
ਸੀਬੀਆਈ ਦੀ ਫਾਸਟ ਟ੍ਰੈਕ ਅਦਾਲਤ ਨੇ 2008 ‘ਚ ਆਸਾਮ ਵਿਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਨੈਸ਼ਨਲ ਡੈਮੋਕ੍ਰੇਟਿਕ...
ਗੁਵਾਹਾਟੀ : ਸੀਬੀਆਈ ਦੀ ਫਾਸਟ ਟ੍ਰੈਕ ਅਦਾਲਤ ਨੇ 2008 ‘ਚ ਆਸਾਮ ਵਿਚ ਹੋਏ ਸਿਲਸਿਲੇਵਾਰ ਬੰਬ ਧਮਾਕਿਆਂ ਦੇ ਮਾਮਲੇ ਵਿਚ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਆਫ਼ ਬੋਡੋਲੈਂਡ (ਐਨਡੀਐਫ਼ਬੀ) ਦੇ ਪ੍ਰਮੁੱਖ ਰੰਜਨ ਦੈਮਾਰੀ ਅਤੇ 14 ਹੋਰਾਂ ਨੂੰ ਸੋਮਵਾਰ ਨੂੰ ਦੋਸ਼ੀ ਠਹਰਾਇਆ। ਇਨ੍ਹਾਂ ਬੰਬ ਧਮਾਕਿਆਂ ਵਿਚ 88 ਲੋਕ ਮਾਰੇ ਗਏ ਸਨ।ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਅਪਰੇਸ਼ ਚੱਕਰਵਰਤੀ ਨੇ ਦੈਮਾਰੀ ਅਤੇ 14 ਹੋਰਾਂ ਨੂੰ ਭਾਰਤੀ ਦੰਡ ਵਿਧਾਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿਤਾ।
ਇਸ ਮਾਮਲੇ ਵਿਚ ਦੈਮਾਰੀ ਤੋਂ ਇਲਾਵਾ ਜਾਰਜ ਬੋਡੋ, ਬੀ. ਥਰਈ, ਰਾਜੂ ਸਰਕਾਰ, ਨਿਲਿਮ ਦੈਮਾਰੀ, ਅੰਚਾਈ ਬੋਡੋ, ਇੰਦਰ ਬ੍ਰਹਮਾ, ਲੋਕੋ ਬਾਸੁਮਤਾਰੀ, ਖੜਗੇਸ਼ਵਰ ਬਾਸੁਮਤਾਰੀ, ਪ੍ਰਭਾਤ ਬੋਡੋ, ਜੈਯੰਤ ਬੋਡੋ, ਅਜੈ ਬਾਸੁਮਤਾਰੀ, ਮ੍ਰਦੁਲ ਗੋਯਾਰੀ, ਮਾਥੁਰਾਮ ਬ੍ਰਹਮਾ ਅਤੇ ਰਾਜੇਨ ਗੋਯਾਰੀ ਨੂੰ ਵੀ ਦੋਸ਼ੀ ਠਹਰਾਇਆ ਗਿਆ। ਐਨਡੀਐਫ਼ਬੀ ਨੇ 30 ਅਕਤੂਬਰ, 2008 ਨੂੰ ਗੁਵਾਹਾਟੀ, ਕੋਕਰਾਝਾਰ, ਬੋਂਗਈਗਾਂਵ ਅਤੇ ਬਾਰਪੇਟਾ ਵਿਚ ਧਮਾਕੇ ਕੀਤੇ ਸਨ।
ਇਸ ਵਿਚ 88 ਲੋਕ ਮਾਰੇ ਗਏ ਸਨ ਜਦੋਂ ਕਿ 500 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਸਨ। ਸੀਬੀਆਈ ਤੋਂ ਪਹਿਲਾਂ ਇਸ ਮਾਮਲੇ ਦੀ ਜਾਂਚ ਅਸਾਮ ਪੁਲਿਸ ਨੇ ਕੀਤੀ ਸੀ। ਸੀਬੀਆਈ ਨੇ ਦੋ ਚਾਰਜਸ਼ੀਟਾਂ ਦਾਇਰ ਕਰਕੇ 22 ਦੋਸ਼ੀਆਂ ਨੂੰ ਨਾਮਜ਼ਦ ਕੀਤਾ ਸੀ ਜਿਸ ਵਿਚੋਂ 7 ਹੁਣ ਵੀ ਫ਼ਰਾਰ ਹਨ। ਪਹਿਲੀ ਚਾਰਜਸ਼ੀਟ 2009 ਵਿਚ ਦਰਜ ਕੀਤੀ ਗਈ ਸੀ। ਦੂਜੀ ਚਾਰਜਸ਼ੀਟ 20 ਦਸੰਬਰ 2010 ਵਿਚ ਦਰਜ ਹੋਈ ਸੀ। ਇਸ ਮਾਮਲੇ ਦੀ ਸੁਣਵਾਈ 2011 ਵਿਚ ਸ਼ੁਰੂ ਹੋਈ ਸੀ ਅਤੇ ਫਾਸਟ ਟ੍ਰੈਕ ਅਦਾਲਤ ਨੇ 2017 ਵਿਚ ਇਸ ਮਾਮਲੇ ਦਾ ਜਿੰਮਾ ਸੰਭਾਲਿਆ ਸੀ।
ਸੁਣਵਾਈ ਦੇ ਦੌਰਾਨ 650 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਸਨ। ਦੈਮਾਰੀ ਨੂੰ 2010 ਵਿਚ ਬੰਗਲਾਦੇਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਿਰ ਉਸ ਨੂੰ ਗੁਵਾਹਾਟੀ ਸੈਂਟਰਲ ਜੇਲ੍ਹ ਟ੍ਰਾਂਸਫਰ ਕੀਤਾ ਗਿਆ ਸੀ। ਉਸ ਨੂੰ 2010 ਵਿਚ ਕੰਡੀਸ਼ਨਲ ਜ਼ਮਾਨਤ ਦਿਤੀ ਗਈ ਸੀ। ਅਦਾਲਤ ਨੇ ਦੈਮਾਰੀ ਉਤੇ ਜਨਤਕ ਮੀਟਿੰਗਾਂ ਅਤੇ ਮੀਡੀਆ ਵਿਚ ਇੰਟਰਵਿਊਜ਼ ਉਤੇ ਰੋਕ ਸਮੇਤ ਅੱਠ ਸ਼ਰਤਾਂ ਲਗਾਈਆਂ ਸਨ। ਦੈਮਾਰੀ ਨੂੰ ਛੱਡ ਕੇ ਬਾਕੀ ਸਾਰੇ ਕਾਨੂੰਨੀ ਹਿਰਾਸਤ ਵਿਚ ਹਨ ।