
ਸਾਰਿਆਂ ਨੂੰ ਮਨੀਪੁਰ ਸੰਘਰਸ਼ ਦਾ ਸ਼ਾਂਤਮਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਹੋਵੇਗੀ : ਅਧੀਰ ਰੰਜਨ ਚੌਧਰੀ
ਇੰਫ਼ਾਲ: ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕਲੂਸਿਵ ਅਲਾਇੰਸ’ (ਇੰਡੀਆ) ਦੇ 21 ਸੰਸਦ ਮੈਂਬਰਾਂ ਦਾ ਇਕ ਵਫ਼ਦ ਜ਼ਮੀਨੀ ਹਕੀਕਤ ਦਾ ਜਾਇਜ਼ਾ ਲੈਣ ਲਈ ਅੱਜ ਹਿੰਸਾ ਪ੍ਰਭਾਵਤ ਮਨੀਪੁਰ ਦੇ ਦੋ ਦਿਨਾਂ ਦੇ ਦੌਰੇ ’ਤੇ ਮਨੀਪੁਰ ਪੁੱਜਾ। ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਟੀਮ ਤਿੰਨ ਤੋਂ ਮਈ ਪੂਰਬ-ਉੱਤਰ ਸੂਬੇ ’ਚ ਭੜਕੀ ਹਿੰਸਾ ਦੇ ਪੀੜਤਾਂ ਨੂੰ ਮਿਲਣ ਲਈ ਕਈ ਰਾਹਤ ਕੈਂਪਾਂ ਦਾ ਦੌਰਾ ਕਰੇਗਾ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਹੈ ਕਿ ਮਨੀਪੁਰ ’ਚ ਜਾਤੀ ਸੰਘਰਸ਼ ਭਾਰਤ ਦੇ ਅਕਸ ਨੂੰ ਖ਼ਰਾਬ ਕਰ ਰਿਹਾ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਸਾਰੀਆਂ ਪਾਰਟੀਆਂ ਨੂੰ ਇਕ ਸ਼ਾਂਤਮਈ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਹੋਸਟਲਾਂ ’ਤੇ ਲਗੇਗਾ 12 ਫ਼ੀ ਸਦੀ ਜੀ.ਐਸ.ਟੀ. : ਏ.ਏ.ਆਰ.
ਚੌਧਰੀ ਨੇ ਇੱਥੇ ਪਹੁੰਚਣ ਤੋਂ ਬਾਅਦ ਕਿਹਾ ਕਿ ਮਨੀਪੁਰ ’ਚ ਹਿੰਸਾ ਦੀਆਂ ਘਟਨਾਵਾਂ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ, ‘‘ਅਸੀਂ ਇੱਥੇ ਸਿਆਸਤ ਕਰਨ ਨਹੀਂ ਆਏ ਹਾਂ ਅਤੇ ਸਾਨੂੰ ਸਾਰਿਆਂ ਨੂੰ ਮਨੀਪੁਰ ’ਚ ਸੰਘਰਸ਼ ਦਾ ਸ਼ਾਂਤੀਪੂਰਨ ਹੱਲ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।’’ ਸੰਸਦ ਮੈਂਬਰ ਦਿੱਲੀ ਤੋਂ ਜਹਾਜ਼ ਰਾਹੀਂ ਮਨੀਪੁਰ ਪੁੱਜੇ। ਇੱਥੇ ਪੁੱਜ ਕੇ ਵਫ਼ਦ ਨੇ ਚੂਰਾਚਾਂਦਪੁਰ ਦੇ ਰਾਹਤ ਕੈਂਪਾਂ ’ਚ ਰਹਿ ਰਹੇ ਕੁਕੀ ਭਾਈਚਾਰੇ ਦੇ ਪੀੜਤਾਂ ਨੂੰ ਮਿਲਣ ਗਿਆ, ਜਿੱਥੇ ਹਾਲ ਹੀ ’ਚ ਹਿੰਸਾ ਦੀਆਂ ਘਟਨਾਵਾਂ ਵਾਪਰੀਆਂ ਹਨ।
ਇਹ ਵੀ ਪੜ੍ਹੋ: ਧਿਆਨ ਸਿੰਘ ਮੰਡ ਨੇ ਜਥੇਦਾਰ ਰਘਬੀਰ ਸਿੰਘ ਨੂੰ ਮੁੜ ਲਿਖਿਆ ਪੱਤਰ
ਵਫ਼ਦ ਦੇ ਦੌਰੇ ਬਾਰੇ ਇਕ ਸੁਰੱਖਿਆ ਅਧਿਕਾਰੀ ਨੇ ਦਸਿਆ, ‘‘ਉਹ ਸੁਰੱਖਿਆ ਕਾਰਨਾਂ ਕਰ ਕੇ ਇੰਫਾਲ ਤੋਂ ਹੈਲੀਕਾਪਟਰ ਰਾਹੀਂ ਚੂਰਾਚਾਂਦਪੁਰ ਗਏ। ਇਸ ਵੇਲੇ ਸਿਰਫ਼ ਇਕ ਹੈਲੀਕਾਪਟਰ ਉਪਲਬਧ ਹੈ, ਇਸ ਲਈ ਵਫ਼ਦ ਦੇ ਮੈਂਬਰਾਂ ਨੂੰ ਦੋ ਟੀਮਾਂ ’ਚ ਵੰਡਿਆ ਗਿਆ ਸੀ ਅਤੇ ਹੈਲੀਕਾਪਟਰ ਉਨ੍ਹਾਂ ਤਕ ਪਹੁੰਚਣ ਲਈ ਦੋ ਚੱਕਰ ਲਗਾਏਗਾ।’’ ਸੂਤਰਾਂ ਨੇ ਕਿਹਾ ਕਿ ਲੋਕ ਸਭਾ ’ਚ ਕਾਂਗਰਸ ਦੇ ਉਪਨੇਤਾ ਗੌਰਵ ਗੋਗੋਈ ਅਤੇ ਹੋਰ ਸੰਸਦ ਮੈਂਬਰਾਂ ਦੀ ਇਕ ਟੀਮ ਚੁਰਾਚਾਂਦਪੁਰ ਦੇ ਡੌਨ ਬਾਸਕੋ ਸਕੂਲ ’ਚ ਸਥਾਪਤ ਇਕ ਰਾਹਤ ਕੈਂਪ ’ਚ ਗਈ।
ਇਹ ਵੀ ਪੜ੍ਹੋ: ਜਲਾਲਾਬਾਦ ਪੁਲਿਸ ਦੀ ਵੱਡੀ ਕਾਰਵਾਈ, 1 ਕਿਲੋਂ 255 ਗ੍ਰਾਮ ਹੈਰੋਇਨ ਤੇ 1 ਲੱਖ ਦੀ ਡਰੱਗ ਮਨੀ ਸਣੇ 2 ਕਾਬੂ
ਮਨੀਪੁਰ ਮਾਮਲੇ ਦਾ ਸਿਆਸੀਕਰਨ ਕਰਨ ਦੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋਸ਼ਾਂ ਬਾਰ ਪੁੱਛੇ ਜਾਣ ’ਤੇ ਗੋਗੋਈ ਨੇ ਕਿਹਾ, ‘‘ਸਾਨੂੰ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਸਰਬਪਾਰਟੀ ਵਫ਼ਦ ਦਾ ਹਿੱਸਾ ਬਣ ਕੇ ਬਹੁਤ ਖ਼ੁਸ਼ੀ ਹੁੰਦੀ, ਪਰ ਉਹ ਕਿਤੇ ਨਜ਼ਰ ਨਹੀਂ ਆਉਂਦੇ। ਉਨ੍ਹਾਂ ਨੇ ਸੰਸਦ ’ਚ ਮਨੀਪੁਰ ਨੂੰ ਲੈ ਕੇ ਇਕ ਸ਼ਬਦ ਨਹੀਂ ਬੋਲਿਆ।’’ ਚੁਰਾਚਾਂਦਪੁਰ ਪੁੱਜੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਕੁਕੀ ਆਗੂਆਂ ਅਤੇ ਆਮ ਲੋਕਾਂ ਤੋਂ ਇਲਾਵਾ ਰਾਹਤ ਕੈਂਪਾਂ ’ਚ ਰਹਿ ਰਹੇ ਹਿੰਸਾ ਪੀੜਤਾਂ ਨਾਲ ਮੁਲਾਕਾਤ ਕੀਤੀ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਰਾਹਤ ਕੈਂਪ ਦਾ ਦੌਰਾਨ ਕਰਨ ਮਗਰੋਂ ਪੱਤਰਕਾਰਾਂ ਨੂੰ ਕਿਹਾ, ‘‘ਉਹ ਅਪਰਾਧਾਂ ਦੀ ਸੀ.ਬੀ.ਆਈ. ਕੋਲੋਂ ਜਾਂਚ ਦੀ ਗੱਲ ਕਰ ਰਹੇ ਹਨ। ਮੈਂ ਪੁਛਣਾ ਚਾਹੁੰਦਾ ਹਾਂ ਕਿ ਕਿ ਕੀ ਕੇਂਦਰ ਸਰਕਾਰ ਹੁਣ ਤਕ ਸੌਂ ਰਹੀ ਸੀ?’’
ਇਹ ਵੀ ਪੜ੍ਹੋ: ਮਰੀਜ਼ ਦੇ ਵਾਰਸਾਂ ਅਤੇ ਸੁਰੱਖਿਆ ਗਾਰਡਾਂ ਵਿਚਾਲੇ ਹੱਥੋਪਾਈ ਦਾ ਮਾਮਲਾ: ਜਾਂਚ ਲਈ 3 ਮੈਂਬਰੀ ਕਮੇਟੀ ਦਾ ਗਠਨ
ਤ੍ਰਿਣਮੂਲ ਕਾਂਗਰਸ ਆਗੂ ਸੁਸ਼ਮਿਤਾ ਦੇਵ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਦੋਹਾਂ ਭਾਈਚਾਰਿਆਂ ਦੇ ਲੋਕਾਂ ਨਾਲ ਗੱਲ ਕਰੇਗੀ। ਉਨ੍ਹਾਂ ਕਿਹਾ, ‘‘ਹਰ ਕਿਸੇ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਅਸੀਂ ਕੁਕੀ ਅਤੇ ਮੈਤੇਈ ਦੋਹਾਂ ਨਾਲ ਗੱਲ ਕਰਾਂਗੇ।’’ ਦੌਰੇ ਤੋਂ ਪਹਿਲਾਂ ਗੌਰਵ ਗੋਗੋਈ ਨੇ ਮਨੀਪੁਰ ਹਿੰਸਾ ਦੀ ਸੁਪਰੀਮ ਕੋਰਟ ਦੇ ਕਿਸੇ ਸੇਵਾਮੁਕਤ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਚੌਧਰੀ ਅਤੇ ਗੋਗੋਈ ਤੋਂ ਇਲਾਵਾ ਵਫ਼ਦ ’ਚ ਤ੍ਰਿਣਮੂਲ ਕਾਂਗਰਸ (ਟੀ.ਐਮ.ਸੀ.) ਦੀ ਸੁਸ਼ਮਿਤਾ ਦੇਵ, ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਦੀ ਮਹੂਆ ਮਾਜੀ, ਦ੍ਰਵਿੜ ਮੁਨੇਤਰ ਕੜਗਮ (ਡੀ.ਐਮ.ਕੇ.) ਦੀ ਕਨੀਮੋਈ, ਰਾਸ਼ਟਰੀ ਲੋਕ ਦਲ (ਆਰ.ਐਲ.ਡੀ.) ਦੇ ਜਯੰਤ ਚੌਧਰੀ, ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮਨੋਜ ਕੁਮਾਰ ਝਾਅ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਦੇ ਐਨ.ਕੇ. ਪ੍ਰੇਮਚੰਦਰਨ, ਜਨਤਾ ਦਲ (ਯੂਨਾਈਟਿਡ) ਦੇ ਰਾਜੀਵ ਰੰਜਨ ਸਿੰਘ ਉਰਫ਼ ਲਲਨ ਸਿੰਘ ਅਤੇ ਅਨਿਲ ਪ੍ਰਸਾਦ ਹੇਗੜੇ, ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.) ਦੇ ਸੰਦੋਸ਼ ਕੁਮਾਰ ਅਤੇ ਏ. ਏ. ਰਹੀਮ ਵੀ ਸ਼ਾਮਲ ਹਨ।