
ਭਾਲੂ ਨਾਲ ਕੀਤਾ ਮੁਕਾਬਲਾ ; ਜ਼ਖ਼ਮੀ ਪਤੀ ਨੂੰ ਪਿੱਠ 'ਤੇ ਚੁੱਕ ਕੇ 3 ਕਿਲੋਮੀਟਰ ਦੂਰ ਹਸਪਤਾਲ ਪਹੁੰਚਾਇਆ
ਛੱਤੀਸਗੜ੍ਹ : ਪਤਨੀਆਂ ਲਈ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਆਪਣੇ ਪਤੀ ਲਈ ਕਿਸੇ ਵੀ ਹੱਦ ਤਕ ਜਾ ਸਕਦੀਆਂ ਹਨ। ਕਲਯੁਗ 'ਚ ਜਿੱਥੇ ਅੱਜਕਲ ਪਤੀ ਅਤੇ ਪਤਨੀ ਦੇ ਰਿਸ਼ਤੇ ਆਏ ਦਿਨ ਦਾਗ਼ਦਾਰ ਹੋ ਰਹੇ ਹਨ, ਅਜਿਹੇ 'ਚ ਇਹ ਖ਼ਬਰ ਇਸ ਰਿਸ਼ਤੇ ਨੂੰ ਮਜ਼ਬੂਤ ਕਰਦੀ ਵਿਖਾਈ ਦਿੰਦੀ ਹੈ। ਇਕ ਪਤਨੀ ਆਪਣੇ ਪਤੀ ਦੀ ਜਾਨ ਬਚਾਉਣ ਲਈ ਜੰਗਲੀ ਭਾਲੂ ਨਾਲ ਭਿੜ ਗਈ। ਭਾਲੂ ਤੋਂ ਪਤੀ ਨੂੰ ਬਚਾਉਣ ਮਗਰੋਂ ਉਹ ਬੇਹੋਸ਼ ਪਤੀ ਨੂੰ ਆਪਣੀ ਪਿੱਠ 'ਤੇ ਚੁੱਕ ਕੇ 3 ਕਿਲੋਮੀਟਰ ਤਕ ਪੈਦਲ ਚੱਲ ਕੇ ਹਸਪਤਾਲ ਗਈ।
Sunaina Gujjar
ਘਟਨਾ ਛੱਤੀਸਗੜ੍ਹ ਦੇ ਸਰਗੁਜਾ ਜ਼ਿਲ੍ਹੇ ਦੇ ਪ੍ਰਤਾਪਪੁਰ ਇਲਾਕੇ ਦੀ ਹੈ। ਪਿੰਡ ਚੇਂਦਰਾ ਵਾਸੀ ਸੁਨੈਨਾ ਗੁੱਜਰ ਅਤੇ ਉਸ ਦਾ ਪਤੀ ਅਜੇ ਕੁਮਾਰ ਬੀਤੇ ਵੀਰਵਾਰ ਜੰਗਲ 'ਚ ਲਕੜੀਆਂ ਚੁਗਣ ਗਏ ਸਨ। ਇਸੇ ਦੌਰਾਨ ਝਾੜੀਆਂ 'ਚ ਲੁਕੇ ਭਾਲੂ ਨੇ ਅਜੇ 'ਤੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਪਤਨੀ ਉੱਥੇ ਭੱਜੀ ਆਈ ਅਤੇ ਅਜੇ ਦੀ ਜਾਨ ਬਚਾਉਣ ਲਈ ਭਾਲੂ ਨਾਲ ਭਿੜ ਗਈ। ਇਸ ਦੌਰਾਨ ਭਾਲੂ ਨੇ ਸੁਨੈਨਾ 'ਤੇ ਵੀ ਹਮਲਾ ਕਰ ਦਿੱਤਾ ਪਰ ਉਸ ਨੇ ਹੌਸਲਾ ਨਾ ਹਾਰਿਆ। ਉਹ ਇਕ ਡੰਡੇ ਨਾਲ ਲਗਾਤਾਰ ਭਾਲੂ ਨੂੰ ਮਾਰਦੀ ਰਹੀ। ਇਸ ਕਾਰਨ ਭਾਲੂ ਉੱਥੋਂ ਭੱਜ ਗਿਆ। ਭਾਲੂ ਦੇ ਹਮਲੇ ਕਾਰਨ ਅਜੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।
Sunaina Gujjar & Ajay
ਪਤੀ ਦੇ ਬੇਹੋਸ਼ ਹੋਣ 'ਤੇ ਸੁਨੈਨਾ ਉਸ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਲਗਭਗ 3 ਕਿਲੋਮੀਟਰ ਪੈਦਲ ਚੱਲ ਕੇ ਹਸਪਤਾਲ ਪੁੱਜੀ। ਡਾਕਟਰਾਂ ਨੇ ਉਸ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਅੰਬਿਕਾਪੁਰ 'ਚ ਰੈਫ਼ਰ ਕਰ ਦਿੱਤਾ। ਫਿਲਹਾਰ ਦੋਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।