
ਜਲਦ ਹੀ ਹੁਣ ਲੋਕ ਥੋੜ੍ਹੇ ਪੈਸਿਆਂ ਵਿਚ ਕਾਫ਼ੀ ਜ਼ਿਆਦਾ ਚੈਨਲ ਦੇਖ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਅਪਣੀ ਮਰਜ਼ੀ ਦੇ ਚੈਨਲ ਚੁਣਨ ਦੀ ਆਪਸ਼ਨ ਵੀ ਹੋਵੇਗੀ। ਇਸ ...
ਨਵੀਂ ਦਿੱਲੀ :- ਜਲਦ ਹੀ ਹੁਣ ਲੋਕ ਥੋੜ੍ਹੇ ਪੈਸਿਆਂ ਵਿਚ ਕਾਫ਼ੀ ਜ਼ਿਆਦਾ ਚੈਨਲ ਦੇਖ ਸਕਣਗੇ। ਇਸ ਦੇ ਨਾਲ ਹੀ ਉਨ੍ਹਾਂ ਕੋਲ ਅਪਣੀ ਮਰਜ਼ੀ ਦੇ ਚੈਨਲ ਚੁਣਨ ਦੀ ਆਪਸ਼ਨ ਵੀ ਹੋਵੇਗੀ। ਇਸ ਦੇ ਲਈ ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਟੀ ਨੇ ਗਾਹਕਾਂ ਨੂੰ ਨਵੀਂ ਰੈਗੁਲੇਟਰੀ ਵਿਵਸਥਾ ਤਹਿਤ ਚੈਨਲ ਚੁਣਨ ਲਈ ਇਕ ਮਹੀਨਾ ਯਾਨੀ 31 ਜਨਵਰੀ ਤਕ ਦਾ ਸਮਾਂ ਦਿਤਾ ਹੈ। ਮਲਟੀ ਸਰਵਿਸਜ਼ ਅਪਰੇਟਰਜ਼ ਅਤੇ ਲੋਕਲ ਕੇਬਲ ਅਪਰੇਟਰਜ਼ ਲਈ ਟ੍ਰਾਈ ਨੇ ਨਵਾਂ ਟੈਰਿਫ਼ ਸਿਸਟਮ ਬਣਾਇਆ ਹੈ ਜੋ 29 ਦਸੰਬਰ ਤੋਂ ਲਾਗੂ ਹੋ ਰਿਹਾ ਹੈ।
Watching TV
ਇਸ ਸਬੰਧੀ ਅਪਰੇਟਰਜ਼ ਨੇ ਟਰਾਈ ਤੋਂ ਕੁੱਝ ਹੋਰ ਸਮਾਂ ਮੰਗਿਆ ਸੀ। ਟਰਾਈ ਦੇ ਸਕੱਤਰ ਐਸ ਕੇ ਗੁਪਤਾ ਨੇ ਦਸਿਆ ਕਿ ਅਸੀਂ ਪ੍ਰਸਾਰਕਾਂ, ਡੀਟੀਐਚ ਅਪਰੇਟਰਾਂ ਅਤੇ ਐਮਐਸਓ ਦੇ ਨਾਲ ਇਕ ਮੀਟਿੰਗ ਕੀਤੀ ਹੈ, ਜਿਸ ਵਿਚ ਸਾਰਿਆਂ ਨੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਵਿਚ ਦਿਲਚਸਪੀ ਦਿਖਾਈ। ਉਨ੍ਹਾਂ ਨੇ ਬੇਨਤੀ ਕੀਤੀ ਕਿ ਗਾਹਕਾਂ ਨੂੰ ਕੁੱਝ ਹੋਰ ਸਮਾਂ ਦਿਤਾ ਜਾਵੇ ਤਾਕਿ ਉਹ ਆਸਾਨ ਅਤੇ ਬਿਨਾਂ ਰੁਕਾਵਟ ਵਾਲੀ ਸੇਵਾਵਾਂ ਲਈ ਬਦਲ ਦੀ ਚੋਣ ਕਰ ਸਕਣ। ਨਵੇਂ ਟੈਰਿਫ ਸਿਸਟਮ ਤਹਿਤ ਗਾਹਕਾਂ ਨੂੰ ਕੋਈ ਵੀ ਚੈਨਲ ਥੋਪਿਆ ਨਹੀਂ ਜਾਵੇਗਾ।
TRAI
ਬਲਕਿ ਗਾਹਕਾਂ ਨੂੰ ਸਿਰਫ਼ ਉਨ੍ਹਾਂ ਹੀ ਚੈਨਲਾਂ ਲਈ ਭੁਗਤਾਨ ਕਰਨਾ ਹੋਵੇਗਾ ਜੋ ਉਹ ਦੇਖਣਾ ਚਾਹੁੰਦੇ ਹਨ। ਭਾਵ ਕਿ ਖ਼ਪਤਕਾਰ ਅਪਣੀ ਪਸੰਦ ਦੇ ਚੈਨਲਾਂ ਦੀ ਚੋਣ ਕਰ ਸਕਦੇ ਹਨ। ਗਾਹਕਾਂ ਨੂੰ ਇਹ ਚੈਨਲ ਬੁਕੇ ਦੇ ਰੂਪ ਵਿਚ ਉਪਲਬਧ ਹੋਣਗੇ। ਇਸ ਦੇ ਨਾਲ ਹੀ ਸਾਰੇ ਚੈਨਲਾਂ ਦੀ ਕੀਮਤ ਦੀ ਜਾਣਕਾਰੀ ਇਲੈਕਟ੍ਰਾਨਿਕ ਪ੍ਰੋਗਰਾਮ ਗਾਈਡ ਜ਼ਰੀਏ ਟੀਵੀ ਸਕਰੀਨ 'ਤੇ ਦਿਖਾਈ ਜਾਵੇਗੀ। ਟ੍ਰਾਈ ਦੇ ਨਵੇਂ ਟੈਰਿਫ਼ ਸਿਸਟਮ ਮੁਤਾਬਕ ਇਨ੍ਹਾਂ ਚੈਨਲਾਂ ਦੀ ਕੀਮਤ 1 ਰੁਪਏ ਤੋਂ 19 ਰੁਪਏ ਦੇ ਵਿਚਕਾਰ ਹੋਵੇਗੀ।
Watching TV
ਇਸ ਦੇ ਨਾਲ ਹੀ ਗਾਹਕ 130 ਰੁਪਏ ਵਿਚ 100 ਚੈਨਲ ਦੇਖ ਸਕਦੇ ਹਨ, ਜਿਸ ਵਿਚ ਮੁਫ਼ਤ ਟੂ ਏਅਰ ਚੈਨਲ ਵੀ ਸ਼ਾਮਲ ਹੋਣਗੇ ਪਰ 100 ਤੋਂ ਜ਼ਿਆਦਾ ਚੈਨਲ ਦੇਖਣ 'ਤੇ ਗਾਹਕਾਂ ਨੂੰ 20 ਰੁਪਏ ਜ਼ਿਆਦਾ ਦੇਣੇ ਹੋਣਗੇ, ਜਿਸ ਵਿਚ ਉਹ 25 ਹੋਰ ਚੈਨਲ ਦੇਖ ਸਕਦੇ ਹਨ। ਦਸ ਦਈਏ ਕਿ ਮੌਜੂਦਾ ਸਮੇਂ ਕੁੱਝ ਅਪਰੇਟਰਜ਼ ਵਲੋਂ ਇਸ ਮਾਮਲੇ ਵਿਚ ਲੋਕਾਂ ਦੀ ਕਾਫ਼ੀ ਲੁੱਟ ਕੀਤੀ ਜਾ ਰਹੀ ਹੈ। ਜੇਕਰ ਟਰਾਈ ਦੇ ਨਿਯਮ ਸਹੀ ਤਰੀਕੇ ਨਾਲ ਲਾਗੂ ਹੁੰਦੇ ਹਨ ਤਾਂ ਲੋਕ ਜਿੱਥੇ ਇਸ ਲੁੱਟ ਤੋਂ ਬਚ ਸਕਣਗੇ, ਉਥੇ ਹੀ ਲੋਕਾਂ ਨੂੰ ਚੰਗੀਆਂ ਸੇਵਾਵਾਂ ਵੀ ਮਿਲ ਸਕਣਗੀਆਂ।