
ਐਲੋਪੈਥੀ ਅਤੇ ਡਾਕਟਰਾਂ ’ਤੇ ਦਿਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
ਨਵੀਂ ਦਿੱਲੀ: ਐਲੋਪੈਥੀ ਅਤੇ ਡਾਕਟਰਾਂ ’ਤੇ ਦਿਤੇ ਵਿਵਾਦਤ ਬਿਆਨ ਤੋਂ ਬਾਅਦ ਯੋਗ ਗੁਰੂ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਇਸ ਮਾਮਲੇ ਵਿਚ, ਬਾਬਾ ਰਾਮਦੇਵ ਨੇ ਹੁਣ ਇਕ ਹੋਰ ਵੱਡਾ ਬਿਆਨ ਦਿਤਾ ਹੈ। ਉੇਨ੍ਹਾਂ ਕਿਹਾ ਹੈ ਕਿ ਕਿਸੇ ਦਾ ਪਿਉ ਵੀ ਰਾਮਦੇਵ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦਾ। ਸੋਸ਼ਲ ਮੀਡੀਆ ’ਤੇ ਇਸ ਵਿਵਾਦ ਕਾਰਨ ਬੁਧਵਾਰ ਨੂੰ ‘ਗ੍ਰਿਫ਼ਤਾਰ ਬਾਬਾ ਰਾਮਦੇਵ’ ਚਲ ਰਿਹਾ ਸੀ।
Baba Ramdev
ਇਸ ਦੇ ਜਵਾਬ ਵਿਚ ਰਾਮਦੇਵ ਨੇ ਇਹ ਟਿਪਣੀ ਕੀਤੀ। ਇਸ ਦੌਰਾਨ, ਉਸ ਨੇ ਆਈਐਮਏ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਗ੍ਰਿਫ਼ਤਾਰ ਤਾਂ ਉਨ੍ਹਾਂ ਦਾ ਪਿਉ ਵੀ ਨਹੀਂ ਕਰ ਸਕਦਾ ਬਾਬਾ ਰਾਮਦੇਵ ਨੂੰ, ਪਰ ਉਹ ਇਕ ਸ਼ੋਰ ਮਚਾ ਰਹੇ ਹਨ ਕਿ ‘ਕਵਿੱਕ ਅਰੈਸਟ ਸਵਾਮੀ ਰਾਮਦੇਵ’। ਉਸ ਨੇ ਅੱਗੇ ਕਿਹਾ ਕਿ ਉਹ ਕਦੇ ਕੁੱਝ ਚਲਾਉਂਦੇ ਹਨ, ਕਦੇ ਕੁੱਝ ਚਲਾਉਂਦੇ ਹਨ। ਕਦੇ ਠੱਗ ਰਾਮਦੇਵ, ਕਦੇ ਮਹਾਠਗ ਰਾਮਦੇਵ।
Indian Medical Association
ਵਿਅੰਕ ਕੱਸਦੇ ਹੋਏ ਬਾਬਾ ਰਾਮਦੇਵ ਨੇ ਕਿਹਾ ਕਿ ਉਹ ਟ੍ਰੈਂਡ ਚਲਾਉਂਦੇ ਰਹਿੰਦੇ ਹਨ। ਇਸ ਦੌਰਾਨ, ਰਾਮਦੇਵ ਨੇ ਤਾੜੀਆਂ ਮਾਰੀਆਂ ਅਤੇ ਹੱਸਦੇ ਹੋਏ ਕਿਹਾ ਕਿ ਤੁਸੀਂ ਟ੍ਰੇਂਡ ਵਿਚ ਹਮੇਸ਼ਾਂ ਹੀ ਚੋਟੀ ’ਤੇ ਪਹੁੰਚ ਜਾਂਦੇ ਹੋ, ਇਸ ਲਈ ਵਧਾਈਆਂ। ਦਰਅਸਲ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ) ਉਤਰਾਖੰਡ ਨੇ ਰਾਮਦੇਵ ਨੂੰ 1000 ਕਰੋੜ ਰੁਪਏ ਦਾ ਮਾਨਹਾਨੀ ਦਾ ਨੋਟਿਸ ਭੇਜਿਆ ਹੈ।
Ramdev
ਨੋਟਿਸ ਵਿਚ ਰਾਮਦੇਵ ਨੂੰ ਅਗਲੇ 15 ਦਿਨਾਂ ਵਿਚ ਮੁਆਫ਼ੀ ਮੰਗਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ’ਤੇ ਉਨ੍ਹਾਂ ਕੋਲੋਂ ਇਕ ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਆਈਐਮਏ (ਉਤਰਾਖੰਡ) ਦੇ ਸਕੱਤਰ ਅਜੈ ਖੰਨਾ ਨੇ ਅਪਣੇ ਵਕੀਲ ਨੀਰਜ ਪਾਂਡੇ ਜ਼ਰੀਏ ਛੇ ਪੰਨਿਆਂ ਦਾ ਨੋਟਿਸ ਰਾਮਦੇਵ ਨੂੰ ਭੇਜਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਰਾਮਦੇਵ ਦੀਆਂ ਟਿੱਪਣੀਆਂ ਨੇ ਐਲੋਪੈਥੀ ਅਤੇ ਆਈਐਮਏ ਨਾਲ ਜੁੜੇ 2000 ਤੋਂ ਜ਼ਿਆਦਾ ਡਾਕਟਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ।
Indian Medical Association
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਮਦੇਵ ਨੇ ਬਿਆਨ ਦਿੱਤਾ ਸੀ ਕਿ ਐਲੋਪੈਥਿਕ ਦਵਾਈਆਂ ਖਾਣ ਨਾਲ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਹਨਾਂ ਨੇ ਐਲੋਪੈਥੀ ਨੂੰ ‘ਬਕਵਾਸ’ ਅਤੇ ‘ਦੀਵਾਲੀਆ ਸਾਇੰਸ’ ਕਿਹਾ ਸੀ। ਇਸ ’ਤੇ ਵਿਵਾਦ ਵਧਣ ’ਤੇ ਸਿਹਤ ਮੰਤਰੀ ਦੇ ਇਤਰਾਜ਼ ਤੋਂ ਬਾਅਦ ਉਹਨਾਂ ਨੇ ਅਪਣਾ ਬਿਆਨ ਵਾਪਸ ਲੈ ਲਿਆ ਸੀ।