
NCPCR ਨੇ ਅਮਰੀਕੀ ਮਲਟੀਨੈਸ਼ਨਲ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਕਥਿਤ ਘਾਤਕ ਰਸਾਇਣਾਂ ਵਾਲੇ ਬੇਬੀ ਸ਼ੈਂਪੂ ਦੀ ਸਪਲਾਈ ਜਲਦ ਰੋਕਣ ਲਈ ਨਿਰਦੇਸ਼ ਦਿੱਤੇ ਹਨ।
ਨਵੀਂ ਦਿੱਲੀ: ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (NCPCR) ਨੇ ਅਮਰੀਕੀ ਮਲਟੀਨੈਸ਼ਨਲ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਕਥਿਤ ਘਾਤਕ ਰਸਾਇਣਾਂ ਵਾਲੇ ਬੇਬੀ ਸ਼ੈਂਪੂ ਦੀ ਸਪਲਾਈ ਜਲਦ ਰੋਕਣ ਲਈ ਨਿਰਦੇਸ਼ ਦਿੱਤੇ ਹਨ। ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਉਤਪਾਦ ਸੁਰੱਖਿਅਤ ਹਨ। ਜਾਨਸਨ ਐਂਡ ਜਾਨਸਨ ਦਾ ਕਹਿਣਾ ਹੈ ਕਿ ਉਸਦੇ ਸ਼ੈਂਪੂ ਵਿਚ ਕੋਈ ਵੀ ਘਾਤਕ ਤੱਤ ਨਹੀਂ ਹੈ ਅਤੇ ਇਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਇਸ ਨਾਲ ਬੱਚਿਆਂ ਦੀ ਸਿਹਤ ‘ਤੇ ਕੋਈ ਅਸਰ ਨਹੀਂ ਹੋਵੇਗਾ।
NCPCR
ਕੰਪਨੀ ਦਾ ਕਹਿਣਾ ਹੈ ਕਿ ਹਾਲ ਹੀ ਵਿਚ ਰਾਜਸਥਾਨ ਦੀ ਇਕ ਸਰਕਾਰੀ ਪ੍ਰਯੋਗਸ਼ਾਲਾ ਵਿਚ ਗਲਤੀ ਨਾਲ ਇਹ ਨਤੀਜਾ ਕੱਢਿਆ ਗਿਆ ਹੈ ਕਿ ਸ਼ੈਂਪੂ ਵਿਚ ਖਤਰਨਾਕ ਰਸਾਇਣ ਹਨ, ਜਦਕਿ ਉਤਪਾਦ ਵਿਚ ਅਜਿਹਾ ਕੋਈ ਵੀ ਤੱਤ ਮੌਜੂਦ ਨਹੀਂ ਹੈ। ਇਸ ਨਤੀਜੇ ਦੇ ਸਬੰਧ ਵਿਚ ਹੀ ਸ਼ਿਕਾਇਤ ਕੀਤੀ ਗਈ ਸੀ। ਇਸ ਸ਼ਿਕਾਇਤ ਦੇ ਅਧਾਰ ‘ਤੇ ਹੀ ਐਨਸੀਪੀਸੀਆਰ ਨੇ ਅਪ੍ਰੈਲ ਵਿਚ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਂਸਿਤ ਪ੍ਰਦੇਸ਼ਾਂ ਨੂੰ ਜਾਨਸਨ ਐਂਡ ਜਾਨਸਨ ਬੇਬੀ ਸੈਂਪੂ ਅਤੇ ਪਾਊਡਰ ਦੇ ਸੈਂਪਲ ਦਾ ਪ੍ਰੀਖਣ ਕਰਨ ਲਈ ਕਿਹਾ ਸੀ। ਹੁਣ ਕਮਿਸ਼ਨ ਨੇ ਕੰਪਨੀ ਨੂੰ ਸ਼ੈਂਪੂ ਵਾਪਸ ਲੈਣ ਦੇ ਨਿਰਦੇਸ਼ ਦਿੱਤੇ ਹਨ।
Johnson and Johnson
ਕਮਿਸ਼ਨ ਵੱਲੋਂ ਜਾਰੀ ਇਕ ਪੱਤਰ ਵਿਚ ਕਿਹਾ ਗਿਆ ਸੀ ਕਿ ਇਸ ਬੈਚ ਦੇ ਉਤਪਾਦ ਬਜ਼ਾਰ ਵਿਚ ਮੌਜੂਦ ਹੋਣ ਦੀ ਵਜ੍ਹਾ ਨਾਲ ਹੋ ਸਕਦਾ ਹੈ ਗਾਹਕਾਂ ਨੇ ਇਸਦੀ ਵਰਤੋਂ ਕੀਤੀ ਹੋਵੇ, ਇਸ ਲਈ ਅਖਬਾਰਾਂ ਅਤੇ ਹੋਰ ਸਾਧਨਾਂ ਦੇ ਜ਼ਰੀਏ ਇਕ ਸਲਾਹ ਜਾਰੀ ਕੀਤੀ ਜਾਣੀ ਚਾਹੀਦੀ ਹੈ। ਐਨਸੀਪੀਸੀਆਰ ਨੇ ਲੋਕਾਂ ਨੂੰ ਜਾਨਸਨ ਐਂਡ ਜਾਨਸਨ ਦੇ ਇਸ ਵਿਸ਼ੇਸ਼ ਬੈਚ ਦੇ ਉਤਪਾਦਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਹੈ। ਕਮਿਸ਼ਨ ਨੇ ਕੰਪਨੀ ਨੂੰ ਇਸ ਨਿਰਦੇਸ਼ ‘ਤੇ ਕਾਰਵਾਈ ਸਬੰਧੀ ਰਿਪੋਰਟ 29 ਮਈ ਤੱਕ ਪੇਸ਼ ਕਰਨ ਲਈ ਕਿਹਾ। ਅਜਿਹਾ ਨਾ ਹੋਣ ‘ਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
Johnson baby Shampoo and powder
ਇਸਦੇ ਜਵਾਬ ਵਿਚ ਜਾਨਸਨ ਐਂਡ ਜਾਨਸਨ ਨੇ ਕਿਹਾ ਕਿ ਉਤਪਾਦ ਸੁਰੱਖਿਅਤ ਹੈ ਅਤੇ ਇਸ ਵਿਚ ਕੋਈ ਵੀ ਘਾਤਕ ਰਸਾਇਣ ਨਹੀਂ ਹੈ। ਜ਼ਿਕਰਯੋਗ ਹੈ ਕਿ 8 ਮਈ ਨੂੰ ਜਾਨਸਨ ਐਂਡ ਜਾਨਸਨ ਸ਼ੈਂਪੂ ਦੀ ਵਿਕਰੀ ‘ਤੇ ਰੋਕ ਲਗਾ ਦਿੱਤੀ ਗਈ ਸੀ। ਇਸਦੇ ਨਾਲ ਹੀ ਪਿਛਲੇ ਸਾਲ ਅਮਰੀਕਾ ਵਿਚ ਜਾਨਸਨ ਐਂਡ ਜਾਨਸਨ ‘ਤੇ 32 ਹਜ਼ਾਰ ਕਰੋੜ ਰੁਪਏ ਦਾ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਸੀ। ਕੰਪਨੀ ਵਿਰੁੱਧ ਅਮਰੀਕਾ ਦੇ ਮਿਸੌਰੀ ਸੂਬੇ ਵਿਚ ਕਈ ਔਰਤਾਂ ਨੇ ਮਾਮਲਾ ਦਰਜ ਕਰਾਇਆ ਸੀ। ਜੁਰਮਾਨੇ ਦਾ ਕਾਰਨ ਕੰਪਨੀ ਦੇ ਪਾਊਡਰ ਸਬੰਧਿਤ ਉਤਪਾਦਾਂ ਕਾਰਨ ਬੱਚੇਦਾਨੀ ਦਾ ਕੈਂਸਰ ਪਾਇਆ ਗਿਆ ਸੀ।