
ਨਵੰਬਰ, 2016 ਵਿਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਬੰਦ ਕੀਤੇ ਗਏ 500 ਅਤੇ 1,000 ਰੁਪਏ ਦੇ ਨੋਟਾਂ ਦਾ 99.3 ਫ਼ੀ ਸਦੀ ਹਿੱਸਾ ਬੈਂਕਾਂ ਕੋਲ ਵਾਪਸ ਆ ਗਿਆ ਹੈ........
ਨਵੀਂ ਦਿੱਲੀ : ਨਵੰਬਰ, 2016 ਵਿਚ ਨੋਟਬੰਦੀ ਲਾਗੂ ਹੋਣ ਤੋਂ ਬਾਅਦ ਬੰਦ ਕੀਤੇ ਗਏ 500 ਅਤੇ 1,000 ਰੁਪਏ ਦੇ ਨੋਟਾਂ ਦਾ 99.3 ਫ਼ੀ ਸਦੀ ਹਿੱਸਾ ਬੈਂਕਾਂ ਕੋਲ ਵਾਪਸ ਆ ਗਿਆ ਹੈ। ਰਿਜ਼ਰਵ ਬੈਂਕ ਦੀ ਸਾਲਾਨਾ ਰੀਪੋਰਟ ਵਿਚ ਇਹ ਜਾਣਕਾਰੀ ਦਿਤੀ ਗਈ ਹੈ। ਉਧਰ ਇਸ ਮੁੱਦੇ 'ਤੇ ਸਿਆਸੀ ਬਹਿਸ ਵੀ ਛਿੜ ਗਈ ਹੈ। ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਆਰ.ਬੀ.ਆਈ. ਦੀ ਰੀਪੋਰਟ ਨਾਲ ਨੋਟਬੰਦੀ ਬਾਰੇ ਤ੍ਰਿਣਮੂਲ ਕਾਂਗਰਸ ਦੇ ਡਰ ਦੀ ਪੁਸ਼ਟੀ ਹੁੰਦੀ ਹੈ। ਇਕ ਫ਼ੇਸਬੁਕ ਪੋਸਟ 'ਚ ਉਨ੍ਹਾਂ ਕਿਹਾ ਕਿ ਉਹ ਹੁਣ ਇਹ ਜਾਣਨਾ ਚਾਹੁੰਦੇ ਹਨ ਕਿ ਕਾਲਾ ਧਨ ਕਿੱਥੇ ਹੈ?
ਉਨ੍ਹਾਂ ਇਸ ਗੱਲ 'ਤੇ ਹੈਰਾਨਗੀ ਪ੍ਰਗਟਾਈ ਕਿ ਕੀ ਨੋਟਬੰਦੀ ਇਸੇ ਲਈ ਲਾਗੂ ਕੀਤੀ ਗਈ ਸੀ ਕਿ ਕਾਲਾ ਧਨ ਜਮ੍ਹਾਂ ਰੱਖਣ ਵਾਲੇ ਕੁੱਝ ਲੋਕ ਇਸ ਨੂੰ ਬਦਲਵਾ ਕੇ ਚਿੱਟਾ ਕਰ ਲੈਣ? ਕਾਂਗਰਸ ਪਾਰਟੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਅਪਣੇ ਇਸ 'ਤੁਗਲਕੀ ਫ਼ੁਰਮਾਨ' ਲਈ ਦੇਸ਼ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਨੋਟਬੰਦੀ ਦੇ ਸਮੇਂ ਮੁੱਲ ਦੇ ਹਿਸਾਬ ਨਾਲ 500 ਅਤੇ 1,000 ਰੁਪਏ ਦੇ 15.41 ਲੱਖ ਕਰੋੜ ਰੁਪਏ ਦੇ ਨੋਟ ਲੈਣ-ਦੇਣ ਵਿਚ ਸਨ। ਰਿਜ਼ਰਵ ਬੈਂਕ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਚੋਂ 15.31 ਲੱਖ ਕਰੋੜ ਰੁਪਏ ਦੇ ਨੋਟ ਬੈਂਕਾਂ ਕੋਲ ਵਾਪਸ ਆ ਚੁਕੇ ਹਨ।
ਨਾਲ ਕੇਂਦਰੀ ਬੈਂਕ ਨੇ ਕਿਹਾ ਕਿ ਬੈਂਕ ਨੋਟਾਂ ਦੀ ਗਿਣਤੀ ਦਾ ਮੁਸ਼ਕਲ ਕਾਰਜ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਬੈਂਕਾਂ ਕੋਲ ਆਏ ਐਸਬੀਏਨ ਨੂੰ ਕੰਪਲੈਕਸ ਤੇਜ਼ੀ ਨਾਲ ਮੁਦਰਾ ਤਸਦੀਕ ਅਤੇ ਪ੍ਰੋਸੈਸਿੰਗ ਸਿਸਟਮ ਜ਼ਰੀਏ ਤਸਦੀਕ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ ਮਗਰੋਂ ਉਨ੍ਹਾਂ ਨੂੰ ਨਸ਼ਟ ਕਰ ਦਿਤਾ ਗਿਆ। ਐਸਬੀਐਨ ਵਲੋਂ ਮੰਤਵ 500 ਅਤੇ 1,000 ਦੇ ਬੰਦ ਨੋਟਾਂ ਨਾਲ ਹੈ। ਇਸ ਮਾਮਲੇ ਸਬੰਧੀ ਰਿਜ਼ਰਵ ਬੈਂਕ ਨੇ ਕਿਹਾ ਕਿ ਐਸਬੀਐਨ ਦੀ ਗਿਣਤੀ ਦਾ ਕੰਮ ਪੂਰਾ ਹੋ ਗਿਆ ਹੈ। ਕੁਲ 15,310.73 ਅਰਬ ਮੁਲ ਦੇ ਐਸਬੀਐਨ ਬੈਂਕਾਂ ਕੋਲ ਵਾਪਸ ਆਏ ਹਨ।
Mamta Banerjee
ਤੁਹਾਨੂੰ ਦਸ ਦੇਈਏ ਕਿ 8 ਨਵੰਬਰ 2016 ਨੂੰ ਹੋਈ ਨੋਟਬੰਦੀ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿਤਾ ਸੀ ਜਿਸ ਕਾਰਨ ਲੋਕਾਂ ਨੂੰ 3 ਤੋਂ 4 ਮਹੀਨੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਪੁਰਾਣੇ ਨੋਟ ਬਦਲਾਉਣ ਲਈ ਬੈਂਕਾਂ ਅੱਗੇ ਲੰਮੀਆਂ ਕਤਾਰਾਂ 'ਚ ਲਗਣਾ ਪੈਂਦਾ ਸੀ ਜਿਸ ਦੌਰਾਨ 100 ਤੋਂ ਵਧੇਰੇ ਲੋਕਾਂ ਨੂੰ ਇਸ ਨੋਟਬੰਦੀ ਦੇ ਦੌਰਾਨ ਅਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ।
ਕਿਹਾ ਜਾ ਰਿਹਾ ਹੈ ਕਿ ਸਰਕਾਰ ਦੇ ਘਟੀਆ ਪ੍ਰਬੰਧਾਂ ਦੇ ਜ਼ਰੀਏ ਹੀ ਇਹਨਾਂ ਲੋਕਾਂ ਨੂੰ ਪਾਣੀ ਜਾਨ ਗਵਾਉਣੀ ਪਈ। ਲਗਾਤਾਰ 3 ਤੋਂ 4 ਮਹੀਨਿਆਂ ਤਕ ਪੂਰੇ ਦੇਸ਼ ਵਿਚ ਇਸੇ ਤਰਾਂ ਹੀ ਚਲਦਾ ਰਿਹਾ ਲੋਕ ਆਪਣੇ ਪੈਸੇ ਬਦਲਨ ਸਵੇਰ ਤੋਂ ਆ ਕੇ ਸ਼ਾਮ ਤਕ ਬੈਂਕਾਂ ਦੀਆਂ ਲਾਈਨਾਂ ਵਿਚ ਖੜੇ ਰਹਿੰਦੇ ਸਨ ਜਿਸ ਦੌਰਾਨ ਲੋਕਾਂ ਦਾ ਸਮਾਂ ਵੀ ਕਾਫੀ ਬਰਬਾਦ ਹੋਇਆ। ਇਸ ਦਾ ਅਸਰ ਆਮ ਲੋਕਾਂ 'ਤੇ ਜ਼ਿਆਦਾ ਦੇਖਣ ਨੂੰ ਮਿਲਿਆ। ਪੂਰੇ ਦੇਸ਼ ਦੀ ਆਮ ਜਨਤਾ ਇਸ ਤੋਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੋ ਚੁੱਕੀ ਸੀ। (ਏਜੰਸੀਆਂ)