ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਸ ਨੇ ‘ਵੰਨ ਰੈਂਕ ਵੰਨ ਪੈਨਸ਼ਨ’ ਦੇ ਮੁੱਦੇ ਉਤੇ ਦੇਸ਼ ਦੇ...
ਧਰਮਸ਼ਾਲਾ (ਭਾਸ਼ਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਾਂਗਰਸ ਉਤੇ ਹਮਲਾ ਬੋਲਦੇ ਹੋਏ ਕਿਹਾ ਕਿ ਉਸ ਨੇ ‘ਵੰਨ ਰੈਂਕ ਵੰਨ ਪੈਨਸ਼ਨ’ ਦੇ ਮੁੱਦੇ ਉਤੇ ਦੇਸ਼ ਦੇ ਜਵਾਨਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਅਤੇ ਹੁਣ ਕਰਜ਼ ਮਾਫ਼ੀ ਦੇ ਨਾਮ ਉਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਹਿਮਾਚਲ ਪ੍ਰਦੇਸ਼ ਵਿਚ ਜੈਰਾਮ ਠਾਕੁਰ ਦੀ ਅਗਵਾਹੀ ਵਾਲੀ ਭਾਜਪਾ ਸਰਕਾਰ ਦਾ ਇਕ ਸਾਲ ਪੂਰਾ ਹੋਣ ਦੇ ਮੌਕੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ, ‘‘ਇਨ੍ਹਾਂ ਲੋਕਾਂ (ਕਾਂਗਰਸ) ਨੇ ਪਹਿਲਾਂ ਜਵਾਨਾਂ ਨੂੰ ਧੋਖਾ ਦਿਤਾ ਅਤੇ ਹੁਣ ਕਰਜ਼ ਮਾਫ਼ੀ ਦੇ ਨਾਮ ਉਤੇ ਕਿਸਾਨਾਂ ਨੂੰ ਵੀ ਧੋਖਾ ਦੇ ਰਹੇ ਹਨ।’’
ਧਿਆਨ ਯੋਗ ਹੈ ਕਿ ਕੁੱਝ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਮੋਦੀ ਨੂੰ ਤੱਦ ਤੱਕ ਸੌਣ ਨਹੀਂ ਦੇਵੇਗੀ ਜਦੋਂ ਤੱਕ ਕੇਂਦਰ ਸਰਕਾਰ ਦੇਸ਼ ਭਰ ਵਿਚ ਕਿਸਾਨਾਂ ਦਾ ਕਰਜ਼ ਮਾਫ਼ ਨਹੀਂ ਕਰ ਦਿੰਦੀ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਹਾਲ ਹੀ ਵਿਚ ਚੁਣੀਆਂ ਹੋਈਆ ਕਾਂਗਰਸ ਸਰਕਾਰਾਂ ਨੇ ਕਰਜ਼ ਮਾਫ਼ੀ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ਉਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਨੇ 40 ਸਾਲ ਤੋਂ ਪੈਂਡਿੰਗ ‘ਵੰਨ ਰੈਂਕ ਵੰਨ ਪੈਨਸ਼ਨ’ ਉਤੇ ਜਵਾਨਾਂ ਨੂੰ ਧੋਖਾ ਦਿਤਾ, ਉਸੇ ਤਰ੍ਹਾਂ ਉਹ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ।
ਮੋਦੀ ਨੇ ਕਿਹਾ ਕਿ ਕਾਂਗਰਸ ਨੇ 2008 ਵਿਚ ਚੋਣਾਂ ਤੋਂ ਪਹਿਲਾਂ ਇੰਜ ਹੀ ਝੂਠ ਬੋਲ ਕੇ ਕਰਜ਼ ਮਾਫ਼ੀ ਦਾ ਵਾਅਦਾ ਕੀਤਾ ਸੀ। ਉਸ ਸਮੇਂ ਕਿਸਾਨਾਂ ਦਾ ਕਰਜ਼ ਸੀ ਛੇ ਲੱਖ ਕਰੋੜ ਰੁਪਏ, ਉਨ੍ਹਾਂ ਨੇ ਦਿਤਾ 60 ਹਜ਼ਾਰ ਕਰੋੜ ਰੁਪਏ, ਮਾਫ਼ ਕੀਤਾ 52 ਹਜ਼ਾਰ ਕਰੋੜ ਰੁਪਏ, ਅਤੇ 52 ਹਜਾਰ ਕਰੋੜ ਵਿਚੋਂ 35 ਲੱਖ ਅਜਿਹੇ ਲੋਕ ਪੈਸਾ ਲੈ ਗਏ ਜਿਨ੍ਹਾਂ ਦੇ ਕੋਲ ਕੋਈ ਖੇਤ ਹੀ ਨਹੀਂ ਸੀ। ਉਨ੍ਹਾਂ ਨੇ ਕਿਹਾ, ‘‘ਉਸ ਸਮੇਂ ਅਰਬਾਂ-ਖਰਬਾਂ ਦੇ ਘੋਟਾਲੇ ਹਵਾ ਵਿਚ ਅਜਿਹੇ ਚਲਦੇ ਸਨ ਕਿ ਕਿਸਾਨਾਂ ਨਾਲ ਲੁੱਟ ਦੀ ਗੱਲ ਕਦੇ ਅਖ਼ਬਾਰਾਂ ਵਿਚ ਛਪੀ ਹੀ ਨਹੀਂ।’’
ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਇਨ੍ਹਾਂ ਲੋਕਾਂ (ਕਾਂਗਰਸ) ਨੇ ਚੋਣ ਤੋਂ ਪਹਿਲਾ ਪੰਜਾਬ ਦੇ ਕਿਸਾਨਾਂ ਨਾਲ ਕਰਜ਼ਮਾਫ਼ੀ ਦਾ ਵਾਅਦਾ ਕੀਤਾ ਪਰ ਹੁਣ ਤੱਕ ਪੰਜਾਬ ਦੇ ਕਿਸਾਨਾਂ ਨੂੰ ਕੁੱਝ ਨਹੀਂ ਦਿਤਾ। ਮੋਦੀ ਨੇ ਕਿਹਾ, ‘‘ਹੁਣੇ ਕਰਨਾਟਕ ਵਿਚ ਚੋਣ ਵਿਚ ਕਿਸਾਨਾਂ ਨੂੰ ਕਰਜ਼ ਮਾਫ਼ੀ ਦੀ ਗੱਲ ਕਹੀ ਗਈ ਪਰ ਹੁਣ ਸਿਰਫ਼ 800 ਕਿਸਾਨਾਂ ਨੂੰ ਟੋਕਨ ਰੁਪਿਆ ਦੇ ਕੇ ਹੱਥ ਖੜ੍ਹੇ ਕਰ ਦਿਤੇ।’’ ਮੋਦੀ ਨੇ ਕਿਹਾ ਕਿ ਜਵਾਨ 40 ਸਾਲ ਤੋਂ ‘ਵੰਨ ਰੈਂਕ ਵੰਨ ਪੈਨਸ਼ਨ’ ਮੰਗ ਰਹੇ ਸਨ, ਸਰਕਾਰ ਸੁਣਨ ਨੂੰ ਤਿਆਰ ਨਹੀਂ ਸੀ, ਫ਼ੌਜ ਦੇ ਬਹਾਦਰਾਂ ਨੂੰ ਉਸ ਸਮੇਂ ਦੀ ਸਰਕਾਰ ਨੇ ਮੂਰਖ ਬਣਾਇਆ।
ਮੋਦੀ ਨੇ ਕਿਹਾ, ‘‘ਜਿਵੇਂ ਹੁਣ ਉਹ ਕਿਸਾਨਾਂ ਨੂੰ ਝੂਠ ਬੋਲ ਰਹੇ ਹੈ, ਉਸ ਸਮੇਂ ਜਵਾਨਾਂ ਨੂੰ ਝੂਠ ਬੋਲਿਆ ਸੀ।’’ ਮੋਦੀ ਨੇ ਕਿਹਾ, ‘‘ਅੱਜ ਮੈਨੂੰ ਖੁਸ਼ੀ ਹੈ ਕਿ ਚਾਰ ਕਿਸ਼ਤਾਂ ਵਿਚ ਅਸੀਂ ਜਵਾਨਾਂ ਨੂੰ 12000 ਕਰੋੜ ਰੁਪਏ ਦਾ ਇਹ ਭੁਗਤਾਨ ਕਰ ਦਿਤਾ ਹੈ।’’ ਉਨ੍ਹਾਂ ਨੇ ਹਿਮਾਚਲ ਦੇ ਲੋਕਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਬਹਾਦਰੀ, ਸ਼ੂਰਮਗਤੀ, ਸਮੱਰਥ ਹਿਮਾਚਲ ਦੀ ਧਰਤੀ ਦੇ ਬਹਾਦਰਾਂ ਦੀਆਂ ਰਗਾਂ ਵਿਚ ਹੈ। ਇਹ ਇਸ ਧਰਤੀ ਦਾ ਗੁਣ ਹੈ। ਇੱਥੇ ਦਾ ਪ੍ਰੇਮ ਅਤੇ ਭਾਈਚਾਰਾ ਗਜਬ ਦਾ ਹੈ।
ਪ੍ਰਧਾਨ ਮੰਤਰੀ ਨੇ ਸੂਬਾ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇੱਥੇ ਦੀ ਸਰਕਾਰ ਨੇ ਇਕ ਸਾਲ ਦੇ ਅੰਦਰ ਜ਼ਬਰਦਸਤ ਕੰਮ ਕੀਤਾ ਹੈ। ਸਰਕਾਰ ਨੂੰ ਪਿੰਡ-ਪਿੰਡ, ਘਰ-ਘਰ ਲੈ ਜਾਣ ਦਾ ਕੰਮ ਕੀਤਾ ਹੈ, ਉਸ ਦੇ ਲਈ ਜੈਰਾਮ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਅਤੇ ਅਟਲ ਬਿਹਾਰੀ ਵਾਜਪਾਈ ਦਾ ਗਹਿਰਾ ਰਿਸ਼ਤਾ ਰਿਹਾ। ਅਟਲ ਲਈ ਇਹ ਉਨ੍ਹਾਂ ਦਾ ਦੂਜਾ ਘਰ ਹੁੰਦਾ ਸੀ। ਹਿਮਾਚਲ ਵਿਚ ਅੱਜ ਉਦਯੋਗਿਕ ਵਿਕਾਸ ਦੀ ਜੋ ਸੰਭਾਵਨਾ ਪੈਦਾ ਹੋਈ, ਉਸ ਦੀ ਨੀਂਹ ਪਾਉਣ ਦਾ ਕੰਮ ਅਟਲ ਨੇ ਕੀਤਾ ਸੀ।
ਉਨ੍ਹਾਂ ਦੇ ਕਦਮਾਂ ਉਤੇ ਭਾਜਪਾ ਦੀ ਜੈਰਾਮ ਸਰਕਾਰ ਰਾਜ ਨੂੰ ਹਰ ਖੇਤਰ ਵਿਚ ਅੱਗੇ ਵਧਾਉਣ ਲਈ ਮਿਹਨਤ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਦਿੱਲੀ ਵਿਚ ਪਿਛਲੀ ਸਰਕਾਰ ਦੇ ਸਮੇਂ ਹਿਮਾਚਲ ਨੂੰ 21 ਹਜ਼ਾਰ ਕਰੋੜ ਰੁਪਏ ਮਿਲਦੇ ਸਨ ਪਰ ਭਾਜਪਾ ਦੀ ਸਰਕਾਰ ਅੱਜ ਹਿਮਾਚਲ ਨੂੰ 72 ਹਜ਼ਾਰ ਕਰੋੜ ਰੁਪਏ ਦੇ ਰਹੀ ਹੈ। ਇਹ ਇਸ ਲਈ ਸੰਭਵ ਹੋ ਸਕਿਆ ਹੈ ਕਿਉਂਕਿ ਕੇਂਦਰ ਸਰਕਾਰ ਨੂੰ ਭਰੋਸਾ ਹੈ ਕਿ ਇੱਥੇ ਪਾਈ-ਪਾਈ ਦੀ ਸਹੀ ਵਰਤੋ ਹੋਵੇਗੀ ਅਤੇ ਹਿਮਾਚਲ ਇਕ ਖ਼ੁਸ਼ਹਾਲ ਰਾਜ ਬਣੇਗਾ।