
ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਇਕ ਵੀ ਉਮੀਦਵਾਰ ਨਹੀਂ ਐਲਾਨਿਆ
Lok Sabha Elections: ਜਿਥੇ ਪੰਜਾਬ ਵਿਚ ਲੋਕ ਸਭਾ 2024 ਦੀ ਪਹਿਲੀ ਜੂਨ ਨੂੰ ਹੋਣ ਵਾਲੀ ਚੋਣ ਲਈ ਆਮ ਆਦਮੀ ਪਾਰਟੀ 13 ਵਿਚੋਂ 9 ਅਤੇ ਭਾਜਪਾ 6 ਉਮੀਦਵਾਰਾਂ ਦਾ ਐਲਾਨ ਕਰ ਕੇ ਅਪਣੀ ਚੋਣ ਮੁਹਿੰਮ ਵੀ ਅੱਗੇ ਵਧਾ ਰਹੀ ਹੈ, ਉਥੇ ਮੁੱਖ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਅਕਾਲੀ ਦਲ ਨੇ ਹਾਲੇ ਇਕ ਵੀ ਉਮੀਦਵਾਰ ਨਹੀਂ ਐਲਾਨਿਆ। ਭਾਵੇਂ ਇਨ੍ਹਾਂ ਦੋਵੇਂ ਪਾਰਟੀਆਂ ਵਿਚ ਬਹੁਤੀਆਂ ਸੀਟਾਂ ਲਈ ਨਾਵਾਂ ਉਪਰ ਸਹਿਮਤੀ ਹੋ ਜਾਣ ਦੀ ਗੱਲ ਆਖੀ ਜਾ ਰਹੀ ਹੈ ਪਰ ਕੁੱਝ ਅਹਿਮ ਸੀਟਾਂ ਉਪਰ ਅਹਿਮ ਦਾਅਵੇਦਾਰੀਆਂ ਕਾਰਨ ਉਮੀਦਵਾਰਾਂ ਬਾਰੇ ਅੰਤਮ ਫ਼ੈਸਲਾ ਲੈਣ ਵਿਚ ਦੇਰੀ ਹੋ ਰਹੀ ਹੈ। ਇਸ ਲਈ ਹਾਲੇ ਵੀ ਕਾਂਗਰਸ ਅਤੇ ਅਕਾਲੀ ਦਲ ਵਲੋਂ ਉਮੀਦਵਾਰਾਂ ਦਾ ਐਲਾਨ ਹੁੰਦਾ ਨਹੀਂ ਲੱਗ ਰਿਹਾ।
ਜੇਕਰ ਅੱਜ-ਭਲਕ ਵੀ ਇਹ ਪਾਰਟੀਆਂ ਉਮੀਦਵਾਰਾਂ ਦਾ ਐਲਾਨ ਨਹੀਂ ਕਰਦੀਆਂ ਤਾਂ ਹੋ ਸਕਦਾ ਹੈ ਕਿ ਇਹ ਅਗਲੇ ਦਿਨਾਂ ਵਿਚ ਇਕੋ ਸੂਚੀ ਵਿਚ ਹੀ ਸਾਰੇ ਉਮੀਦਵਾਰਾਂ ਐਲਾਨ ਦੇਣ ਪਰ ਪਾਰਟੀਆਂ ਅੰਦਰ ਉਮੀਦਵਾਰਾਂ ਨੂੰ ਲੈ ਕੇ ਮੰਥਨ ਜਾਰੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਅੰਦਰ ਇਸ ਸਮੇਂ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਜਲੰਧਰ ਤੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਲੁਧਿਆਣਾ ਲੋਕ ਸਭਾ ਹਲਕੇ ਤੋਂ ਸਿਮਰਜੀਤ ਸਿੰਘ ਬੈਂਸ ਦੀ ਉਮੀਦਵਾਰੀ ਅਤੇ ਅਕਾਲੀ ਦਲ ਅੰਦਰ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੰਗਰੂਰ ਲੋਕ ਸਭਾ ਹਲਕੇ ਤੋਂ ਪਰਮਿੰਦਰ ਸਿੰਘ ਢੀਂਡਸਾ ਅਤੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾਂ ਦੀ ਦਾਅਵੇਦਾਰੀ ਕਾਰਨ ਪੇਚ ਫਸੇ ਹੋਏ ਹਨ।
ਇਨ੍ਹਾਂ ਦੋਹਾਂ ਪਾਰਟੀਆਂ ਦੇ ਅੰਦਰਖਾਤੇ ਉਮੀਦਵਾਰਾਂ ਨੂੰ ਲੈ ਕੇ ਆਪਸੀ ਵਿਰੋਧਾਂ ਕਾਰਨ ਭਾਜਪਾ ਵੀ ਬਾਕੀ ਉਮੀਦਵਾਰ ਹਾਲੇ ਨਹੀਂ ਐਲਾਨ ਰਹੀ ਕਿ
ਸ਼ਾਇਦ ਕੋਈ ਹੋਰ ਵੱਡੇ ਚਿਹਰੇ ਮਿਲ ਜਾਣ। ਕਾਂਗਰਸ ਅਤੇ ਅਕਾਲੀ ਦਲ ਉਮੀਦਵਾਰਾਂ ਦੇ ਐਲਾਨ ਬਾਰੇ ਇਸ ਲਈ ਫੂਕ ਫੂਕ ਕੇ ਦਮ ਰੱਖ ਰਹੇ ਹਨ ਕਿ ਕਿਸੇ ਬਗ਼ਾਵਤ ਦਾ ਸਾਹਮਣਾ ਨਾ ਕਰਨਾ ਪਵੇ।
ਕਾਂਗਰਸ ਵਿਚ ਜਿਨ੍ਹਾਂ ਹਲਕਿਆਂ ਵਿਚ ਹਾਲੇ ਆਪਸੀ ਵਿਰੋਧਾਂ ਕਾਰਨ ਪੇਚ ਫਸਿਆ ਹੋਇਆ ਹੈ, ਉਨ੍ਹਾਂ ਵਿਚ ਸੱਭ ਤੋਂ ਪਹਿਲਾਂ ਪਟਿਆਲਾ ਹਲਕੇ ਦੀ ਗੱਲ ਕੀਤੀ ਜਾ ਸਕਦੀ ਹੈ। ‘ਆਪ’ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਪਿਛਲੇ ਦਿਨੀਂ ਕਾਂਗਰਸ ਵਿਚ ਸ਼ਾਮਲ ਹੋਏ ਹਨ ਅਤੇ ਉਸ ਤੋਂ ਬਾਅਦ ਪਟਿਆਲਾ ਹਲਕੇ ਤੋਂ ਉਨ੍ਹਾਂ ਨੂੰ ਉਮੀਦਵਾਰ ਐਲਾਨੇ ਜਾਣ ਦੇ ਹੀ ਚਰਚੇ ਚਲ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਨਵੀਂ ਦਿੱਲੀ ਵਿਚ ਪਾਰਟੀ ਹਾਈਕਮਾਨ ਨੇ ਖ਼ੁਦ ਸ਼ਾਮਲ ਕੀਤਾ ਹੈ ਅਤੇ ਪਾਰਟੀ ਪ੍ਰਧਾਨ ਖੜਗੇ ਤੋਂ ਇਲਾਵਾ ਸੋਨੀਆ ਤੇ ਰਾਹੁਲ ਗਾਂਧੀ ਨੇ ਵੀ ਅਸ਼ੀਰਵਾਦ ਦਿਤਾ ਹੈ। ਪਰ ਪਟਿਆਲਾ ਕਾਂਗਰਸ ਦੇ ਪੁਰਾਣੇ ਲਗਭਗ ਸਾਰੇ ਹੀ ਪ੍ਰਮੁੱਖ ਆਗੂ ਜਿਨ੍ਹਾਂ ਵਿਚ ਲਾਲ ਸਿੰਘ, ਹਰਦਿਆਲ ਸਿੰਘ ਕੰਬੋਜ ਅਤੇ ਮਦਨ ਲਾਲ ਜਲਾਲਪੁਰ ਸ਼ਾਮਲ ਹਨ, ਡਾ. ਗਾਂਧੀ ਦੇ ਖੁਲ੍ਹ ਕੇ ਵਿਰੋਧ ਵਿਚ ਆ ਚੁੱਕੇ ਹਨ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਵੀ ਪਟਿਆਲਾ ਹਲਕੇ ਦੇ ਆਗੂਆਂ ਨਾਲ ਮੀਟਿੰਗ ਕਰ ਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪਟਿਆਲੇ ਦੇ ਕਾਂਗਰਸੀ ਆਗੂ ਪਿਛੇ ਹਟਣ ਲਈ ਤਿਆਰ ਨਹੀਂ ਹੋ ਰਹੇ।
ਦੂਜੀ ਸੀਟ ਜਲੰਧਰ ਦੀ ਹੈ, ਜਿਥੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਹੈ ਪਰ ਸਵਰਗੀ ਆਗੂ ਚੌਧਰੀ ਸੰਤੋਖ ਸਿੰਘ ਦਾ ਪ੍ਰਵਾਰ ਖੁਲ੍ਹ ਕੇ ਉਨ੍ਹਾਂ ਦਾ ਵਿਰੋਧ ਕਰ ਰਿਹਾ ਹੈ ਅਤੇ ਬਗ਼ਾਵਤੀ ਸੁਰਾਂ ਵਿਚ ਬੋਲ ਰਿਹਾ ਹੈ। ਮੌਜੂਦਾ ਵਿਧਾਇਕ ਵਿਕਰਮਜੀਤ ਚੌਧਰੀ ਨੇ ਪਾਰਟੀ ਹਾਈਕਮਾਨ ਤਕ ਵੀ ਪਹੁੰਚ ਕੀਤੀ ਹੈ। ਉਧਰ ਚੰਨੀ ਨੂੰ ਫ਼ਤਿਹਗੜ੍ਹ ਸਾਹਿਬ ਤੋਂ ਉਤਾਰਨ ਦਾ ਫ਼ਾਰਮੂਲਾ ਵੀ ਲਿਆਂਦਾ ਜਾ ਰਿਹਾ ਹੈ ਪਰ ਉਥੇ ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ ਨੂੰ ਪਾਸੇ ਕਰਨਾ ਵੀ ਸੌਖਾ ਨਹੀਂ। ਇਸੇ ਤਰ੍ਹਾਂ ਸੰਗਰੂਰ ਲੋਕ ਸਭਾ ਹਲਕੇ ਤੋਂ ਜਿਥੇ ਸੁਖਪਾਲ ਸਿੰਘ ਖਹਿਰਾ ਨੂੰ ਉਤਾਰੇ ਜਾਣ ਦੀ ਚਰਚਾ ਹੈ ਉਥੇ ਵਿਜੈਇੰਦਰ ਸਿੰਗਲਾ ਦੀ ਅਪਣੀ ਦਾਅਵੇਦਾਰੀ ਛੱਡਣ ਨੂੰ ਤਿਆਰ ਨਹੀਂ ਲਗਦੇ। ਲੁਧਿਆਣਾ ਹਲਕੇ ਵਿਚ ਰਵਨੀਤ ਸਿੰਘ ਬਿੱਟੂ ਦੇ ਭਾਜਪਾ ਵਿਚ ਜਾਣ ਤੋਂ ਬਾਅਦ ਮਜ਼ਬੂਤ ਉਮੀਦਵਾਰ ਵਜੋਂ ਸਿਮਰਜੀਤ ਸਿੰਘ ਬੈਂਸ ਨੂੰ ਕਾਂਗਰਸ ਹਾਈਕਮਾਂਡ ਵਲੋਂ ਉਮੀਦਵਾਰ ਬਣਾਏ ਜਾਣ ਨੂੰ ਲੈ ਕੇ ਵੀ ਮਾਮਲਾ ਲਟਕਿਆ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਬੈਂਸ ਕਾਂਗਰਸ ਵਲੋਂ ਲੜਨ ਲਈ ਤਿਆਰ ਹਨ ਪ੍ਰੰਤੂ ਉਹ ਅਪਣੀ ਪਾਰਟੀ ਦੇ ਨਿਸ਼ਾਨ ’ਤੇ ਭਾਈਵਾਲ ਬਣ ਕੇ ਲੜਨਾ ਚਾਹੁੰਦੇ ਹਨ।
ਇਸੇ ਤਰ੍ਹਾਂ ਅਕਾਲੀ ਦਲ ਦੀਆਂ ਸੀਟਾਂ ਦੀ ਗੱਲ ਕਰੀਏ ਤਾਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਵਿਚ ਡਾ. ਚੀਮਾ ਅਤੇ ਪ੍ਰੋ. ਚੰਦੂਮਾਜਰਾ ਆਪੋ ਅਪਣੀ ਦਾਅਵੇਦਾਰੀ ਤੇ ਅੜ੍ਹੇ ਹਨ। ਜਿਥੇ ਡਾ. ਚੀਮਾ ਹਲਕੇ ਅੰਦਰ ਲਗਾਤਾਰ ਮੁਹਿੰਮ ਵਿਚ ਲੱਗੇ ਹਨ ਉਥੇ ਚੰਦੂਮਾਜਰਾ ਵੀ ਮੁਹਿੰਮ ਚਲਾ ਰਹੇ ਹਨ। ਪਾਰਟੀ ਲਈ ਫ਼ੈਸਲਾ ਕਰਨਾ ਔਖਾ ਹੋਇਆ ਪਿਆ ਹੈ।
ਇਸੇ ਤਰ੍ਹਾਂ ਸੰਗਰੂਰ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਪਾਰਟੀ ਵਿਚ ਵਾਪਸੀ ਕਰਨ ਵਾਲੇ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਉਣ ਦੀ ਚਰਚਾ ਚਲ ਰਹੀ ਸੀ ਪਰ ਦੂਜੇ ਪਾਸੇ ਪਾਰਟੀ ਦੀ ਕੋਰ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਝੂੰਦਾਂ ਦੀ ਟਿਕਟ ਲਈ ਜ਼ੋਰਦਾਰ ਦਾਅਵਾ ਜਤਾ ਰਹੇ ਹਨ। ਇਥੇ ਵੀ ਪਾਰਟੀ ਲਈ ਫ਼ੈਸਲਾ ਲੈਣਾ ਆਸਾਨ ਨਹੀਂ। ਕਾਂਗਰਸ ਅਤੇ ਅਕਾਲੀ ਦਲ ਵਲੋਂ ਉਮੀਦਵਾਰ ਐਲਾਨੇ ਜਾਣ ਬਾਅਦ ਹੀ ਸਿਆਸੀ ਸਮੀਕਰਨਾਂ ਨੂੰ ਲੈ ਕੇ ਅਸਲ ਤਸਵੀਰ ਸਾਫ਼ ਹੋ ਸਕੇਗੀ।