
ਬੰਗਲੌਰ, 17
ਸਤੰਬਰ : ਪੱਤਰਕਾਰ ਅਤੇ ਕਾਰਕੁਨ ਗੌਰੀ ਲੰਕੇਸ਼ ਹਤਿਆਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਟੀਮ
ਨੇ ਇਸ ਮਾਮਲੇ ਵਿਚ ਲੇਖਕ ਬਿਕਰਮ ਸੰਪਤ ਦੇ ਬਿਆਨ ਦਰਜ ਕਰ ਲਏ ਹਨ।
ਉਨ੍ਹਾਂ ਦਸਿਆ,
'ਕੁੱਝ ਦਿਨ ਪਹਿਲਾਂ ਜਦ ਮੈਂ ਲੰਦਨ ਤੋਂ ਵਾਪਸ ਆਇਆ ਤਾਂ ਐਸਆਈਟੀ ਗੌਰੀ ਲੰਕੇਸ਼ ਮਾਮਲੇ
ਵਿਚ ਮੇਰਾ ਬਿਆਨ ਦਰਜ ਕਰਨ ਮੇਰੇ ਘਰ ਆਇਆ ਸੀ।' ਸੰਪਤ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ
ਹੈ ਕਿ ਐਸਆਈਟੀ ਅਧਿਕਾਰੀ ਦਾ ਰਵਈਆ 'ਰਚਨਾਤਮਕ' ਨਹੀਂ ਸੀ ਪਰ ਕਾਨੂੰਨ ਦੀ ਪਾਲਣਾ ਕਰਨ
ਵਾਲੇ ਕਿਸੇ ਵੀ ਸ਼ਹਿਰੀ ਵਾਂਗ ਮੈਂ ਜਾਂਚ ਵਿਚ ਸਹਿਯੋਗ ਕੀਤਾ।' ਉਨ੍ਹਾਂ ਕਿਹਾ ਕਿ ਐਸਆਈਟੀ
ਦੇ ਇਸ ਰਵਈਏ ਦਾ ਤਦ ਕੋਈ ਮਤਲਬ ਹੁੰਦਾ ਜਦ ਉਨ੍ਹਾਂ 55 ਸਾਲਾ ਗੌਰੀ ਵਿਰੁਧ ਕੋਈ
ਆਲੋਚਨਾਤਮਕ ਲੇਖ ਲਿਖਿਆ ਹੁੰਦਾ ਪਰ ਨਾ ਤਾਂ ਉਨ੍ਹਾਂ ਅਜਿਹਾ ਕੋਈ ਲੇਖ ਲਿਖਿਆ, ਨਾ ਹੀ ਉਸ
ਦੇ ਲੇਖਾਂ 'ਤੇ ਕੋਈ ਪ੍ਰਤੀਕਰਮ ਦਿਤਾ।
ਉਨ੍ਹਾਂ ਦੋਸ਼ ਲਾਇਆ, 'ਜੇ ਕਿਸੇ ਨੇ ਕੁੱਝ
ਕੀਤਾ ਤਾਂ ਉਹ ਗੌਰੀ ਸੀ ਜਿਸ ਨੇ ਮੈਨੂੰ ਜਨਤਕ ਤੌਰ 'ਤੇ ਬਦਨਾਮ ਕੀਤਾ ਅਤੇ ਮੈਨੂੰ
ਵਿਰੋਧੀ ਧਿਰ ਮੰਨ ਲਿਆ।' ਗੌਰੀ ਨੇ ਅਪਣੇ ਕੰਨੜ ਟੈਬਲਾਇਡ ਅਤੇ ਅੰਗਰੇਜ਼ੀ ਅਖ਼ਬਾਰਾਂ ਵਿਚ
2015 ਵਿਚ ਲੇਖਕਾਂ ਦੀ 'ਐਵਾਰਡ ਵਾਪਸੀ ਮੁਹਿੰਮ' ਦਾ ਵਿਰੋਧ ਕਰਨ ਲਈ ਸੰਪਤ ਬਾਰੇ ਕੁੱਝ
ਆਲੋਚਨਾਤਮਕ ਲੇਖ ਲਿਖੇ ਸਨ। (ਏਜੰਸੀ)