
ਮੁੱਠਭੇੜ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੇ ਲੁਕੇ ਹੋਣ ਦੀ ਮਿਲੀ ਸੀ ਜਾਣਕਾਰੀ
ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਤਰਾਲ ਵਿਚ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਅਤਿਵਾਦੀ ਹਮਲਾ ਹੋਇਆ ਹੈ। ਇੱਥੇ ਸੀਆਰਪੀਐਫ਼ ਦੀ 180 ਬਟਾਲੀਅਨ ਦੇ ਕੈਂਪ ਦੇ ਕੋਲ ਅਤਿਵਾਦੀਆਂ ਨੇ ਫਾਇਰਿੰਗ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੈਂਪ ਦੇ ਆਸਪਾਸ ਅਜੇ ਵੀ ਅਤਿਵਾਦੀ ਮੌਜੂਦ ਹਨ। ਇਹੀ ਕਾਰਨ ਹੈ ਕਿ ਸੁਰੱਖਿਆ ਬਲ ਲਗਾਤਾਰ ਫਾਇਰਿੰਗ ਕਰ ਰਹੇ ਹਨ। ਦੋਵਾਂ ਪਾਸੋਂ ਫਾਇਰਿੰਗ ਜਾਰੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਸਾਲ 14 ਫਰਵਰੀ ਨੂੰ ਜੰਮੂ-ਕਸ਼ਮੀਰ ਵਿਚ ਵੱਡਾ ਅਤਿਵਾਦੀ ਹਮਲਾ ਕੀਤਾ ਗਿਆ ਸੀ।
CRPF
ਤੱਦ ਵੀ ਸੀਆਰਪੀਐਫ਼ ਕੈਂਪ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਸੀ। 14 ਫਰਵਰੀ ਨੂੰ ਪੁਲਵਾਮਾ ਵਿਚ ਕੈਂਪ ’ਤੇ ਹਮਲਾ ਹੋਇਆ ਸੀ, ਜਿਸ ਵਿਚ ਸੀਆਰਪੀਐਫ਼ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਤੋਂ ਬਾਅਦ ਘਾਟੀ ਦਾ ਮਾਹੌਲ ਵਿਗੜਿਆ ਸੀ ਅਤੇ ਭਾਰਤ ਪਾਕਿਸਤਾਨ ਦੇ ਵਿਚ ਤਣਾਅ ਦੀ ਹਾਲਤ ਸੀ। ਦੱਸ ਦਈਏ ਕਿ ਬੀਤੇ ਕੁਝ ਦਿਨਾਂ ਵਿਚ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ਵਲੋਂ ਲਗਾਤਾਰ ਅਤਿਵਾਦੀਆਂ ਦੇ ਵਿਰੁਧ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
CRPF
ਲਗਾਤਾਰ ਸੁਰੱਖਿਆ ਬਲ ਅਤਿਵਾਦੀਆਂ ਨੂੰ ਲੱਭ-ਲੱਭ ਕੇ ਮੌਤ ਦੇ ਘਾਟ ਉਤਾਰ ਰਹੇ ਹਨ। ਸ਼ੁੱਕਰਵਾਰ ਨੂੰ ਹੀ ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਵਿਚ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਹੋਈ ਸੀ। ਇਸ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅਤਿਵਾਦੀਆਂ ਨੂੰ ਮਾਰ ਸੁੱਟਿਆ ਸੀ ਜਦਕਿ ਦੋ ਪੁਲਿਸ ਕਰਮੀ ਵੀ ਜਖ਼ਮੀ ਹੋ ਗਏ ਸਨ। ਸ਼ੁੱਕਰਵਾਰ ਨੂੰ ਹੋਈ ਮੁੱਠਭੇੜ ਤੋਂ ਪਹਿਲਾਂ ਸੁਰੱਖਿਆ ਬਲਾਂ ਨੂੰ ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਸੀ, ਉਦੋਂ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ।