
ਨਵੀਂ
ਦਿੱਲੀ, 8 ਸਤੰਬਰ : ਨਵ-ਨਿਯੁਕਤ ਸੈਰ ਸਪਾਟਾ ਮੰਤਰੀ ਵਜੋਂ ਅਲਫ਼ੌਂਸ ਕਨਥਾਨਮ ਨੇ ਸੋਮਵਾਰ
ਨੂੰ ਅਪਣਾ ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਕੇਰਲਾ ਵਿਚ ਗਊ
ਮਾਸ ਦੀ ਵਰਤੋਂ ਜਾਰੀ ਰਹੇਗੀ। ਇਹ ਫ਼ੈਸਲਾ ਕਰਨਾ ਲੋਕਾਂ ਦਾ ਕੰਮ ਹੈ ਕਿ ਉਨ੍ਹਾਂ ਨੇ ਕੀ
ਖਾਣਾ ਹੈ?
ਅੱਜ ਉਨ੍ਹਾਂ ਭਾਰਤ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਨੂੰ ਸਾਫ਼
ਸੁਨੇਹਾ ਦੇ ਦਿਤਾ ਕਿ ਜੇ ਉਹ ਬੀਫ਼ ਖਾਣਾ ਚਾਹੁੰਦੇ ਹਨ ਤਾਂ ਅਪਣੇ ਦੇਸ਼ ਵਿਚ ਖਾ ਕੇ ਭਾਰਤ
ਆਉਣ। ਅੱਜ ਜਦ ਉਹ ਉੜੀਸਾ ਵਿਚ ਸੈਰ ਸਪਾਟੇ ਨਾਲ ਜੁੜੇ ਸਮਾਗਮ ਵਿਚ ਹਿੱਸਾ ਲੈ ਰਹੇ ਸਨ
ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਗਊ ਰਖਿਅਕਾਂ ਅਤੇ ਬੀਫ਼ ਨਾਲ ਜੁੜਿਆ ਸਵਾਲ ਪੁਛਿਆ ਅਤੇ
ਕਿਹਾ ਕਿ ਸੈਰ-ਸਪਾਟੇ 'ਤੇ ਇਸ ਦਾ ਅਸਰ ਕਿਵੇਂ ਵੇਖਦੇ ਹੋ ਤਾਂ ਉਨ੍ਹਾਂ ਉਕਤ ਗੱਲ ਕਹੀ।
ਅਲਫ਼ੌਂਸ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦ ਉਨ੍ਹਾਂ ਨੇ ਹਾਲ ਹੀ ਵਿਚ ਕਿਹਾ ਸੀ ਕਿ ਕੇਰਲਾ ਦੇ ਲੋਕ ਬੀਫ਼ ਖਾ ਸਕਦੇ ਹਨ। ਅਲਫ਼ੌਂਸ ਨੂੰ ਪੁਛਿਆ ਗਿਆ ਸੀ ਕਿ ਕਈ ਰਾਜਾਂ ਵਿਚ ਹੁਣ ਗਊ ਮਾਸ 'ਤੇ ਪਾਬੰਦੀ ਲੱਗ ਗਈ ਹੈ। ਇਸ ਦਾ ਸੱਭ ਤੋਂ ਜ਼ਿਆਦਾ ਅਸਰ ਸੈਰ-ਸਪਾਟਾ ਖੇਤਰ 'ਤੇ ਪਵੇਗਾ। ਉਨ੍ਹਾਂ ਕਿਹਾ, 'ਵਿਦੇਸ਼ੀ ਸੈਲਾਨੀ ਅਪਣੇ ਦੇਸ਼ ਵਿਚ ਗਊ ਮਾਸ ਖਾ ਸਕਦੇ ਹਨ। ਭਾਰਤ ਆਉਣ ਤੋਂ ਪਹਿਲਾਂ ਉਹ ਉਥੇ ਹੀ ਗਊ ਮਾਸ ਖਾਣ।
ਮੰਤਰੀ ਬਣਦਿਆਂ ਹੀ
ਉਨ੍ਹਾਂ ਕਿਹਾ ਸੀ, 'ਭਾਜਪਾ ਨੇ ਇਹ ਕਦੇ ਨਹੀਂ ਕਿਹਾ ਕਿ ਗਊ ਮਾਸ ਨਹੀਂ ਖਾਧਾ ਜਾ ਸਕਦਾ।
ਜਿਵੇਂ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਕਹਿ ਚੁੱਕੇ ਹਨ ਕਿ ਰਾਜ ਵਿਚ ਗਊ ਮਾਸ ਦੀ
ਵਰਤੋਂ ਕੀਤੀ ਜਾ ਸਕੇਗੀ, ਉਸੇ ਤਰ੍ਹਾਂ ਕੇਰਲਾ ਵਿਚ ਵੀ ਇਹ ਜਾਰੀ ਰਹੇਗੀ। ਅਸੀਂ ਦੇਸ਼ ਦੇ
ਕਿਸੇ ਵੀ ਹਿੱਸੇ ਵਿਚ ਰਹਿਣ ਵਾਲੇ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਤੈਅ ਨਹੀਂ ਕਰ
ਸਕਦੇ। (ਏਜੰਸੀ)