅਸਲ ਮੁਜਾਹਿਦੀਨ’ ਦੱਸਿਆ ਸੀ।