
ਈਡੀ ਨੇ ਨੈਸ਼ਨਲ ਸਪਾਟ ਐਕਸਚੇਂਜ ਲਿਮਟਿਡ ਯਾਨੀ ਐਨਐਸਈਐਲ ਕਾਲਾ ਧਨ ਮਾਮਲੇ ਦੀ ਜਾਂਚ ਵਿਚ ਅੱਜ ਪੰਜ ਰਾਜਾਂ ਵਿਚ ਨਵੇਂ ਸਿਰੇ ਤੋਂ ਛਾਪੇ ਮਾਰਨ ਦੀ ਕਾਰਵਾਈ ...
ਨਵੀਂ ਦਿੱਲੀ : ਈਡੀ ਨੇ ਨੈਸ਼ਨਲ ਸਪਾਟ ਐਕਸਚੇਂਜ ਲਿਮਟਿਡ ਯਾਨੀ ਐਨਐਸਈਐਲ ਕਾਲਾ ਧਨ ਮਾਮਲੇ ਦੀ ਜਾਂਚ ਵਿਚ ਅੱਜ ਪੰਜ ਰਾਜਾਂ ਵਿਚ ਨਵੇਂ ਸਿਰੇ ਤੋਂ ਛਾਪੇ ਮਾਰਨ ਦੀ ਕਾਰਵਾਈ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਕਾਲਾ ਧਨ ਰੋਕਥਾਮ ਕਾਨੂੰਨ ਤਹਿਤ ਦਿੱਲੀ, ਚੰਡੀਗੜ੍ਹ, ਮੁੰਬਈ, ਅਹਿਮਦਾਬਾਦ ਅਤੇ ਬੰਗਲੌਰ ਵਿਚ ਛਾਪੇ ਮਾਰੇ ਗਏ।
ਮੰਨਿਆ ਜਾਂਦਾ ਹੈ ਕਿ ਏਜੰਸੀ ਨੂੰ ਕੁੱਝ ਨਵੇਂ ਸਬੂਤ ਮਿਲੇ ਹਨ। ਇਸ ਮਾਮਲੇ ਵਿਚ ਹੁਣ ਤਕ ਕੁਲ 2800 ਕਰੋੜ ਰੁਪਏ ਤੋਂ ਵੱਧ ਮੁਲ ਦੀਆਂ ਸੰਪਤੀਆਂ ਕੁਰਕ ਹੋ ਚੁਕੀਆਂ ਹਨ। ਇਸ ਮਾਮਲੇ ਵਿਚ ਈਡੀ ਨੇ 2013 ਵਿਚ ਮੁੰਬਈ ਪੁਲਿਸ ਨਾਲ ਮਿਲ ਕੇ ਕਾਲਾ ਧਨ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਕਰੀਬ 13000 ਨਿਵੇਸ਼ਕਾਂ ਨੂੰ ਧੋਖਾ ਦੇ ਕੇ ਕੀਤੇ ਗਏ 56000 ਕਰੋੜ ਰੁਪਏ ਦੇ ਘੁਟਾਲੇ ਨਾਲ ਜੁੜਿਆ ਹੈ।
ਏਜੰਸੀ ਦਾ ਦੋਸ਼ ਹੈ ਕਿ ਮਾਮਲੇ ਵਿਚ ਅਪਰਾਧਕ ਸਾਜ਼ਸ਼ ਕਰਦਿਆਂ ਨਿਵੇਸ਼ਕਾਂ ਨਾਲ ਧੋਖਾਧੜੀ ਕੀਤੀ। ਇਸ ਮਾਮਲੇ ਵਿਚ ਜਾਅਲੀ ਦਸਤਾਵੇਜ਼ ਬਣਾਏ ਗਏ, ਖਾਤਿਆਂ ਵਿਚ ਹੇਰਫੇਰ ਕੀਤਾ ਗਿਆ ਅਤੇ ਨਿਵੇਸ਼ਕਾਂ ਨੂੰ ਐਨਐਸਈਐਲ ਦੇ ਪਲੇਟਫ਼ਾਰਮ 'ਤੇ ਸੌਦੇ ਕਰਨ ਲਈ ਪ੍ਰੇਰਿਤ ਕੀਤਾ ਗਿਆ। (ਏਜੰਸੀ)