
ਜੌਰਜ ਫਰਨਾਂਡੇਜ਼ ਭਾਜਪਾ ਦਾ ਸਾਬਕਾ ਕੇਂਦਰੀ ਵਜ਼ੀਰ ਸੀ, ਜਿਸ ਦੇ ਰੱਖਿਆ ਮੰਤਰੀ ਹੁੰਦਿਆਂ ਕਾਰਗਿਲ ਦਾ ਯੁੱਧ ਹੋਇਆ ਸੀ। ਕਾਰਗਿਲ ਵਿਚ...
ਚੰਡੀਗੜ੍ਹ : ਜੌਰਜ ਫਰਨਾਂਡੇਜ਼ ਭਾਜਪਾ ਦਾ ਸਾਬਕਾ ਕੇਂਦਰੀ ਵਜ਼ੀਰ ਸੀ, ਜਿਸ ਦੇ ਰੱਖਿਆ ਮੰਤਰੀ ਹੁੰਦਿਆਂ ਕਾਰਗਿਲ ਦਾ ਯੁੱਧ ਹੋਇਆ ਸੀ। ਕਾਰਗਿਲ ਵਿਚ ਪੰਜਾਬ ਦੇ ਸੈਂਕੜੇ ਪੁੱਤ ਸ਼ਹੀਦ ਹੋਏ, ਉਸ ਵੇਲੇ ਫ਼ੌਜ ਦੇ ਜਵਾਨਾਂ ਦੀਆਂ ਲਾਸ਼ਾਂ ਲਈ ਜਿਹੜੇ ਤਾਬੂਤ ਤੇ ਕਫ਼ਨ ਖਰੀਦੇ ਗਏ, ਉਸ ਵਿਚ ਕਰੋੜਾਂ ਦਾ ਘੁਟਾਲਾ ਹੋਇਆ। ਤਾਬੂਤ ਘੁਟਾਲੇ ਵਿਚ ਜੌਰਜ ਫਰਨਾਂਡੇਜ਼ ਦਾ ਨਾਮ ਵੀ ਗੂੰਜਿਆ ਜਿਸ ਨੇ ਸੱਤਾ ਦੇ ਗਲਿਆਰਿਆਂ ਵਿਚ ਅਟਲ ਸਰਕਾਰ ਦੀ ਕਿਰਕਿਰੀ ਹੀ ਨਹੀਂ ਕਰਾਈ ਬਲਕਿ ਭਾਜਪਾ ਸਰਕਾਰ ਨੂੰ ਤਾਬੂਤਾਂ ਦਾ ਸੌਦਾਗਰ ਤੱਕ ਕਿਹਾ।
George Fernandez
ਫ਼ੌਜੀਆਂ ਦੀਆਂ ਲਾਸ਼ਾਂ ਨੂੰ ਉਹਨਾਂ ਦੇ ਘਰ ਭੇਜਣ ਲਈ ਐਲੂਮੀਨੀਅਮ ਦੇ 500 ਤਾਬੂਤ ਤੇ 3000 ਕਫ਼ਨ ਖਰੀਦੇ ਗਏ। ਅਮਰੀਕਾ ਤੋਂ ਖਰੀਦੇ ਗਏ ਇਹਨਾਂ ਤਾਬੂਤਾਂ ਦਾ ਸੌਦਾ 7 ਕਰੋੜ ਵਿਚ ਹੋਇਆ ਸੀ। ਇਕ ਤਾਬੂਤ ਦੀ ਕੀਮਤ 2500 ਅਮਰੀਕੀ ਡਾਲਰ ਯਾਨੀ ਉਸ ਵੇਲੇ ਦੇ 1 ਲੱਖ 20 ਹਜ਼ਾਰ ਰੁਪਏ ਤੇ ਲਾਸ਼ਾਂ ਲਈ ਜਿਹੜੇ ਕਫ਼ਨ ਖਰੀਦੇ ਗਏ ਉਸ ਦੀ ਕੀਮਤ 85 ਡਾਲਰ ਦੱਸੀ ਗਈ। ਜਦੋਂ ਕਿ ਭਾਰਤ ਵਿਚ ਇਹਨਾਂ ਤਾਬੂਤਾਂ ਦੀ ਕੀਮਤ ਮਹਿਜ਼ ਕੁਝ ਹਜ਼ਾਰਾਂ ਵਿਚ ਸੀ।
Coffin Scandal
ਇਹੀ ਨਹੀਂ, ਤਾਬੂਤਾਂ ਦੀ ਕੁਆਲਿਟੀ ਵੀ ਘਟੀਆ ਦਰਜੇ ਦੀ ਸੀ, ਜਿਸ ਨੇ ਨਾ ਸਿਰਫ਼ ਫ਼ੌਜੀ ਪਰਵਾਰਾਂ ਬਲਕਿ ਦੇਸ਼ਵਾਸੀਆਂ ਨੂੰ ਵੀ ਹਿਲਾ ਕੇ ਰੱਖ ਦਿਤਾ। 2006 'ਚ ਇਸ ਮਾਮਲੇ ਸਬੰਧੀ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ। ਮਾਮਲਾ ਸੁਪਰੀਮ ਕੋਰਟ ਵੀ ਪਹੁੰਚਿਆ ਪਰ 2015 'ਚ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਕੇਸ ਵਿਚ ਜੌਰਜ ਫਰਨਾਂਡੇਜ਼ ਨੂੰ ਕਲੀਨ ਚਿੱਟ ਦੇ ਦਿਤੀ। ਭਾਵੇਂ ਜੌਰਜ ਫਰਨਾਂਡੇਜ਼ ਨੂੰ ਕਲੀਨ ਚਿੱਟ ਮਿਲ ਗਈ ਸੀ ਪਰ ਗਾਹੇ-ਬਗਾਹੇ ਜਦੋਂ ਵੀ ਜੌਰਜ ਦਾ ਨਾਮ ਸੁਰਖੀਆਂ ਵਿਚ ਆਉਂਦਾ ਤਾਂ ਲੋਕਾਂ ਦੇ ਮਨਾਂ ਅੰਦਰ ਤਾਬੂਤ ਘੁਟਾਲੇ ਦੇ ਜ਼ਖ਼ਮ ਵੀ ਅੱਲੇ ਹੋ ਉੱਠਦੇ।