
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ........
ਨਵੀਂ ਦਿੱਲੀ : ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਹੈ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੇ ਰੂਪ 'ਚ ਸਫ਼ਲ ਹੋ ਸਕਦੇ ਸਨ ਕਿਉਂਕਿ ਉਹ ਅਕਸਰ ਨਬਜ਼ ਸਹੀ ਫੜਦੇ ਹਨ ਪਰ ਗ਼ਲਤ ਇਲਾਜ ਕਰ ਕੇ 'ਨਾਕਾਮ' ਰਹੇ ਹਨ।
ਉਨ੍ਹਾਂ ਨੇ ਪਿਛਲੇ ਸਾਢੇ ਚਾਰ ਸਾਲਾਂ 'ਚ ਪ੍ਰਧਾਨ ਮੰਤਰੀ ਦੇ ਕੰਮਕਾਜ ਦੀ ਸ਼ੈਲੀ 'ਚ ਵੇਖੇ ਵਿਰੋਧਾਭਾਸਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੋਦੀ ਦੇ ਜਾਣ ਦਾ ਵੇਲਾ ਆ ਗਿਆ ਹੈ।
ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਥਰੂਰ ਨੇ ਅਪਣੀ ਨਵੀਂ ਕਿਤਾਬ 'ਦ ਪੈਰਾਡਾਕਸਿਕਲ ਪ੍ਰਾਇਮ ਮੀਨੀਸਟਰ : ਨਰਿੰਦਰ ਮੋਦੀ ਐਂਡ ਹਿਜ਼ ਇੰਡੀਆ' ਨੂੰ ਲੈ ਕੇ ਇਕ ਇੰਟਰਵਿਊ 'ਚ ਕਿਹਾ, ''ਹੁਣ ਸੰਦੇਸ਼ ਦੇਣ ਦੇ ਲਿਹਾਜ਼ ਨਾਲ ਦੇਰ ਹੋ ਚੁੱਕੀ ਹੈ। ਸੰਦੇਸ਼ ਹੈ ਕਿ ਸ੍ਰੀਮਾਨ ਮੋਦੀ, ਮਾਫ਼ੀ ਚਾਹਾਂਗੇ, ਤੁਸੀਂ ਨਾਕਾਮ ਰਹੇ। ਹੁਣ ਜਾਣ ਦਾ ਸਮਾਂ ਹੈ।'' ਸ਼ੁਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕਿਤਾਬ ਦੀ ਘੁੰਡ-ਚੁਕਾਈ ਕੀਤੀ ਸੀ।
ਹਾਲਾਂਕਿ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਕਿ ਮੋਦੀ ਜੇਕਰ ਆਰਥਕ ਵਿਕਾਸ ਅਤੇ ਉਨ੍ਹਾਂ ਵਾਅਦਿਆਂ ਉਤੇ ਸੱਚਮੁਚ ਧਿਆਨ ਦਿੰਦੇ ਜਿਸ ਕਰ ਕੇ ਉਨ੍ਹਾਂ 2014 'ਚ ਜਿੱਤ ਮਿਲੀ ਤਾਂ ਉਹ ਪ੍ਰਧਾਨ ਮੰਤਰੀ ਵਜੋਂ ਸਫ਼ਲ ਰਹਿੰਦੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਅਤੇ ਆਰਥਕ ਵਿਕਾਸ 'ਚ ਜ਼ਰੂਰੀ ਬਦਲਾਅ ਕਰਨ ਦੇ ਵਾਅਦੇ ਉਤੇ ਧਿਆਨ ਦੇਣ ਦੀ ਬਜਾਏ ਮੋਦੀ ਨੇ ਅਪਣੇ ਵੋਟ ਬੈਂਕ ਉਤੇ ਧਿਆਨ ਦਿਤਾ ਅਤੇ ਉਨ੍ਹਾਂ ਤੱਤਾਂ ਨੂੰ ਖੁੱਲ੍ਹੀ ਛੋਟ ਦਿਤੀ ਜੋ ਕੁੱਟ-ਕੁੱਟ ਕੇ ਕਤਲ ਕਰਨ, ਗਊ ਰਖਿਆ ਦੇ ਨਾਂ 'ਤੇ ਹਿੰਸਾ ਕਰਨ ਅਤੇ ਘੱਟ ਗਿਣਤੀਆਂ ਤੇ ਦਲਿਤਾਂ ਉਤੇ ਹਮਲੇ 'ਚ ਸ਼ਾਮਲ ਹਨ।
ਥਰੂਰ ਨੇ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ 'ਤੇ ਮੋਦੀ ਦੀ ਚੁੱਪੀ ਦੀ ਵੀ ਆਲੋਚਨਾ ਕੀਤੀ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ ਜਿਨ੍ਹਾਂ ਨੇ ਅਮਰੀਕੀਆਂ ਉਤੇ ਹੋਏ ਹਮਲੇ ਨੂੰ ਲੈ ਕੇ ਦੇਸ਼ ਨੂੰ ਸੰਬੋਧਨ ਕੀਤਾ ਸੀ। ਥਰੂਰ ਨੇ ਕਿਤਾਬ 'ਚ ਪ੍ਰਧਾਨ ਮੰਤਰੀ ਵਲੋਂ ਆਧਾਰ ਅਤੇ ਪ੍ਰਚੂਨ ਖੇਤਰ 'ਚ ਐਫ਼.ਡੀ.ਆਈ. ਸਮੇਤ ਕਈ ਚੀਜ਼ਾਂ 'ਤੇ ਪਲਟਣ ਦੀ ਗੱਲ ਵੀ ਕਹੀ ਹੈ। (ਪੀਟੀਆਈ)