
ਨਿਯਮ ਤੋੜਣ 'ਤੇ ਹੋਵੇਗਾ 50 ਹਜ਼ਾਰ ਜੁਰਮਾਨਾ
ਨਵੀਂ ਦਿੱਲੀ : ਧਰਤੀ ਦੇ ਵੱਧ ਰਹੇ ਤਾਪਮਾਨ ਲਈ ਪ੍ਰਦੂਸ਼ਣ ਨੂੰ ਮੁੱਖ ਵਜਾ ਮੰਨਿਆ ਜਾ ਰਿਹਾ ਹੈ। ਗਲੋਬਲ ਵਾਰਮਿੰਗ ਕਾਰਨ ਕਿਤੇ ਸੋਕਾ ਤੇ ਕਿਤੇ ਡੋਬਾ ਵਾਲੀ ਸਥਿਤੀ ਬਣਦੀ ਜਾ ਰਹੀ ਹੈ। ਸਰਦੀਆਂ 'ਚ ਹੱਦੋਂ ਵੱਧ ਠੰਡ ਤੇ ਗਰਮੀਆਂ 'ਚ ਬੇਤਹਾਸ਼ਾ ਪੈਂਦੀ ਗਰਮੀ ਕਾਰਨ ਪੈਦਾ ਹੋਈਆਂ ਮੌਸਮੀ ਤਬਦੀਲੀਆਂ ਨੇ ਮਨੁੱਖ ਦੀ ਖੁਦ ਦੀ ਹੋਂਦ 'ਤੇ ਹੀ ਸਵਾਲੀਆ ਚਿੰਨ੍ਹ ਲਗਾ ਦਿਤਾ ਹੈ।
Photo
ਇਨਸਾਨ ਨੇ ਅਪਣੀਆਂ ਸੁੱਖ ਸਹੂਲਤਾਂ ਖ਼ਾਤਰ ਵਾਤਾਵਰਣ ਨੂੰ ਪਲੀਤ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਹੁਣ ਹਾਲਾਤ ਬਦ ਤੋਂ ਬਦਤਰ ਹੁੰਦੇ ਵੇਖ ਵਾਤਾਵਰਣ ਪ੍ਰੇਮੀਆਂ ਤੋਂ ਇਲਾਵਾ ਸਰਕਾਰਾਂ ਨੇ ਵੀ ਇਸ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਹੈ।
Photo
ਕੇਰਲਾ ਸਰਕਾਰ ਨੇ ਪਲਾਸਟਿਕ ਤੋਂ ਹੋਣ ਵਾਲੇ ਪ੍ਰਦੂਸ਼ਣ ਨੂੰ ਰੋਕਣ ਲਈ ਸੂਬੇ ਅੰਦਰ ਪਹਿਲੀ ਜਨਵਰੀ 2020 ਤੋਂ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾ ਦਿਤੀ ਹੈ। ਕੇਰਲਾ ਸਰਕਾਰ ਨੇ ਪਿਛਲੇ ਮਹੀਨੇ ਹੀ ਸਿੰਗਲ ਯੂਜ਼ ਪਲਾਸਟਿਕ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਸੀ ਜੋ ਪਹਿਲੀ ਜਨਵਰੀ ਤੋਂ ਲਾਗੂ ਹੋ ਜਾਵੇਗਾ। ਇਸ ਤੋਂ ਇਲਾਵਾ ਸਿੰਗਲ ਯੂਜ਼ ਪਲਾਸਟਿਕ ਦੇ ਉਤਪਾਦਨ 'ਤੇ ਵੀ ਰੋਕ ਲੱਗੇਗੀ।
Photo
ਪ੍ਰਧਾਨ ਮੰਤਰੀ ਮੋਦੀ ਨੇ ਸ਼ੁਰੂ ਕੀਤੀ ਸੀ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਮੁਹਿੰਮ : ਕਾਬਲੇਗੌਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਲ ਯੂਜ਼ ਪਲਾਸਟਿਕ ਖਿਲਾਫ਼ ਮੁਹਿੰਮ ਸ਼ੁਰੂ ਕੀਤੀ ਸੀ। ਮੋਦੀ ਸਰਕਾਰ ਨੇ 2022 ਤਕ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ ਹੈ। ਸਿੰਗਲ ਯੂਜ਼ ਪਲਾਸਟਿਕ ਦੀ ਸ਼੍ਰੇਣੀ ਵਿਚ ਕੇਵਲ ਇਕ ਵਾਰ ਵਰਤੋਂ 'ਚ ਆਉਣ ਵਾਲੇ ਪਲਾਸਟਿਕ ਆਉਂਦਾ ਹੈ। ਇਨ੍ਹਾਂ 'ਚ ਪਾਣੀ ਦੀਆਂ ਬੋਤਲਾਂ ਅਤੇ ਦੁੱਧ ਦੇ ਪੈਕੇਟ ਆਦਿ ਸ਼ਾਮਲ ਹਨ।
Photo
ਪਲਾਸਟਿਕ ਦੀਆਂ ਇਨ੍ਹਾਂ ਵੰਨਗੀਆਂ 'ਤੇ ਲੱਗੀ ਪਾਬੰਦੀ : ਕੇਰਲ ਸਰਕਾਰ ਨੇ ਪਲਾਸਟਿਕ ਦੇ ਕੈਰੀ ਬੈਗ, ਪਲਾਸਟਿਕ ਦੀਆਂ ਸੀਟਾਂ, ਕੂਲਿੰਗ ਫ਼ਿਲਮਾਂ, ਪਲਾਸਟਿਕ ਪਲੇਟਾਂ, ਕੱਪ, ਥਰਮੋਕੋਲ ਅਤੇ ਸਟਾਈਰੋਫੋਮ ਅਧਾਰਤ ਫੈਂਸੀ ਆਈਟਮਾਂ ਅਤੇ ਹੋਰ ਵਸਤਾਂ 'ਤੇ ਪਾਬੰਦੀ ਲਗਾਈ ਹੈ। ਹਾਲਾਂਕਿ ਨਿਰਯਾਤ ਕੀਤੇ ਜਾਣ ਵਾਲੀਆਂ ਪਲਾਸਟਿਕ ਵਸਤਾਂ, ਸਿਹਤ ਸੈਕਟਰ 'ਚ ਵਰਤੇ ਜਾਣ ਵਾਲੀਆਂ ਪਲਾਸਟਿਕ ਦੀਆਂ ਵਸਤਾਂ ਤੇ ਕੰਪੋਸਟ ਪਲਾਸਟਿਕ ਤੋਂ ਬਣੇ ਸਾਜ਼ੋ-ਸਮਾਨ ਨੂੰ ਪਾਬੰਦੀ ਤੋਂ ਬਾਹਰ ਰੱਖਿਆ ਗਿਆ ਹੈ।
Photo
ਕਾਨੂੰਨ ਤੋੜਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ : ਸਰਕਾਰ ਨੇ ਕਾਨੂੰਨ ਤੋੜਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਕਾਨੂੰਨ ਤੋੜਣ ਵਾਲਿਆਂ ਵਿਰੁਧ ਵਾਤਾਵਰਣ ਸੁਰੱਖਿਆ ਕਾਨੂੰਨ, 1986 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਕਲੈਕਟਰ, ਉਪ ਮੰਡਲ ਮੈਜਿਸਟਰੇਟ, ਪ੍ਰਦੂਸ਼ਣ ਕੰਟਰੋਲ ਬੋਰਡ ਅਧਿਕਾਰੀ, ਸਥਾਨਕ ਬਾਡੀ ਸੈਕਟਰੀ ਅਤੇ ਵਾਤਾਵਰਣ ਸੁਰੱਖਿਆ ਐਕਟ ਤਹਿਤ ਕੇਂਦਰ ਸਰਕਾਰ ਦੁਆਰਾ ਨਿਯੁਕਤ ਕੀਤੇ ਅਧਿਕਾਰੀ ਕਾਨੂੰਨ ਤੋੜਣ ਵਾਲਿਆਂ ਵਿਰੁਧ ਕਾਰਵਾਈ ਕਰਨ 'ਚ ਮਦਦ ਕਰਨਗੇ।