
ਤੁਸੀਂ ਇਤਿਹਾਸ 'ਚ ਕਈ ਘਟਨਾਵਾਂ ਬਾਰੇ ਸੁਣਿਆ ਹੋਵੇਗਾ, ਜਿਸ 'ਚ ਮੌਤ ਦੇ ਨੇੜੇ ਪੁੱਜੇ ਲੋਕ ਹੌਸਲੇ ਨਾਲ ਖੁਦ ਨੂੰ ਬਚਾ ਕੇ ਜ਼ਿੰਦਗੀ ਦੇ ਕਰੀਬ ਪਹੁੰਚ ਗਏ।
ਨਵੀਂ ਦਿੱਲੀ : ਤੁਸੀਂ ਇਤਿਹਾਸ 'ਚ ਅਜਿਹੀਆਂ ਕਈ ਘਟਨਾਵਾਂ ਬਾਰੇ ਸੁਣਿਆ ਹੋਵੇਗਾ, ਜਿਸ 'ਚ ਮੌਤ ਦੇ ਨੇੜੇ ਪੁੱਜੇ ਲੋਕ ਆਪਣੇ ਹੌਸਲੇ ਨਾਲ ਖੁਦ ਨੂੰ ਬਚਾ ਕੇ ਮੌਤ ਨੂੰ ਮਾਤ ਦਿੰਦੇ ਹੋਏ ਜ਼ਿੰਦਗੀ ਦੇ ਕਰੀਬ ਪਹੁੰਚ ਗਏ। ਅਜਿਹਾ ਹੀ ਕੁਝ ਉਨ੍ਹਾਂ 9 ਭਾਰਤੀਆਂ ਨੇ ਵੀ ਕੀਤਾ ਹੈ, ਜੋ ਪਿਛਲੇ ਇੱਕ ਸਾਲ ਤੋਂ ਯਮਨ 'ਚ ਬੰਦੀ ਸਨ ਅਤੇ ਮੌਕਾ ਮਿਲਦਿਆਂ ਹੀ ਇਕ ਕਿਸ਼ਤੀ ਦੀ ਮਦਦ ਨਾਲ ਭਾਰਤ ਪਹੁੰਚ ਗਏ।
ਮੌਤ ਤੋਂ ਜ਼ਿੰਦਗੀ ਵੱਲ ਦਾ ਉਨ੍ਹਾਂ ਦਾ ਇਹ ਸਫਰ ਖਤਰਨਾਕ ਅਤੇ ਕਦੇ ਨਾ ਭੁੱਲਣ ਵਾਲੇ ਰਿਹਾ। ਕੇਰਲ ਦੇ ਰਹਿਣ ਵਾਲੇ 2 ਅਤੇ ਤਾਮਿਲਨਾਡੂ ਦੇ 7 ਮਛੇਰਿਆਂ ਨੂੰ ਬੀਤੇ ਇੱਕ ਸਾਲ ਤੋਂ ਯਮਨ 'ਚ ਬੰਦੀ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਮਛੇਰਿਆਂ ਤੋਂ ਜ਼ਬਰਦਸਤੀ ਕੰਮ ਕਰਵਾਇਆ ਜਾਂਦਾ ਸੀ ਅਤੇ ਕੁੱਟਮਾਰ ਵੀ ਕੀਤੀ ਜਾਂਦੀ ਸੀ।
ਇਨ੍ਹਾਂ ਮਛੇਰਿਆਂ ਨੇ ਕਿਸੇ ਤਰ੍ਹਾਂ ਆਪਣੇ ਮਾਲਿਕ ਦੀ ਕਿਸ਼ਤੀ ਚੋਰੀ ਕੀਤੀ ਅਤੇ 10 ਦਿਨ ਤਕ 3000 ਕਿਲੋਮੀਟਰ ਲੰਬਾ ਸਮੁੰਦਰੀ ਸਫਰ ਤੈਅ ਕਰਨ ਤੋਂ ਬਾਅਦ ਭਾਰਤ ਪਹੁੰਚ ਗਏ। ਕੋਚੀ ਤੱਟ ਤੋਂ 75 ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਭਾਰਤੀ ਕੋਸਟ ਗਾਰਡ ਦੇ ਜਵਾਨਾਂ ਨੇ ਜਦੋਂ ਮਛੇਰਿਆਂ ਦੀ ਕਿਸ਼ਤੀ ਨੂੰ ਰੋਕਿਆ ਤਾਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਕਿਸ਼ਤੀ ਬਾਰੇ ਕੋਸਟ ਗਾਰਡ ਦੇ ਡਾਰਨਿਅਰ ਏਅਰਕਰਾਫ਼ਟ ਨੂੰ ਜਾਣਕਾਰੀ ਮਿਲੀ ਸੀ।
ਦੱਸਿਆ ਜਾਂਦਾ ਹੈ ਕਿ 13 ਦਸੰਬਰ 2018 ਨੂੰ ਇਨ੍ਹਾਂ ਮਛੇਰਿਆਂ ਨੇ ਮੱਛੀਆਂ ਫੜਨ ਲਈ ਤਿਰੁਵਨੰਤਪੁਰਮ ਦਾ ਤੱਟ ਛੱਡਿਆ ਸੀ। ਉਹ ਮੱਛੀਆਂ ਫੜਨ ਦੇ ਚੱਕਰ 'ਚ ਕਾਫੀ ਅੱਗੇ ਨਿਕਲ ਆਏ ਅਤੇ ਉਨ੍ਹਾਂ ਨੂੰ ਯਮਨ 'ਚ ਕੈਦ ਕਰ ਲਿਆ ਗਿਆ। ਉਹ ਉਨ੍ਹਾਂ ਨੂੰ ਕਿਸ਼ਤੀ 'ਚ ਰੱਖਦੇ ਸਨ ਅਤੇ ਕਾਫੀ ਕੰਮ ਕਰਵਾਉਂਦੇ ਸਨ। ਇਨ੍ਹਾਂ ਮਛੇਰਿਆਂ ਨੂੰ ਦਿਨ ਭਰ 'ਚ ਸਿਰਫ਼ ਇੱਕ ਵਾਰ ਖਾਣਾ ਦਿੱਤਾ ਜਾਂਦਾ ਸੀ।
ਮਛੇਰਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਹੜੀ ਕਿਸ਼ਤੀ ਨੂੰ ਚੋਰੀ ਕੀਤਾ ਸੀ, ਉਸ 'ਚ ਪਿਆਜ਼, ਈਂਧਨ ਅਤੇ ਖਾਣ-ਪੀਣ ਦਾ ਸਾਮਾਨ ਪਹਿਲਾਂ ਤੋਂ ਮੌਜੂਦ ਸੀ, ਜਿਸ ਕਾਰਨ ਉਹ 3000 ਕਿਲੋਮੀਟਰ ਦਾ ਸਫ਼ਰ ਤੈਅ ਕਰ ਸਕੇ। ਪੁਲਿਸ ਨੇ ਦੱਸਿਆ ਕਿ ਇਨ੍ਹਾਂ ਮਛੇਰਿਆਂ ਨੂੰ ਇਮੀਗ੍ਰੇਸ਼ਨ ਕਾਰਵਾਈ ਪੂਰੀ ਕਰਨ ਤੋਂ ਬਾਅਦ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ। ਕੋਸਟਲ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਮਛੇਰਿਆਂ ਦੇ ਪਰਿਵਾਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।