
ਜਾਣੋ ਕੀ ਹੈ ਮਾਮਲਾ
Devendra Tomar Viral Videos: ਕਾਂਗਰਸ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਡੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਨਾਲ ਜੁੜਿਆ ਇਕ ਹੋਰ ਵੀਡੀਉ ਜਾਰੀ ਕੀਤਾ ਹੈ। ਦਵਿੰਦਰ ਤੋਮਰ ਤੋਂ ਇਲਾਵਾ ਇਸ ਵੀਡੀਉ 'ਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਗੁਰਦੁਆਰਾ ਕਮੇਟੀ ਦਾ ਨਾਂਅ ਵੀ ਲਿਆ ਹੈ। ਇਸ ਵਿਵਾਦ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਨਾ ਤਾਂ ਵੀਡੀਉ ਵਿਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਜਾਣਦੇ ਹਨ ਅਤੇ ਨਾ ਹੀ ਉਹ ਕਦੇ ਮੰਤਰੀ ਤੋਮਰ ਨੂੰ ਮਿਲੇ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਮੇਰੇ ਕਾਰਜਕਾਲ ਦੌਰਾਨ ਕਮੇਟੀ ਦੇ ਬੈਂਕ ਖਾਤਿਆਂ ਵਿਚ ਕਦੇ ਵੀ 20 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਹੋਇਆ।
ਵੀਡੀਉ ਜਾਰੀ ਕਰਨ ਵਾਲੇ ਵਿਅਕਤੀ ਨੇ ਅਪਣੇ-ਆਪ ਨੂੰ ਕੈਨੇਡਾ ਵਾਸੀ ਜਗਮਨਦੀਪ ਸਿੰਘ ਦਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਪਹਿਲੀਆਂ ਵੀਡੀਉਜ਼ ਵਿਚ ਸੁਣਾਈ ਦੇਣ ਵਾਲੀ ਆਵਾਜ਼ ਉਸੇ ਦੀ ਹੈ। ਜਗਮਨਦੀਪ ਸਿੰਘ ਦਾ ਦਾਅਵਾ ਹੈ ਕਿ ਦਵਿੰਦਰ ਪ੍ਰਤਾਪ ਸਿੰਘ ਤੋਮਰ ਕੈਨੇਡਾ ’ਚ ਗਾਂਜਾ ਤੇ ਭੰਗ ਦੀ ਖੇਤੀ ’ਚ ਨਿਵੇਸ਼ ਕਰਨਾ ਚਾਹੁੰਦੇ ਸਨ ਅਤੇ ਇਸ ਮਾਮਲੇ ਵਿਚ ਹੋਏ ਪੈਸੇ ਦੇ ਲੈਣ-ਦੇਣ ਵਿਚ ਦਿੱਲੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਵੀ ਸ਼ਮੂਲੀਅਤ ਸੀ।
ਕੇਂਦਰੀ ਮੰਤਰੀ ਨਰਿੰਦਰ ਤੋਮਰ ਦੀ ਪ੍ਰਤੀਕਿਰਿਆ
ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਸ ਮਾਮਲੇ ਉਤੇ ਅਪਣਾ ਪ੍ਰਤੀਕਰਮ ਦਿੰਦਿਆਂ ਪੋਸਟ ਸਾਂਝੀ ਕੀਤੀ ਹੈ। ਉਨ੍ਹਾਂ ਇਸ ਘਟਨਾਕ੍ਰਮ ਨੂੰ ਉਨ੍ਹਾਂ ਵਿਰੁਧ ਸਾਜਸ਼ ਦਸਿਆ ਹੈ ਅਤੇ ਜਗਮਨਦੀਪ ਸਿੰਘ ਵਿਰੁਧ ਮਾਮਲਾ ਦਰਜ ਕਰਵਾਉਣ ਦੀ ਗੱਲ ਕਰਦਿਆਂ ਇਲਜ਼ਾਮਾਂ ਨੂੰ ਮੁੱਢੋ ਨਕਾਰਿਆ ਹੈ।
ਮਨਜਿੰਦਰ ਸਿੰਘ ਸਿਰਸਾ ਦਾ ਬਿਆਨ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਐਕਸ ਉਤੇ ਇਕ ਵੀਡੀਉ ਸਾਂਝੀ ਕਰਕੇ ਅਪਣਾ ਪ੍ਰਤੀਕਰਮ ਦਿਤਾ ਹੈ। ਉਨ੍ਹਾਂ ਕਿਹਾ,“ਸੋਸ਼ਲ ਮੀਡੀਆ ਉਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਨਜਿੰਦਰ ਸਿੰਘ ਸਿਰਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਵਜੋਂ ਕਈ ਕਰੋੜ ਰੁਪਏ ਪਹਿਲਾਂ ਨਕਦ ਲੈਂਦੇ ਸਨ ਤੇ ਫ਼ਿਰ ਵਿਦੇਸ਼ਾਂ ਵਿਚ ਉਹ ਪੈਸਾ ਪਹੁੰਚਾਇਆ ਜਾਂਦਾ ਸੀ। ਇਹ ਬਿਲਕੁਲ ਬੇਬੁਨਿਆਦ ਹੈ। ਗੁਰਦੁਆਰਾ ਕਮੇਟੀ ਕੋਲ ਹੁਣ ਤਕ ਵੀ ਕੁੱਲ 16 ਕਰੋੜ ਰੁਪਏ ਹਨ ਤੇ ਇਹ ਪੈਸੇ ਸਟੇਟ ਬੈਂਕ ਆਫ਼ ਇੰਡੀਆ ਵਿਚ ਹੀ ਹਨ। ਨਾ ਕਿ ਜਿਸ ਤਰ੍ਹਾਂ ਦਾਅਵਾ ਕੀਤਾ ਜਾ ਰਿਹਾ ਕਿ ਪੈਸੇ ਕਿਸੇ ਹੋਰ ਬੈਂਕ ਦੇ ਖਾਤੇ ਵਿਚ ਪਾਏ ਗਏ ਸਨ।”
All those who are circulating the unverified claims made in a viral video must understand that the annual budget of DSGMC is nearly ₹130 Cr & that video talks of ₹10,000 Cr transfer.
The video is fake from the word go!!
Gurudwara Accounts are totally transparent & can be… pic.twitter.com/VvinqCJjxn
ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੁੱਲ ਬਜਟ 130 ਕਰੋੜ ਰੁਪਏ ਹੈ ਅਤੇ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਮਾਮਲਾ 10000 ਕਰੋੜ ਰੁਪਏ ਦਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਖਾਤੇ ਪੂਰੀ ਤਰ੍ਹਾਂ ਪਾਰਦਰਸ਼ੀ ਹਨ ਅਤੇ ਕੋਈ ਵੀ ਵਿਅਕਤੀ ਜਾਂਚ ਕਰ ਸਕਦਾ ਹੈ। ਅਜਿਹੀਆਂ ਵੀਡੀਉਜ਼ ਲੋਕਾਂ ਦੀ ਆਸਥਾ 'ਤੇ ਹਮਲਾ ਕਰਦੀਆਂ ਹਨ ਅਤੇ ਸਾਡੀਆਂ ਗੁਰਦੁਆਰਾ ਸੰਸਥਾਵਾਂ ਨੂੰ ਕਮਜ਼ੋਰ ਕਰਨ ਲਈ ਵਾਇਰਲ ਕੀਤੀਆਂ ਜਾ ਰਹੀਆਂ ਹਨ। ਮੈਂ ਫਰਜ਼ੀ ਵੀਡੀਉਜ਼ ਰਾਹੀਂ ਗੁਰਦੁਆਰਾ ਸੰਸਥਾਵਾਂ ਦਾ ਨਿਰਾਦਰ ਕਰਨ ਵਾਲੇ ਹਰੇਕ ਵਿਅਕਤੀ ਵਿਰੁਧ ਮਾਣਹਾਨੀ ਦਾ ਕੇਸ ਦਰਜ ਕਰਾਵਾਂਗਾ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਤੀਕਿਰਿਆ
ਦੂਜੇ ਪਾਸੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਵੀ ਅਪਣੇ ਐਕਸ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਕਿਹਾ ਹੈ ਕਿ ਇਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਿਆਸਤ ਲਈ ਬਦਨਾਮ ਕਰਨ ਦੀ ਸਾਜ਼ਸ਼ ਹੈ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੇ ਲੋਕਾਂ ਵਿਰੁਧ ਕਾਨੂੰਨੀ ਕਾਰਵਾਈ ਕਰੇਗੀ। ਇਹ ਪਹਿਲੀ ਵਾਰ ਹੈ ਕਿ ਦੂਜੇ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਵੀ ਇਲਜ਼ਾਮ ਲਾਏ ਗਏ ਹਨ।
ਕੀ ਹੈ ਮਾਮਲਾ?
ਕਾਂਗਰਸ ਨੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਵੱਡੇ ਪੁੱਤਰ ਦਵਿੰਦਰ ਪ੍ਰਤਾਪ ਸਿੰਘ ਤੋਮਰ ਨਾਲ ਜੁੜਿਆ ਇਕ ਵੀਡੀਉ ਜਾਰੀ ਕੀਤਾ ਹੈ। ਮੰਗਲਵਾਰ ਨੂੰ ਪ੍ਰਦੇਸ਼ ਕਾਂਗਰਸ ਦੇ ਦਫ਼ਤਰ 'ਚ ਪਾਰਟੀ ਦੀ ਰਾਸ਼ਟਰੀ ਸਪੋਕਸਪਰਸਨ ਸੁਪ੍ਰਿਆ ਸ਼੍ਰੀਨੇਤ ਨੇ ਦਵਿੰਦਰ ਨਾਲ ਲੈਣ-ਦੇਣ 'ਤੇ ਚਰਚਾ ਕਰਨ ਵਾਲੇ ਵਿਅਕਤੀ ਦਾ ਵੀਡੀਉ ਦਿਖਾਇਆ। ਇਸ 'ਚ ਉਹ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਹਨ, 'ਪਿਛਲੇ ਕੁੱਝ ਦਿਨਾਂ ਤੋਂ ਚੱਲ ਰਹੀ ਵੀਡੀਉ 'ਚ ਜੋ ਵਿਅਕਤੀ ਦਵਿੰਦਰ ਤੋਮਰ ਨਾਲ ਗੱਲ ਕਰ ਰਿਹਾ ਹੈ, ਉਹ ਮੈਂ ਹਾਂ।'
ਕਾਂਗਰਸ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ 'ਚ ਸ਼੍ਰੀਨੇਤ ਨੇ ਕਿਹਾ- ਸੱਚਾਈ ਦਾ ਪਤਾ ਲਗਾਉਣਾ ਜਾਂਚ ਏਜੰਸੀਆਂ ਦਾ ਕੰਮ ਹੈ ਪਰ ਸਰਕਾਰ ਕਿਸ ਗੱਲ ਦੀ ਉਡੀਕ ਕਰ ਰਹੀ ਹੈ? ਇਨ੍ਹਾਂ ਲੋਕਾਂ ਨੇ ਕੈਨੇਡਾ ਵਿਚ 100 ਏਕੜ ਬੇਨਾਮੀ ਜ਼ਮੀਨ ਖਰੀਦੀ ਹੈ। ਇਸ ਦੇ ਛਿੱਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤਕ ਪਹੁੰਚ ਰਹੇ ਹਨ। ਤੋਮਰ ਪ੍ਰਵਾਰ ਭੰਗ ਦੀ ਖੇਤੀ ਨਾਲ ਜੁੜਿਆ ਹੋਇਆ ਹੈ। ਉਹ ਇਸ ਵਿਚ ਹੋਰ ਪੈਸਾ ਲਗਾਉਣਾ ਚਾਹੁੰਦੇ ਹਨ।